ਇਸ ਯੂਨੀਵਰਸਿਟੀ ‘ਚ ‘ਵੈਲੇਨਟਾਈਨ ਡੇਅ’ ਦੀ ਥਾਂ ‘ਸਿਸਟਰਸ ਡੇਅ’ ਮਨਾਉਣ ਦਾ ਫਰਮਾਨ

Prabhjot Kaur
2 Min Read

ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ‘ਚ ਇਸਲਾਮੀ ਰਿਵਾਇਤਾਂ ਨੂੰ ਵਧਾਵਾ ਦੇਣ ਲਈ 14 ਫਰਵਰੀ ਨੂੰ ‘ਸਿਸਟਰਸ ਡੇਅ’ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਡਾਨ ਨਿਊਜ ਦੀ ਖਬਰ ਦੇ ਮੁਤਾਬਕ ਫੈਸਲਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਫਰ ਇਕਬਾਲ ਰੰਧਾਵਾ ਅਤੇ ਨਿਯਮ ਬਣਾਉਣ ਵਾਲੀਆਂ ਨੇ ਤੈਅ ਕੀਤਾ ਹੈ ਕਿ ਵਿਦਿਆਰਥਣਾਂ ਨੂੰ ਸਕਾਰਫ ਅਤੇ ਦੁਪੱਟਾ ਤੋਹਫੇ ਵੱਜੋਂ ਦਿੱਤਾ ਜਾ ਸਕਦਾ ਹੈ।

ਖਬਰ ਵਿੱਚ ਕਿਹਾ ਗਿਆ ਹੈ ਕਿ ਵਾਈਸ ਚਾਂਸਲਰ ਦਾ ਮੰਨਣਾ ਹੈ ਕਿ ਇਹ ਪਾਕਿਸਤਾਨ ਦੀ ਤਹਿਜ਼ੀਬ ਤੇ ਇਸਲਾਮ ਦੇ ਮੁਤਾਬਕ ਹੈ। ਦੁਨੀਆ ਭਰ ਵਿੱਚ 14 ਫਰਵਰੀ ਨੂੰ ਵੈਲੇਨਟਾਈਨ ਡੇਅ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਗ੍ਰੀਟਿੰਗਜ਼ ਅਤੇ ਤੋਹਫਿਆਂ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਇਸਲਾਮੀ ਰਿਵਾਇਤਾਂ ਨੂੰ ਵਧਾਵਾ ਦੇਣ ਲਈ 14 ਫਰਵਰੀ ਨੂੰ ‘ਸਿਸਟਰਸ ਡੇਅ’ ਮਨਾਇਆ ਜਾਵੇਗਾ।

ਡਾਨ ਨਿਊਜ ਟੀਵੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ‘ਸਿਸਟਰਸ ਡੇਅ’ ਮਨਾਉਣ ਦਾ ਉਨ੍ਹਾਂ ਦਾ ਸੁਝਾਅ ਕੰਮ ਕਰੇਗਾ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁੱਝ ਮੁਸਲਮਾਨਾਂ ਨੇ ਵੈਲੇਨਟਾਈਨ ਨੂੰ ਖਤਰੇ ਵਿੱਚ ਬਦਲ ਦਿੱਤਾ ਹੈ। ‘ਮੇਰਾ ਮੰਨਣਾ ਹੈ ਕਿ ਜੇਕਰ ਖ਼ਤਰਾ ਹੈ ਤਾਂ ਇਸ ਨੂੰ ਮੌਕੇ ਵਿੱਚ ਬਦਲੋ।’

ਵਾਈਸ ਚਾਂਸਲਰ ਨੇ ਦਾਅਵਾ ਕੀਤਾ ਕਿ ਸਿਸਟਰਸ ਡੇਅ ਮਨਾਉਣ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਪਾਕਿਸਤਾਨ ਵਿੱਚ ਭੈਣਾਂ ਨੂੰ ਕਿੰਨਾ ਪਿਆਰ ਮਿਲਦਾ ਹੈ। ਰੰਧਾਵਾ ਨੇ ਕਿਹਾ ਕਿ ਭਰਾ ਅਤੇ ਭੈਣ ਦੇ ਪਿਆਰ ਤੋਂ ਵੱਡਾ ਕੋਈ ਪਿਆਰ ਹੈ ? ਸਿਸਟਰਸ ਡੇਅ ਪਤੀ-ਪਤਨੀ ਦੇ ਪਿਆਰ ਤੋਂ ਵੱਡਾ ਦਿਨ ਹੈ।

ਸਾਲ 2017 ਵਿੱਚ ਇਸਲਾਮਾਬਾਦ ਹਾਈ ਕੋਰਟ ਨੇ ਆਦੇਸ਼ ਜਾਰੀ ਕਰਦੇ ਹੋਏ ਦੇਸ਼ ਵਿੱਚ ਵੈਲੇਨਟਾਈਨ ਡੇਅ ਦੇ ਜਸ਼ਨ ‘ਤੇ ਬੈਨ ਲਗਾ ਦਿੱਤਾ ਸੀ। ਇਥੋਂ ਤੱਕ ਕਿ ਮੀਡੀਆ ਨੂੰ ਵੀ ਇਸ ਨਾਲ ਸਬੰਧਤ ਕਵਰੇਜ ਦੀ ਮਨਾਹੀ ਸੀ।

Share this Article
Leave a comment