ਕਿਸਾਨ, ਖੇਤ ਮਜ਼ਦੂਰ ਤੇ ਮੁਲਾਜਮ ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਕੀਤੇ ਨਿੱਜੀਕਰਨ ਵਿਰੋਧੀ ਮੁਜ਼ਾਹਰੇ

TeamGlobalPunjab
4 Min Read

ਚੰਡੀਗੜ੍ਹ : ਕੇਂਦਰ ਦੀ ਭਾਜਪਾ ਸਰਕਾਰ ਸਮੇਤ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਵਿਰੁੱਧ ਅੱਜ ਵੱਖ-ਵੱਖ ਟ੍ਰੇਡ ਯੂਨੀਅਨਾਂ/ਪਲੇਟਫਾਰਮਾਂ ਵੱਲੋਂ ਕੀਤੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੀ.ਟੀ.ਐਫ., ਟੀ.ਐਸ.ਯੂ. (ਭੰਗਲ), ਨੌਜਵਾਨ ਭਾਰਤ ਸਭਾ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ, ਪਾਵਰ ਕੌਮ ਐਂਡ ਟਰਾਸਕੋ ਕੰਟਰੈਕਟ ਵਰਕਰ ਯੂਨੀਅਨ, ਗੁਰੂ ਹਰਗੋਬਿੰਦ ਥਰਮਲ ਪਲਾਂਟ ਕੰਟਰੈਕਟਰ ਵਰਕਰ ਯੂਨੀਅਨ, ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਤੇ ਹੋਰਨਾਂ ਜਨਤਕ ਜਥੇਬੰਦੀਆਂ ਵੱਲੋਂ ਬਠਿੰਡਾ-ਚੰਡੀਗੜ੍ਹ ਰੋਡ ’ਤੇ ਲਹਿਰਾ ਮੁਹੱਬਤ ਵਿਖੇ ਜਾਮ ਲਾਉਣ ਤੋਂ ਇਲਾਵਾ ਪੰਜਾਬ ਭਰ ’ਚ 17 ਸ਼ਹਿਰਾਂ ਤੇ ਕਸਬਿਆਂ ’ਚ ਰੋਸ ਮੁਜਾਹਰੇ ਕੀਤੇ ਗਏ।

ਇਹ ਜਾਣਕਾਰੀ ਬੀ.ਕੇ.ਯੂ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਜ਼ਿਲ੍ਹਾ ਹੈਡਕੁਆਟਰ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਰਨਾਲਾ, ਫਰੀਦਕੋਟ ਤੇ ਫਾਜਲਿਕਾ ਤੋਂ ਇਲਾਵਾ ਚੰਨੋ (ਸੰਗਰੂਰ), ਨਿਹਾਲ ਸਿੰਘ ਵਾਲਾ (ਮੋਗਾ), ਅਜਨਾਲਾ (ਅੰਮ੍ਰਿਤਸਰ), ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ), ਸਮਾਣਾ (ਪਟਿਆਲਾ), ਜ਼ੀਰਾ, ਜਲਾਲਾਬਾਦ, ਦੋਰਾਹਾ ਤੇ ਲੰਬੀ ਵਿਖੇ ਰੋਸ ਮੁਜ਼ਾਹਰੇ ਕੀਤੇ ਗਏ।

ਉਹਨਾਂ ਦੱਸਿਆ ਕਿ ਇਹਨਾਂ ਇਕੱਠਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ, ਜੋਰਾ ਸਿੰਘ ਨਸਰਾਲੀ, ਦਿਗਵਿਜੈਪਾਲ ਸ਼ਰਮਾਂ, ਪ੍ਰਮੋਦ ਕੁਮਾਰ, ਅਸ਼ਵਨੀ ਕੁਮਾਰ ਘੁੱਦਾ, ਜਗਰੂਪ ਸਿੰਘ, ਬਲਿਹਾਰ ਸਿੰਘ, ਵਰਿੰਦਰ ਸਿੰਘ ਮੋਮੀ ਤੇ ਡਾ. ਮਨਜਿੰਦਰ ਸਿੰਘ ਸਰਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਖਿਆ ਕਿ ਸਾਮਰਾਜੀਆਂ, ਜਗੀਰਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀਆਂ ਨੁੰਮਾਇਦਾ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਨਿੱਜੀਕਰਨ ਦੇ ਹੱਲੇ ਨੂੰ ਅੱਗੇ ਵਧਾਉਂਦਿਆਂ ਕਿਰਤ ਕਾਨੂੰਨਾਂ ’ਚ ਸੋਧਾਂ ਕਰਕੇ ਲੁਟੇਰੇ ਸਰਮਾਏਦਾਰਾਂ ਨੂੰ ਕਿਰਤੀਆਂ ਦੀ ਹੋਰ ਰੱਤ ਨਿਚੋੜਨ ਦੀਆਂ ਹੋਰ ਵਧੇਰੇ ਛੋਟਾਂ ਦੇ ਦਿੱਤੀਆਂ ਹਨ। ਦੇਸ਼ ਦੇ ਜਲ-ਜੰਗਲ, ਜ਼ਮੀਨਾਂ, ਬਿਜਲੀ, ਵਿੱਦਿਆ, ਸਿਹਤ, ਟਰਾਂਸਪੋਰਟ, ਰੇਲਵੇ, ਬੈਂਕਾਂ, ਬੀਮਾਂ, ਪੈਟਰੋਲੀਅਮ ਤੇ ਪ੍ਰਚੂਨ ਬਜਾਰ ਵਰਗੇ ਸਭ ਖੇਤਰ ਨਿੱਜੀ ਧੜਵੈਲ ਕੰਪਨੀਆਂ ਦੇ ਹਵਾਲੇ ਕਰਨ ਦੇ ਕਦਮ ਹੋਰ ਤੇਜ਼ ਕਰ ਦਿੱਤੇ ਹਨ। ਪੱਕੇ ਰੁਜਗਾਰ ਦੀ ਥਾਂ ਠੇਕਾ ਪ੍ਰਨਾਲੀ ਲਾਗੂ ਕਰ ਦਿੱਤੀ ਹੈ ਅਤੇ ਖੇਤੀ ਖੇਤਰ ’ਚ ਸਰਕਾਰੀ ਖਰੀਦ ਬੰਦ ਕਰਨ ਤੇ ਠੇਕਾ ਖੇਤੀ ਨੀਤੀ ਲਾਗੂ ਕਰਨ ਵਰਗੇ ਕਦਮ ਲਏ ਗਏ ਹਨ। ਇਸ ਅਖੌਤੀ ਵਿਕਾਸ ਮਾਡਲ ਦੇ ਸਿੱਟੇ ਵਜੋਂ ਆਏ ਦਿਨ ਖੁਦਕੁਸ਼ੀਆਂ ਦਾ ਵਰਤਰਾ ਤੇਜ ਹੋ ਰਿਹਾ ਹੈ। ਜਦੋਂ ਕਿ ਇਸ ਲੋਕ ਵਿਰੋਧੀ ਵਿਕਾਸ ਮਾਡਲ ਖਿਲਾਫ਼ ਉੱਠਦੇ ਤੇ ਵਧਦੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਹਕੂਮਤਾਂ ਵੱਲੋਂ ਨਿੱਤ ਦਿਨ ਜਾਬਰ ਤੇ ਕਾਲੇ ਘੜੇ ਜਾ ਰਹੇ ਹਨ ਅਤੇ ਪਹਿਲਿਆਂ ਕਾਨੂੰਨਾਂ ਦੇ ਦੰਦੇ ਹੋਰ ਤਿੱਖੇ ਕੀਤੇ ਜਾ ਰਹੇ ਹਨ। ਫਿਰਕੂ ਜਾਨੂੰਨ ਤੇ ਕੌਮੀ ਸ਼ਾਵਨਵਾਦ ਨੂੰ ਭੜਕਾਕੇ ਲੋਕਾਂ ’ਚ ਵੰਡੀਆਂ ਪਾਉਣ ਦੀਆਂ ਚਾਲਾਂ ਹੋਰ ਤੇਜ਼ ਕਰ ਦਿੱਤੀਆਂ ਹਨ।

 ਉਹਨਾਂ ਮੰਗ ਕੀਤੀ ਕਿ ਨਿੱਜੀਕਰਨ ਦੇ ਸਭ ਕਦਮ ਵਾਪਸ ਲਏ ਜਾਣ, ਸਭਨਾਂ ਲਈ ਪੱਕਾ ਰੁਜਗਾਰ, ਗੁਜਾਰੇ ਜੋਗ ਉਜਰਤਾਂ ਤੇ ਮਨ ਸਨਮਾਨ ਵਾਲੀਆਂ ਸੇਵਾ ਸਰਤਾਂ ਦੀ ਨੀਤੀ ਲਾਗੂ ਕੀਤੀ ਜਾਵੇ, ਜ਼ਮੀਨਾਂ ਖੋਹਣ ਦਾ ਹੱਲਾ ਬੰਦ ਕੀਤਾ ਜਾਵੇ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਖਤਮ ਕੀਤੇ ਜਾਣ ਅਤੇ ਖੇਤੀ ’ਚੋਂ ਜਗੀਰੂ ਤੇ ਸਾਮਰਾਜੀ ਲੁੱਟ ਬੰਦ ਕਰਕੇ ਇਸਨੂੰ ਮਜ਼ਦੂਰ-ਕਿਸਾਨ ਤੇ ਲੋਕ ਪੱਖੀ ਲੀਹਾਂ ’ਤੇ ਵਿਕਸਤ ਕੀਤਾ ਜਾਵੇ। ਉਹਨਾਂ ਨਿੱਜੀਕਰਨ ਦੇ ਹੱਲੇ ਖਿਲਾਫ਼ ਸੰਘਰਸ਼ ਦੇ ਮੈਦਾਨ ’ਚ ਉਤਰੇ ਸਭਨਾਂ ਕਿਰਤੀਆਂ ਨੂੰ ਸੱਦਾ ਦਿੱਤਾ ਕਿ ਉਹ ਵਿਸ਼ਾਲ ਤੇ ਜੁਝਾਰ ਸੰਘਰਸ਼ਾਂ ਦੇ ਰਾਹ ਅੱਗੇ ਵਧਦੇ ਹੋਏ ਉਹਨਾਂ ਸਭਨਾਂ ਸਿਆਸੀ ਪਾਰਟੀਆਂ ਤੋਂ ਖਬਰਦਾਰ ਰਹਿਣ ਜੋ ਢਿੱਡੋ-ਚਿੱਤੋਂ ਨਿੱਜੀਕਰਨ ਦੀਆਂ ਹਮੈਤੀ ਹਨ ਪਰ ਅੱਜ ਸਿਰਫ਼ ਸਤਾ ਤੋਂ ਬਾਹਰ ਹੋਣ ਕਾਰਨ ਹੀ ਨਿੱਜੀਕਰਨ ਵਿਰੋਧੀ ਹੋਕਰੇ ਮਾਰ ਰਹੀਆਂ ਹਨ। ਇਸ ਮੌਕੇ ਜੇ.ਐਨ.ਯੂ. ’ਚ ਏ.ਬੀ.ਵੀ.ਪੀ. ਦੇ ਗੁੰਡਿਆਂ ਵੱਲੋਂ ਆਰ.ਐਸ.ਐਸ. ਤੇ ਭਾਜਪਾ ਹਕੂਮਤ ਦੀ ਸ਼ਹਿ ’ਤੇ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਜਾਨ ਲੇਵਾ ਹਮਲਾ ਕਰਨ ਅਤੇ ਉਲਟਾ ਕੇਸ ਵੀ ਪੀੜਤ ਵਿਦਿਆਰਥੀ ਆਗੂਆਂ ਉੱਤੇ ਹੀ ਦਰਜ ਕਰਨ ਖਿਲਾਫ਼ ਵੀ ਮਤੇ ਪਾਸ ਕੀਤੇ ਗਏ।

Share This Article
Leave a Comment