ਜਲੰਧਰ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪਹਿਲਾਂ ਹੀ ਟੈਕਸਾਂ ਦੀ ਮਾਰ ਝੱਲ ਰਹੇ ਸੂਬਾ ਪੰਜਾਬ ਦੇ ਲੋਕਾਂ ‘ਤੇ ਪੰਜਾਬ ਸਰਕਾਰ ਨੇ ਚੁੱਪ-ਚਪੀਤੇ ਐਕਸੈੱਸ ਟੈਕਸ ਨਾਮ ਦਾ ਇੱਕ ਨਵਾਂ ਟੈਕਸ ਲਾ ਦਿੱਤਾ ਹੈ। ਜਿਹੜਾ ਕਿ ਸੂਬੇ ਦੇ ਲੋਕਾਂ ਦੀ ਆਰਥਿਕ ਲੁੱਟ ਹੈ ਤੇ ਜੇਕਰ ਇਹ ਟੈਕਸ ਵਾਪਸ ਨਾ ਲਿਆ ਗਿਆ ਤਾਂ ਪੰਜਾਬੀ ਏਕਤਾ ਪਾਰਟੀ ਪੰਜਾਬ ਸਰਕਾਰ ਵਿਰੁੱਧ ਵੱਡਾ ਸੰਘਰਸ਼ ਛੇੜੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਤਹਿਤ ਸਰਕਾਰ ਵੱਲੋਂ ਕੌਮੀ, ਰਾਜ ਅਤੇ ਲਿੰਕ ਸੜਕਾਂ ‘ਤੇ ਪੈਂਦੀਆਂ ਕਾਰੋਬਾਰੀ ਜ਼ਾਇਦਾਦਾਂ ਨੂੰ ਰਸਤਾ ਮੁਹੱਈਆ ਕਰਵਾਉਣ ਲਈ ਨਵਾਂ ਟੈਕਸ ਲਾ ਦਿੱਤਾ ਗਿਆ ਹੈ। ਜੋ ਕਿ ਡੇਢ ਲੱਖ ਰੁਪਏ ਤੋਂ ਲੈ ਕੇ 6 ਲੱਖ ਰੁਪਏ ਤੱਕ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਹਾਲਾਤ ਇਹ ਹਨ ਕਿ ਪੰਜਾਬ ਸਰਕਾਰ ਨੇ ਕਾਰੋਬਾਰੀਆਂ ਤੋਂ ਇਹ ਟੈਕਸ ਉਗਰਾਹੁਣ ਲਈ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸੁਖਪਾਲ ਖਹਿਰਾ ਅਨੁਸਾਰ ਸਰਕਾਰ ਨੇ ਇਹ ਟੈਕਸ ਵਿਧਾਨ ਸਭਾ ਦੀ ਮਨਜ਼ੂਰੀ ਲਏ ਬਿਨਾਂ ਚੋਰ ਮੋਰੀ ਥਾਂਈ ਵਸੂਲਣੇ ਸ਼ੁਰੂ ਕੀਤੇ ਹਨ।
ਸੁਖਪਾਲ ਖਹਿਰਾ ਨੇ ਦੱਸਿਆ ਕਿ ਅਜਿਹਾ ਹੀ ਨੋਟਿਸ ਪਟਿਆਲਾ ਦੇ ਇਕ ਵਿਅਕਤੀ ਨੂੰ 12 ਫਰਵਰੀ ਵਾਲੇ ਦਿਨ ਜ਼ਾਰੀ ਕੀਤਾ ਗਿਆ ਸੀ। ਜੋ ਕਿ ਪੀਡਬਲਿਊਡੀ ਦੇ ਸੀਨੀਅਰ ਅਧਿਕਾਰੀ ਵੱਲੋਂ ਭੇਜਿਆ ਗਿਆ ਹੈ। ਇਸ ਸਬੰਧੀ ਹੋਰ ਖੁਲਾਸਾ ਕਰਦਿਆਂ ਖਹਿਰਾ ਨੇ ਦੱਸਿਆ ਕਿ ਰਘੂਇੰਦਰ ਸਿੰਘ ਕੈਰੋਂ ਨਾਮ ਦੇ ਇਸ ਵਪਾਰੀ ਨੂੰ ਭੇਜੇ ਗਏ ਨੋਟਿਸ ਵਿਚ ਵਿਭਾਗ ਨੇ ਲਿਖਿਆ ਹੈ ਕਿ ਉਸ ਦਾ ਪੈਟਰੋਲ ਪੰਪ / ਵਪਾਰਕ ਅਦਾਰਾ ਪਟਿਆਲਾ-ਰਾਜਪੂਰਾ-ਸੰਗਰੂਰ ਸੜਕ ‘ਤੇ ਪੈਂਦਾ ਹੈ ਤੇ ਆਪ ਵੱਲੋਂ ਸੜਕ ਤੋਂ ਜਿਹੜਾ ਰਸਤਾ ਵਰਤਿਆ ਜਾ ਰਿਹਾ ਹੈ, ਉਸ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਦਸਾਂ ਦਿਨਾਂ ਦੇ ਅੰਦਰ ਪਿਛਲੇ 5 ਸਾਲ ਦੀ ਫੀਸ ਜਮ੍ਹਾਂ ਕਰਵਾਈ ਜਾਵੇ ਨਹੀਂ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।