ਕਾਂਗਰਸ : ਆਜ ਮੇਰੇ ਪਾਸ ਸਰਕਾਰ ਹੈ, ਪੁਲਿਸ ਹੈ, ਲੋਕ ਹੈਂ, ਸਰਕਾਰੀ ਮਸ਼ਿਨਰੀ ਹੈ, ਤੁਮਾਰੇ ਪਾਸ ਕਿਆ ਹੈ?… ਅਕਾਲੀ : ਹਮਾਰੇ ਪਾਸ ਚੋਣ ਕਮਿਸ਼ਨ ਹੈ!

TeamGlobalPunjab
5 Min Read

ਚੰਡੀਗੜ੍ਹ : ਕਈ ਸਾਲ ਪਹਿਲਾਂ ਬਾਲੀਵੁੱਡ ਦੀ ਇੱਕ ਫਿਲਮ ਆਈ ਸੀ ਦੀਵਾਰ”। ਇਸ ਫਿਲਮ ਦਾ ਇੱਕ ਸੀਨ ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਅਤੇ ਫਿਲਮ ‘ਚ ਉਸ ਦੇ ਇੰਸਪੈਕਟਰ ਭਰਾ ਸ਼ਸ਼ੀ ਕਪੂਰ ਦਰਮਿਆਨ ਫਿਲਮਾਇਆ ਗਿਆ ਸੀ, ਜਿਸ ਵਿੱਚ ਅਮਿਤਾਭ ਬਚਨ ਆਪਣੇ ਭਰਾ ਸ਼ਸ਼ੀ ਕਪੂਰ ਨੂੰ ਪੁੱਛਦਾ ਹੈ, ਆਜ ਮੇਰੇ ਪਾਸ ਗਾੜੀ ਹੈ, ਬੰਗਲਾ ਹੈ, ਬੈਂਕ ਬੈਲੰਸ ਹੈ, ਤੁਮਾਰੇ ਪਾਸ ਕਿਆ ਹੈ? ਅੱਗੋਂ ਸ਼ਸ਼ੀ ਕਪੂਰ ਜਵਾਬ ਦਿੰਦਾ ਹੈ,ਮੇਰੇ ਪਾਸ ਮਾਂ ਹੈ ਕੁਝ ਇਹੋ ਹਾਲ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੋ ਰਿਹਾ ਹੈ। ਜਿਸ ਵਿੱਚ ਫਰਕ ਸਿਰਫ ਇੰਨਾ ਹੈ ਕਿ ਸ਼ਾਇਦ ਅਮਿਤਾਭ ਬਚਨ ਦੇ ਡਾਇਲਾਗ ਕਾਂਗਰਸ ਪਾਰਟੀ ਕੋਲ ਹਨ, ਜੋ ਕਿ ਅਕਾਲੀ ਦਲ ਨੂੰ ਪੁੱਛਦੇ ਪ੍ਰਤੀਤ ਹੁੰਦੇ ਹਨ ਕਿ, ਆਜ ਮੇਰੇ ਪਾਸ ਸਰਕਾਰ ਹੈ, ਪੁਲਿਸ ਹੈ, ਲੋਕ ਹੈਂ, ਸਰਕਾਰੀ ਮਸ਼ਿਨਰੀ ਹੈ, ਤੁਮਾਰੇ ਪਾਸ ਕਿਆ ਹੈ?ਤੇ ਅੱਗੋਂ ਅਕਾਲੀ ਦਲ ਕਹਿੰਦਾ ਦਿਖਾਈ ਦਿੰਦਾ ਹੈ, ਮੇਰੇ ਪਾਸ ਚੋਣ ਕਮਿਸ਼ਨ ਹੈ ਜੀ ਹਾਂ ਜੇਕਰ ਤਾਜੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਇਹ ਇੰਨ ਬਿੰਨ ਸੱਚ ਨਜ਼ਰ ਆਉਂਦਾ ਹੈ। ਜਿਸ ਵਿੱਚ ਜਦੋਂ ਕਾਂਗਰਸ ਸਰਕਾਰ ਨੇ ਸਰਕਾਰੀ ਮਸ਼ਿਨਰੀ, ਪੁਲਿਸ ਅਤੇ ਵਿਰੋਧੀਆਂ ਦੇ ਸਾਥ ਨਾਲ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਵਿੱਚ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਅਕਾਲੀ ਦਲ ਹਰ ਵਾਰ ਚੋਣ ਕਮਿਸ਼ਨ ਦੀ ਸ਼ਰਨ ਵਿੱਚ ਜਾ ਪਹੁੰਚਿਆ। ਜਿਸ ਰਾਹੀਂ ਇੱਕ ਵਾਰ ਤਾਂ ਲੰਘੀਆਂ ਚੋਣਾਂ ਤੋਂ ਪਹਿਲਾਂ ਅਕਾਲੀਆਂ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਸ ਕੇਸ ‘ਚੋਂ ਤਬਾਦਲਾ ਵੀ ਕਰਵਾ ਦਿੱਤਾ ਸੀ, ਪਰ ਕੈਪਟਨ ਸਰਕਾਰ ਨੇ ਚੋਣਾਂ ਖਤਮ ਹੁੰਦਿਆਂ ਹੀ ਕੁੰਵਰ ਵਿਜੇ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਮੁੜ ਸਰਗਰਮ ਕਰ ਦਿੱਤਾ। ਇਹ ਦੇਖਦਿਆਂ ਹੀ ਅਕਾਲੀ ਫਿਰ ਚੋਣ ਕਮਿਸ਼ਨ ਕੋਲ ਜਾ ਵੱਜੇ, ਤੇ ਹੁਣ ਕਮਿਸ਼ਨ ਨੇ ਵੀ ਅਕਾਲੀਆਂ ਦੀ ਸ਼ਿਕਾਇਤ ‘ਤੇ ਕੈਪਟਨ ਸਰਕਾਰ ਨੂੰ ਅਜਿਹੀ ਝਾੜ ਪਾਈ ਹੈ ਕਿ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਚੋਣ ਕਮਿਸ਼ਨ ਕੋਲੋਂ ਬਿਨਾਂ ਸ਼ਰਤ ਮਾਫੀ ਮੰਗਣੀ ਪਈ ਹੈ। ਕਿਉਂ? ਯਾਦ ਆ ਗਿਆ ਨਾ ਦੀਵਾਰਫਿਲਮ ਦਾ ਉਹ ਸੀਨ… ਮੇਰੇ ਪਾਸ ਮਾਂ ਹੈ”!

ਦੱਸ ਦਈਏ ਕਿ ਲੰਘੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾਂ, ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਕੁਝ ਹੋਰ ਆਗੂਆਂ ਨੇ ਇੱਕ ਪੱਤਰਕਾਰ ਸੰਮੇਲਨ ਕਰਕੇ ਇਹ ਦਾਅਵਾ ਕੀਤਾ ਸੀ ਕਿ ਕਾਂਗਰਸ ਸਰਕਾਰ ਨੇ ਚੋਣ ਕਮਿਸ਼ਨ ਦੇ ਉਨ੍ਹਾਂ ਹੁਕਮਾਂ ਨੂੰ ਨਾ ਮੰਨ ਕੇ ਕਮਿਸ਼ਨ ਨਾਲ ਸਿੱਧੀ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਅਕਾਲੀ ਦਲ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਵਾਲੇ ਕੇਸ ਵਿੱਚੋਂ ਤਬਾਦਲਾ ਕਰ ਦਿੱਤਾ ਸੀ। ਇਸ ਉਪਰੰਤ ਅਕਾਲੀਆਂ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਕਾਂਗਰਸ ਸਰਕਾਰ ਵਿਰੁੱਧ ਇਸ ਹੁਕਮ ਅਦੂਲੀ ਦੀ ਸ਼ਿਕਾਇਤ ਵੀ ਕੀਤੀ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਭਾਰਤ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੇਨਾ ਨੇ ਸੂਬਾ ਪੰਜਾਬ ਦੇ ਮੁੱਖ ਸਕੱਤਰ ਡਾ. ਕਰਨ ਅਵਤਾਰ ਸਿੰਘ ਨੂੰ ਪੱਤਰ ਲਿਖ ਕੇ ਕਮਿਸ਼ਨ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਵਾਲਾ ਹੁਕਮ ਨਾ ਮੰਨਣ ‘ਤੇ ਸ਼ਖਤ ਨਰਾਜ਼ਗੀ ਜ਼ਾਹਰ ਕੀਤੀ ਹੈ। ਜਿਸ ਤੋਂ ਬਾਅਦ ਮੁੱਖ ਸਕੱਤਰ ਨੇ ਲੰਘੀ 19 ਜੁਲਾਈ ਨੂੰ ਕਮਿਸ਼ਨ ਕੋਲੋਂ ਲਿਖਤੀ ਤੌਰ ‘ਤੇ ਬਿਨਾਂ ਸ਼ਰਤ ਮਾਫੀ ਮੰਗ ਲਈ ਹੈ, ਤੇ ਇਸ ਮਾਫੀ ਨੂੰ ਚੋਣ ਕਮਿਸ਼ਨ ਨੇ ਇਹ ਕਹਿੰਦਿਆਂ ਸਵੀਕਾਰ ਕਰ ਲਿਆ ਹੈ ਕਿ ਪੰਜਾਬ ਸਰਕਾਰ ਅਜਿਹੀ ਗਲਤੀ ਮੁੜ ਨਾ ਦੁਹਰਾਵੇ। ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਚੋਣਾਂ ਦੌਰਾਨ ਅਕਾਲੀ ਦਲ ਦੀ ਸ਼ਿਕਾਇਤ ‘ਤੇ ਕਮਿਸ਼ਨ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਨ ਦੇ ਹੁਕਮ ਦਿੱਤੇ ਸਨ, ਪਰ ਬਾਅਦ ਵਿੱਚ ਉਸੇ ਅਕਾਲੀ ਦਲ ਨੇ ਮੁੜ  ਸ਼ਿਕਾਇਤ ਕੀਤੀ ਹੈ ਕਿ ਸੂਬਾ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਤਾਂ ਕੀਤੀ ਪਰ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਐਸਆਈਟੀ ‘ਚੋਂ ਨਹੀਂ ਬਲਕਿ ਹੋਰ ਮਾਮਲਿਆਂ ‘ਚ ਕਰ ਦਿੱਤੀ ਤੇ ਅਜਿਹਾ ਕਰਕੇ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਭਲੇਖੇ ਵਿੱਖ ਰੱਖਿਆ ਹੈ। ਚੋਣ ਅਧਿਕਾਰੀ ਨੇ ਤਾਜਾ ਲਿਖੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਅਜਿਹਾ ਮੁੜ ਨਾ ਕਰਨ ਦੀ ਤਾੜਨਾ ਕੀਤੀ ਹੈ। ਕਿਉਂ ਆ ਗਈ ਨਾ ਉਹੀ ਗੱਲ, ਮੇਰੇ ਕੋਲ ਚੋਣ ਕਮਿਸ਼ਨ ਹੈ”?

Share this Article
Leave a comment