ਕਿਸਾਨਾਂ ਲਈ ਮੁੱਲਵਾਨ ਨੁਕਤੇ – ਪਾਣੀ ਦੀ ਬੱਚਤ ਲਈ ਬਹਾਰ ਰੁੱਤ ਦੀ ਮੱਕੀ ਦੀ ਬਜਾਏ ਗਰਮ ਰੁੱਤ ਦੀ ਮੂੰਗੀ ਬੀਜੋ

TeamGlobalPunjab
6 Min Read

-ਰਾਜ ਕੁਮਾਰ ਅਤੇ ਅਜਮੇਰ ਸਿੰਘ ਬਰਾੜ

ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਲਗਾਤਾਰ ਨੀਵਾਂ ਹੋਣਾ ਇੱਕ ਚਿੰਤਾਜਨਕ ਵਿਸ਼ਾ ਹੈ। ਇਸ ਸਮੇਂ ਰਾਜ ਦੇ ਲਗਭਗ 80 ਪ੍ਰਤੀਸ਼ਤ ਬਲਾਕ ਧਰਤੀ ਹੇਠਲੇ ਪਾਣੀ ਦੀ ਲੋੜੋਂ ਵੱਧ ਵਰਤੋਂ ਹੋਣ ਕਰਕੇ ਗੰਭੀਰ ਸਥਿਤੀ ਵਿੱਚ ਆ ਚੁੱਕੇ ਹਨ। ਇਹੋ ਜਿਹੀ ਅਜੀਬ ਸਥਿਤੀ ਦੇ ਬਾਵਜੂਦ ਕਈ ਕਿਸਾਨ, ਸੂਬੇ ਦੇ ਮਹੱਤਵਪੂਰਨ ਕੁਦਰਤੀ ਸੋਮੇ ਧਰਤੀ ਹੇਠਲੇ ਪਾਣੀ ਦੀ ਪਰਵਾਹ ਕੀਤੇ ਬਿਨਾਂ ਹਰ ਸਾਲ ਫਰਵਰੀ ਤੋਂ ਜੂਨ ਮਹੀਨਿਆਂ ਦਰਮਿਆਨ ਆਲੂ ਅਤੇ ਮਟਰ ਦੀ ਫਸਲ ਤੋਂ ਬਾਅਦ ਬਹਾਰ ਰੁੱਤੀ ਮਕੀ ਦੀ ਕਾਸ਼ਤ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਇਲਾਵਾ, ਅਪ੍ਰੈਲ ਤੋਂ ਜੂਨ ਦੇ ਮਹੀਨਿਆਂ ਦੌਰਾਨ ਵਾਯੂਮੰਡਲ ਵਿੱਚ ਬਹੁਤ ਜ਼ਿਆਦਾ ਵਾਸ਼ਪੀਕਰਨ ਹੋਣ ਕਾਰਨ ਇਸ ਫ਼ਸਲ ਲਈ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੋ ਜਾਂਦੀ ਹੈ।

ਖੇਤੀ ਸੈਕਟਰ ਨੂੰ ਮੁਫਤ ਬਿਜਲੀ ਹੋਣ ਕਾਰਨ ਬਹਾਰ ਰੁਤ ਦੀ ਮਕੀ ਨੂੰ ਪਾਲਣ ਲਈ ਸਿੰਚਾਈ ਵਾਲੇ ਪਾਣੀ ਦੀ ਲਾਗਤ ਨੂੰ ਧਿਆਨ ਵਿਚ ਨਹੀਂ ਰਖਿਆ ਜਾਂਦਾ। ਇਸ ਲਈ ਕਿਸਾਨਾਂ ਨੂੰ ਇਸ ਮੌਸਮ ਵਿਚ ਫਸਲਾਂ ਦੀ ਚੋਣ ਕਰਨ ਲਈ ਸੂਝਵਾਨ ਹੋਣਾ ਚਾਹੀਦਾ ਹੈ ਕਿਉਂਕਿ ਰਾਜ ਵਿਚ ਧਰਤੀ ਹੇਠਲੇ ਪਾਣੀ ਦਾ ਪਧਰ ਹਰ ਸਾਲ ਹੇਠਾਂ ਜਾ ਰਿਹਾ ਹੈ। ਨਤੀਜੇ ਵਜੋਂ, ਕਿਸਾਨਾਂ ਨੂੰ ਆਪਣੇ ਟਿਊਬਵੈਲ ਹੋਰ ਡੂੰਘੇ ਕਰਨ ਲਈ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ। ਇਸ ਲਈ ਸਮੇਂ ਦੀ ਲੋੜ ਮੁਤਾਬਿਕ ਗਰਮ ਰੁਤ ਦੀ ਮੂੰਗੀ ਵਰਗੀਆਂ ਥੋੜ੍ਹੇ ਸਮੇਂ ਦੀਆਂ ਫਸਲਾਂ ਉਗਾ ਕੇ ਪਾਣੀ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਗਰਮ ਰੁੱਤ ਦੀ ਮੂੰਗੀ ਇਕ ਦਾਲ ਵਾਲੀ ਫ਼ਸਲ ਹੋਣ ਕਾਰਨ ਕੁਦਰਤੀ ਤੌਰ ਤੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਮਿਟੀ ਵਿਚ ਜਜ਼ਬ ਕਰਨ ਵਿਚ ਇਕ ਵਿਲੱਖਣ ਭੂਮਿਕਾ ਨਿਭਾਉਂਦੀ ਹੈ। ਇਹ ਜਜ਼ਬ ਕੀਤੀ ਨਾਈਟ੍ਰੋਜਨ ਨਾਲ ਨਾ ਸਿਰਫ ਇਸਦੀ ਆਪਣੀ ਖੁਦ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਬਲਕਿ ਅਗਲੀ ਫ਼ਸਲ ਲਈ ਵੀ ਨਾਈਟ੍ਰੋਜਨ ਮੌਜੂਦ ਰਹਿੰਦੀ ਹੈ।

ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤ ਦੀ ਮੱਕੀ ਦਾ ਤੁਲਨਾਤਮਕ ਵਿਸ਼ਲੇਸ਼ਣ
ਪੰਜਾਬ ਵਿੱਚ ਗਰਮ ਰੁੱਤ ਦੀ ਮੂੰਗੀ ਅਤੇ ਬਹਾਰ ਰੁੱਤੀ ਮੱਕੀ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਕੇ ਵੇਖਿਆ ਗਿਆ ਕਿ ਬਹਾਰ ਰੁੱਤੀ ਮਕੀ ਦੀ ਕਾਸ਼ਤ ਉਪਰ 16908 ਰੁਪਏ ਪ੍ਰਤੀ ਏਕੜ ਖਰਚਾ ਆਉਂਦਾ ਹੈ, ਜਦਕਿ ਮੂੰਗੀ ਦੀ ਕਾਸ਼ਤ ਲਈ ਇਹ ਖਰਚ ਸਿਰਫ 8947 ਰੁਪਏ ਪ੍ਰਤੀ ਏਕੜ ਹੈ। ਇੱਥੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਬਹਾਰ ਰੁੱਤੀ ਮੱਕੀ ਦੀ ਕਾਸ਼ਤ ਲਈ ਘੱਟੋ-ਘੱਟ 12 ਸਿੰਚਾਈਆਂ ਦੀ ਜ਼ਰੂਰਤ ਹੁੰਦੀ ਹੈ ਪਰ ਸਰਵੇਖਣ ਦੌਰਾਨ ਇਹ ਦੇਖਿਆ ਗਿਆ ਹੈ ਕਿ ਕਿਸਾਨ ਇਸਨੂੰ 18 ਤੋਂ ਵੀ ਵੱਧ ਪਾਣੀ ਲਾਉਂਦੇ ਹਨ। ਦੂਜੇ ਪਾਸੇ ਗਰਮ ਰੁੱਤ ਦੀ ਮੂੰਗੀ ਲਈ ਸਿਰਫ 3-4 ਸਿੰਚਾਈਆਂ ਦੀ ਹੀ ਲੋੜ ਪੈਂਦੀ ਹੈ। ਇਸ ਲਈ ਬਹਾਰ ਰੁੱਤੀ ਮੱਕੀ ਦੀ ਕਾਸ਼ਤ ਦੀ ਬਜਾਏ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਨਾਲ ਰਾਜ ਦੇ ਬਹੁਮੁੱਲੇ ਸੋਮੇ ਪਾਣੀ ਅਤੇ ਊਰਜਾ ਦੀ ਬੱਚਤ ਹੋ ਸਕਦੀ ਹੈ। ਗਰਮ ਰੁੱਤ ਦੀ ਮੂੰਗੀ 60-65 ਦਿਨਾਂ ਦੀ ਘੱਟ ਸਮਾਂ ਲੈਣ ਵਾਲੀ ਫਸਲ ਹੈ ਜਦੋਂ ਕਿ ਬਹਾਰ ਰੁੱਤ ਦੀ ਮੱਕੀ ਲਗਭਗ 115-120 ਦਿਨਾਂ ਵਿਚ ਪੱਕਦੀ ਹੈ ਜਿਸ ਕਰਕੇ ਬਹਾਰ ਰੁੱਤ ਦੀ ਮੱਕੀ ਨੂੰ ਗਰਮ ਰੁੱਤ ਦੀ ਮੂੰਗੀ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਪਾਣੀ ਲਾਉਣ ਦੀ ਲੋੜ ਪੈਂਦੀ ਹੈ। ਹਾਲਾਂਕਿ ਬਹਾਰ ਰੁੱਤ ਦੀ ਮੱਕੀ ਤੋਂ ਕੁੱਲ ਬੱਚਤ ਗਰਮ ਰੁੱਤ ਦੀ ਮੂੰਗੀ ਨਾਲੋਂ ਵਧੇਰੇ ਹੈ ਪਰ ਜਦੋਂ ਅਸੀਂ ਪਾਣੀ ਦੀ ਉਤਪਾਦਕਤਾ ਤੇ ਗੌਰ ਕਰਦੇ ਹਾਂ ਤਾਂ ਪਲੜਾ ਗਰਮ ਰੁੱਤ ਦੀ ਮੂੰਗੀ ਦਾ ਭਾਰੀ ਹੋ ਜਾਂਦਾ ਹੈ। ਦੋਵਾਂ ਫਸਲਾਂ ਦੀ ਪਾਣੀ ਦੀ ਜ਼ਰੂਰਤ ਵਿਚ ਭਾਰੀ ਅੰਤਰ ਹੋਣ ਕਾਰਨ ਪ੍ਰਤੀ ਘਣ ਮੀਟਰ ਪਾਣੀ ਦੀ ਵਰਤੋਂ ਪਿੱਛੇ ਗਰਮ ਰੁੱਤ ਦੀ ਮੂੰਗੀ ਤੋਂ 21.52 ਰੁਪਏ ਅਤੇ ਬਹਾਰ ਰੁੱਤ ਦੀ ਮੱਕੀ ਤੋਂ 14.65 ਰੁਪਏ ਦੀ ਵਸੂਲੀ ਹੁੰਦੀ ਹੈ। ਸੌਖੇ ਸਬਦਾਂ ਵਿਚ ਕਹਿ ਲਿਆ ਜਾਵੇ ਤਾਂ ਬਹਾਰ ਰੁਤ ਦੀ ਮਕੀ ਤੋਂ 1000 ਰੁਪਏ ਕਮਾਉਣ ਲਈ 68.3 ਘਣ ਮੀਟਰ ਤਕ ਪਾਣੀ ਲਾਇਆ ਜਾਂਦਾ ਹੈ ਜਦ ਕਿ ਗਰਮ ਰੁਤ ਦੀ ਮੂੰਗੀ ਵਿੱਚ ਇਹ ਖਪਤ 46.5 ਘਣ ਮੀਟਰ ਤਕ ਸੀਮਿਤ ਹੈ। ਇਸ ਤਰ੍ਹਾਂ ਬਹਾਰ ਰੁਤ ਦੀ ਮਕੀ ਦੀ ਜਗ੍ਹਾ ਗਰਮ ਰੁਤ ਦੀ ਮੂੰਗੀ ਦੀ ਕਾਸਤ ਰਾਜ ਦੇ ਬਹੁਮੁੱਲੇ ਸਰੋਤਾਂ (ਪਾਣੀ ਅਤੇ ਬਿਜਲੀ) ਦੀ ਸੰਭਾਲ ਵਿਚ ਸਹਾਇਤਾ ਕਰ ਸਕਦੀ ਹੈ। ਇਹ ਦੱਸਣਾ ਵੀ ਮਹੱਤਵਪੂਰਨ ਹੈ ਕਿ ਮੂੰਗੀ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿਚ ਮਿਲਾਉਣ ਤੋਂ ਬਾਅਦ ਬੀਜੀ ਗਈ ਅਗਲੀ ਝੋਨੇ ਦੀ ਫਸਲ ਵਿੱਚ 35 ਕਿਲੋਗ੍ਰਾਮ ਪ੍ਰਤੀ ਏਕੜ ਯੂਰੀਆ ਦੀ ਬਚਤ ਵੀ ਹੁੰਦੀ ਹੈ।

- Advertisement -

ਸਿੱਟਾ: ਗਰਮ ਰੁਤ ਦੀ ਮੂੰਗੀ ਇਕ ਦਾਲ ਵਾਲੀ ਫਸਲ ਹੋਣ ਕਾਰਨ ਧਰਤੀ ਵਿਚ ਹਵਾ ਵਿਚਲੀ ਨਾਈਟ੍ਰੋਜਨ ਨੂੰ ਜਜ਼ਬ ਕਰਕੇ ਮਿੱਟੀ ਦੀ ਉਪਜਾਊ ਸਕਤੀ ਨੂੰ ਬਣਾਈ ਰੱਖਣ ਵਿਚ ਸਹਾਇਤਾ ਕਰਦੀ ਹੈ। ਦੂਜੇ ਪਾਸੇ ਬਹਾਰ ਰੁੱਤ ਦੀ ਮੱਕੀ ਦੀ ਨਿਰੰਤਰ ਕਾਸਤ ਧਰਤੀ ਹੇਠਲੇ ਪਾਣੀ ਦੇ ਨਿਘਾਰ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਖੇਤੀ ਲਈ ਬਿਜਲੀ ਮੁਫਤ ਹੋਣ ਕਰਕੇ ਇਹ ਰਾਜ ਸਰਕਾਰ ’ਤੇ ਵੀ ਵਿੱਤੀ ਬੋਝ ਪਾਉਂਦੀ ਹੈ। ਇਸ ਕਰਕੇ ਕਿਸਾਨਾਂ ਨੂੰ ਬਹਾਰ ਰੁਤ ਦੀ ਮਕੀ ਦੀ ਕਾਸਤ ਕਰਨ ਤੋਂ ਪਹਿਲਾਂ ਇੱਕ ਵਾਰ ਵਿਚਾਰ ਲੈਣਾ ਚਾਹੀਦਾ ਹੈ। ਸਿੱਟੇ ਵਜੋਂ, ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਚ, ਖਾਸ ਕਰਕੇ ਕੇਂਦਰੀ ਮੈਦਾਨੀ ਇਲਾਕਿਆਂ ਵਿੱਚ, ਝੋਨੇ-ਆਲੂ-ਬਹਾਰ ਰੁੱਤ ਦੀ ਮੱਕੀ ਦੇ ਮੌਜੂਦਾ ਫਸਲੀ ਚੱਕਰ ਨੂੰ ਝੋਨਾ-ਆਲੂ-ਗਰਮ ਰੱਤ ਦੀ ਮੂੰਗੀ ਨਾਲ ਤਬਦੀਲ ਕਰਨ ਦੀ ਲੋੜ ਹੈ ਤਾਂ ਜੋ ਕਿ ਭਵਿੱਖ ਲਈ ਪਾਣੀ ਅਤੇ ਊਰਜਾ ਵਰਗੇ ਸਰੋਤਾਂ ਦੀ ਸੰਭਾਲ ਕੀਤੀ ਜਾ ਸਕੇ।

Share this Article
Leave a comment