ਆਹ ਦੇਖੋ ਪ੍ਰਨੀਤ ਕੌਰ ਨਾਲ ਠੱਗੀ ਮਾਰ ਕੇ ਇੰਝ ਤਬਦੀਲ ਕੀਤੇ ਸਨ ਮਹਾਰਾਣੀ ਦੇ ਖਾਤੇ ‘ਚੋਂ ਪੈਸੇ, ਪਟਿਆਲਾ ਪੁਲਿਸ ਮੁੱਠੀਆਂ ‘ਚ ਥੁੱਕ ਕੇ ਕਰ ਰਹੀ ਹੈ ਅੰਸਾਰੀ ਦਾ ਇੰਤਜਾਰ

TeamGlobalPunjab
8 Min Read

ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਲੋਕ ਆਪਣੇ ਘਰ ਲੱਗੀ ਅੱਗ ਨੂੰ ਅੱਗ ਦੂਜੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਦੇਵਤਾ ਆਏ ਇਸ ਲਈ ਗਰਦਾਨਦੇ ਹਨ ਕਿਉਂਕਿ ਉਸ ਅੱਗ ਦਾ ਸੇਕ ਉਨ੍ਹਾਂ ਤੱਕ ਨਹੀਂ ਪਹੁੰਚਦਾ। ਇਸ ਕਹਾਵਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨਾਲ ਭਾਂਵੇਂ ਨਾ ਜੋੜ ਕੇ ਦੇਖਿਆ ਜਾ ਸਕਦਾ ਹੋਵੇ, ਪਰ ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਜਾਂ ਪੁਲਿਸ ਮੁਲਾਜ਼ਮਾਂ ਨਾਲ ਜੋੜ ਕੇ ਜਰੂਰ ਦੇਖਿਆ ਜਾ ਸਕਦਾ ਹੈ ਜਿਹੜੇ ਥਾਣਿਆਂ ਵਿੱਚ ਇਨਸਾਫ ਲੈਣ ਆਏ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਅਕਸਰ ਉਨ੍ਹਾਂ ਦਾ ਮਜਾਕ ਉਡਾਉਂਦੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਹਾਰਾਣੀ ਪ੍ਰਨੀਤ ਕੌਰ ਨਾਲ ਵੱਜੀ 23 ਲੱਖ ਰੁਪਏ ਦੀ ਸਾਈਬਰ ਠੱਗੀ ਦੀ, ਜਿਸ ਦਾ ਸੇਕ ਜਦੋਂ ਪੰਜਾਬ ਪੁਲਿਸ ਨੂੰ ਆਪਣੇ ਪਿੰਡੇ ਤੱਕ ਲੱਗਦਾ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਪੰਜਵੇਂ ਸੂਬੇ ‘ਚ ਬੈਠੇ ਅਤਾ-ਉਲ-ਅੰਸਾਰੀ ਨਾਮ ਦੇ ਬੰਦੇ ਨੂੰ ਵੀ ਚੰਦ ਘੰਟਿਆਂ ‘ਚ ਜਾ ਨੱਪਿਆ ਜਿਸ ਬਾਰੇ ਜੇਕਰ ਕਿਸੇ ਆਮ ਬੰਦੇ ਨੇ ਸ਼ਿਕਾਇਤ ਕੀਤੀ ਹੁੰਦੀ ਤਾਂ ਸ਼ਾਇਦ ਉਹ ਵਿਚਾਰਾ ਅੱਜ ਵੀ ਪੁਲਿਸ ਥਾਣਿਆਂ ਵਿੱਚ ਧੱਕੇ ਖਾਂਦਾ ਦਿਖਾਈ ਦਿੰਦਾ। ਅੰਸਾਰੀ ਨੂੰ ਭਾਵੇਂ ਝਾਰਖੰਡ ਪੁਲਿਸ ਨੇ 3 ਅਗਸਤ ਨੂੰ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ, ਪਰ ਇਸ ਦੇ ਬਾਵਜੂਦ ਇਹ ਕਿਹਾ ਜਾ ਸਕਦਾ ਹੈ ਕਿ ਸਧਾਰਨ ਮਾਮਲਿਆਂ ਵਿੱਚ ਤਾਂ ਪੁਲਿਸ ਨੂੰ ਇਹ ਵੀ ਨਹੀਂ ਪਤਾ ਲਗਦਾ ਕਿ ਕੌਣ, ਕਿਸ ਨੇ, ਕਿਸ ਨੂੰ ਤੇ ਕਿੱਥੇ ਗ੍ਰਿਫਤ਼ਾਰ ਕੀਤਾ ਹੈ ਤੇ ਉਹ ਕਿਸ ਕਿਸ ਜ਼ੁਰਮ ਵਿੱਚ ਸ਼ਾਮਲ ਰਿਹਾ ਹੈ। ਅਜਿਹੇ ਵਿੱਚ ਆਮ ਲੋਕ ਜੇਕਰ ਪੁਲਿਸ ਦੀ ਇਸ ਕਾਰਗੁਜਾਰੀ ‘ਤੇ ਸਵਾਲ ਚੁੱਕ ਰਹੇ ਹਨ ਕਿ ਗਰੀਬ ਅਤੇ ਸਧਾਰਨ ਨਾਗਰਿਕਾਂ ਦੇ ਮਾਮਲਿਆਂ ਵਿੱਚ ਪੁਲਿਸ ਦੀ ਇਹ ਤੇਜੀ ਕਿੱਥੇ ਜਾਂਦੀ ਹੈ ਤਾਂ ਉਨ੍ਹਾਂ ਦੇ ਸਮਰਥਨ ਵਿੱਚ ਕਿੱਥੇ ਜਾਂਦੇ ਹਨ ਹਾਂ ਕਰਨ ਲਈ ਸਿਰ ਆਪਣੇ ਆਪ ਹਿੱਲਣ ਲੱਗ ਪੈਂਦਾ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤਾ-ਉਲ-ਅੰਸਾਰੀ ਉਰਫ ਰਾਹੁਲ ਅੱਗਰਵਾਲ ਨੂੰ ਜਾਮਤਾੜਾ (ਝਾਰਖੰਡ) ਪੁਲਿਸ ਨੇ 3 ਅਗਸਤ ਨੂੰ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਕਿ ਹੁਣ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦਰਅਸਲ ਇਸ ਸਬੰਧੀ ਸਥਾਨਕ ਸਿਵਲ ਲਾਇਨਜ਼ ਪੁਲਿਸ ਨੇ 29 ਜੁਲਾਈ ਵਾਲੀ ਰਾਤ ਨੂੰ ਇੱਕ ਐਫਆਈਆਰ ਦਰਜ ਕੀਤੀ ਸੀ ਜਿਸ ‘ਤੇ ਕਾਰਵਾਈ ਕਰਦਿਆਂ ਨਿਊ ਅਫਸਰ ਕਲੌਨੀ ਚੌਂਕੀ ਦੇ ਇੰਚਾਰਜ ਕਰਨੈਲ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੂੰ ਜਾਮਤਾੜਾ ਰਵਾਨਾਂ ਕੀਤਾ ਗਿਆ ਸੀ ਜਿਹੜੀ ਕਿ ਅੰਸਾਰੀ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਪਟਿਆਲਾ ਵਾਪਸ ਪਰਤ ਆਈ ਹੈ।

ਇਸ ਸਬੰਧੀ ਮਹਾਰਾਣੀ ਪ੍ਰਨੀਤ ਕੌਰ ਦੇ ਸੀਏ ਵਿਜੇ ਕੁਮਾਰ ਚੌਧਰੀ ਵੱਲੋਂ ਥਾਣਾ ਸਿਵਲ ਲਾਇਨ ‘ਚ ਕੀਤੀ ਗਈ ਸ਼ਿਕਾਇਤ ‘ਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਕਲਾਂਇੰਟ (ਗ੍ਰਾਹਕ) ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਵਿੱਚੋਂ ਰਾਹੁਲ ਅੱਗਰਵਾਲ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ ਧੋਖੇ ਨਾਲ ਪੈਸੇ ਕਢਵਾਏ ਹਨ। ਵਿਜੇ ਕੁਮਾਰ ਅਨੁਸਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਰਾਹੁਲ ਅੱਗਰਵਾਲ ਨਾਮ ਦੇ ਵਿਅਕਤੀ ਨੇ ਫੋਨ ਨੰ: 9330310588 ਤੋਂ ਫੋਨ ਕਰਕੇ ਕਿਹਾ ਸੀ ਕਿ ਤੁਹਾਡੇ ਖਾਤੇ ‘ਚ ਤਨਖਾਹ ਪਾਉਣੀ ਹੈ ਇਸ ਲਈ ਤੁਸੀਂ ਆਪਣੇ ਖਾਤੇ ਦੇ ਵੇਰਵੇ ਦੱਸੋ। ਜਿਸ ਤੋਂ ਬਾਅਦ ਜਿਉਂ ਹੀ ਮਹਾਰਾਣੀ ਪ੍ਰਨੀਤ ਕੌਰ ਨੇ ਉਸ ਵਿਅਕਤੀ ਨੂੰ ਵੇਰਵੇ ਦੱਸੋ ਉਸ ਨੇ ਪ੍ਰਨੀਤ ਕੌਰ ਦੇ ਖਾਤੇ ਵਿੱਚੋਂ ਇੱਕ ਇੱਕ ਲੱਖ ਕਰਕੇ 23 ਵਾਰ ਵਿੱਚ 23 ਲੱਖ ਪੈਸੇ ਕੱਢਵਾ ਲਏ। ਪਤਾ ਇਹ ਵੀ ਲੱਗਾ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਅੱਗਰਵਾਲ ਨਾਮ ਦੇ ਉਸ ਵਿਅਕਤੀ ਨੇ ਮਹਾਰਾਣੀ ਨੂੰ ਫੋਨ ਕਰਕੇ ਆਪਣੇ ਖਾਤਿਆਂ ਦੇ ਵੇਰਵੇ ਦੇਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਜਿਸ ‘ਤੇ ਮੁਲਜ਼ਮ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਦੇ ਖਾਤੇ ਅਪਗ੍ਰੇਡ ਹੋ ਗਏ ਹਨ ਸਿਰਫ ਤੁਸੀਂ ਹੀ ਬਾਕੀ ਹੋ ਇਸ ਲਈ ਜੇਕਰ ਤੁਸੀਂ ਆਪਣਾ ਖਾਤਾ ਅਪਗ੍ਰੇਡ ਨਹੀਂ ਕਰਵਾਇਆ ਤਾਂ ਤੁਹਾਡੀ ਤਨਖਾਹ ਨਹੀਂ ਆਵੇਗੀ। ਇਸ ਤੋਂ ਬਾਅਦ ਹੀ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਖਾਤੇ ਦੇ ਵੇਰਵੇ ਦਿੱਤੇ ਸਨ। ਇਸ ਸ਼ਿਕਾਇਤ ਦੇ ਅਧਾਰ ‘ਤੇ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ।

ਉੱਧਰ ਦੂਜੇ ਪਾਸੇ ਝਾਰਖੰਡ ਦੀ ਜਾਮਤਾਡਾ ਪੁਲਿਸ ਦੇ ਏਡੀਜੀ ਮੁਰਾਰੀ ਲਾਲ ਨੇ ਗ੍ਰਿਫਤਾਰ ਕੀਤੇ ਗਏ ਰਾਹੁਲ ਅੱਗਰਵਾਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਦੀ ਅਸਲ ਪਹਿਚਾਣ ਅਤਾ-ਉਲ-ਅੰਸਾਰੀ ਹੈ ਤੇ ਇਸ ਨੂੰ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ।  ਮੁਰਾਰੀ ਲਾਲ ਅਨੁਸਾਰ ਅੰਸਾਰੀ ‘ਤੇ ਇਸੇ ਤਰ੍ਹਾਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਸ ਦਾ ਖਾਤਾ ਐਕਸਿਸ ਬੈਂਕ ‘ਚ ਹੈ। ਪੁਲਿਸ ਅਧਿਕਾਰੀ ਮੁਤਾਬਕ ਇਹ ਧੋਖੇ ਦਾ ਸਾਰਾ ਪੈਸਾ ਇਸੇ ਬੈਂਕ ਖਾਤੇ ‘ਚ ਹੀ ਰੱਖਦਾ ਹੈ। ਸੂਤਰਾਂ ਅਨੁਸਾਰ ਅਤਾ-ਉਲ-ਅੰਸਾਰੀ ਕੋਲੋਂ ਗ੍ਰਿਫਤਾਰੀ ਤੋਂ 7 ਬੇਸ਼ਕਿਮਤੀ ਮੋਬਾਇਲ ਫੋਨ, 8 ਸਿਮ ਕਾਰਡ, ਕਈ ਬੈਂਕਾਂ ਦੇ ਏਟੀਐਮ ਕਾਰਡ ਅਤੇ 41 ਹਜ਼ਾਰ ਰੁਪਏ ਨਗਦ, ਤੋਂ ਦੋ ਸਕੂਟੀਆਂ ਜ਼ਬਤ ਕੀਤੀਆਂ ਗਈਆਂ ਹਨ।

- Advertisement -

ਸੂਤਰਾਂ ਦੱਸਦੇ ਹਨ ਕਿ ਝਾਰਖੰਡ ਦਾ ਇਹ ਜਿਲ੍ਹਾ ਜਾਮਤਾੜਾ ਜਿੱਥੋਂ ਅਤਾ-ਉਲ-ਅੰਸਾਰੀ ਨੂੰ ਫੜਿਆ ਗਿਆ ਹੈ ਸਾਈਬਰ ਗੁਨਾਹਗਾਰਾਂ ਦਾ ਸਭ ਤੋਂ ਵੱਡਾ ਗੜ ਹੈ ਅਤੇ ਇਸ ਜਿਲ੍ਹੇ ਅੰਦਰ ਹੁਣ ਤੱਕ ਦੇਸ਼ ਦੇ 22 ਰਾਜਾਂ ਦੀ ਪੁਲਿਸ ਅਲੱਗ ਅਲੱਗ ਸਾਈਬਰ ਮਾਮਲਿਆਂ ਦੀ ਭਾਲ ‘ਚ ਦਰਜ਼ਨਾਂ ਵਾਰ ਛਾਪੇਮਾਰੀਆਂ ਕਰ ਚੁਕੀ ਹੈ। ਸੂਤਰਾਂ ਮੁਤਾਬਕ ਜਾਮਤਾੜਾ ਦੇ ਕਰਮਾਟਾਂਡ ਇਲਾਕੇ ‘ਚ ਤਾਂ ਪੂਰਾ ਇੱਕ ਪਿੰਡ ਹੀ ਅਜਿਹੇ ਅਪਰਾਧ ਕੰਮਾਂ ‘ਚ ਸ਼ਾਮਲ ਹੈ।  ਸੂਤਰ ਦੱਸਦੇ ਹਨ ਕਿ ਇਹ ਅਪਰਾਧੀ ਖਾਤੇ ‘ਚੋਂ ਪੈਸੇ ਕੱਢਵਾ ਕੇ, ਆਨ-ਲਾਈਨ ਠੱਗੀ ਅਤੇ ਲਾਟਰੀ ਦੇ ਨਾਮ ‘ਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਪਤਾ ਇਹ ਵੀ ਲੱਗਾ ਹੈ ਕਿ ਇਸ ਇਲਾਕੇ ‘ਚ ਰਹਿਣ ਵਾਲੇ ਅਪਰਾਧੀ ਜਿਆਦਾਤਰ ਏਟੀਐਮ ‘ਚੋਂ ਹੀ ਧੋਖਾਧੜੀ ਨਾਲ ਪੈਸੇ ਕਢਵਾਉਂਦੇ ਹਨ। ਇਸ ਸਬੰਧ ਵਿੱਚ ਮਿਲੇ ਅੰਕੜਿਆਂ ਮੁਤਾਬਕ 2018 ਤੋਂ 2019 ਜੂਨ ਤੱਕ ਪੂਰੇ ਝਾਰਖੰਡ ਅੰਦਰ ਅਜਿਹੇ ਅਪਰਾਧੀਆਂ ਦੀ ਗਿਣਤੀ 3 ਹਜ਼ਾਰ ਤੋਂ ਵੀ ਜਿਆਦਾ ਹੈ ਅਤੇ ਇਨ੍ਹਾਂ ਵਿੱਚੋਂ ਸਭ ਤੋਂ ਜਿਆਦਾ ਜਾਮਤਾੜਾ ਇਲਾਕੇ ਦੇ ਰਹਿਣ ਵਾਲੇ ਲੋਕ ਹਨ। ਪੁਲਿਸ ਸੂਤਰਾਂ ਅਨੁਸਾਰ ਇਹ ਲੋਕ ਇੰਨੇ ਸ਼ਾਤਰ ਹੁੰਦੇ ਹਨ ਕਿ ਏਟੀਐਮ ‘ਚੋਂ ਪੈਸੇ ਕਢਵਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਪੇਟੀਐਮ ਜਾਂ ਗੂਗਲ ਪੇਅ ਵਰਗੀ ਕਿਸੇ ਐਪਲੀਕੇਸ਼ਨ ਵਿੱਚ ਤਬਦੀਲ ਕਰਦੇ ਹਨ ਜਿੱਥੋਂ ਉਸ ਪੈਸੇ ਨੂੰ ਦੇਸ਼ ‘ਚ ਵੱਖ ਵੱਖ ਥਾਂਈ ਬੈਠੇ ਲੋਕਾਂ ਰਾਹੀਂ 5-6 ਹੋਰ ਇਹੋ ਜਿਹੀਆਂ ਹੀ ਐਪਲੀਕੇਸ਼ਨਾਂ ‘ਚ ਤਬਦੀਲ ਕਰਨ ਤੋਂ ਬਾਅਦ ਆਪਣੇ ਬੈਂਕ ਖਾਤੇ ‘ਚ ਲੈ ਆਉਂਦੇ ਹਨ।

ਇੱਧਰ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਸਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਜਲਦ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ। ਮਨਦੀਪ ਸਿੰਘ ਸਿੱਧੂ ਨੇ ਕੁਝ ਅਖਬਾਰਾਂ ‘ਚ ਲੱਗੀਆਂ ਉਨ੍ਹਾਂ ਖ਼ਬਰਾਂ ਦਾ ਖੰਡਣ ਕੀਤਾ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅੰਸਾਰੀ ਵੱਲੋਂ ਪ੍ਰਨੀਤ ਕੌਰ ਨਾਲ ਮਾਰੀ ਗਈ ਠੱਗੀ ਦਾ ਵੱਡਾ ਹਿੱਸਾ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹਾ ਦਾਅਵਾ ਕਰ ਰਹੇ ਹਨ ਉਨ੍ਹਾਂ ਨੂੰ ਉਹ ਪੈਸਾ ਆਪਣੇ ਕੋਲੋਂ ਦੇਣਾ ਚਾਹੀਦਾ ਹੈ।

Share this Article
Leave a comment