ਅਕਾਲੀ-ਕਾਂਗਰਸ ਨਦਾਰਦ, ‘ਆਪ’ ਦੀ ਚੜ੍ਹਤ ਤੋਂ ਬੁਖਲਾਈ ਭਾਜਪਾ ਫੈਲਾਅ ਰਹੀ ਹੈ ਨਫ਼ਰਤ ਦਾ ਜ਼ਹਿਰ
ਭਗਵੰਤ ਮਾਨ ਨੇ ‘ਆਪ’ ਦਾ ਪ੍ਰਚਾਰ ਸਿਖ਼ਰਾਂ ‘ਤੇ ਪਹੁੰਚਾਇਆ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਦੇ ਚੋਣ ਪ੍ਰਚਾਰ ਨੂੰ ਨਵੀਆਂ ਸਿਖ਼ਰਾਂ ਦਿੰਦੇ ਹੋਏ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਆਪਣਾ ਪਿਛਲਾ ਰਿਕਾਰਡ ਤੋੜੇਗੀ।
ਮੰਗਲਵਾਰ ਨੂੰ ਤਿਲਕ ਨਗਰ ਤੋਂ ‘ਆਪ’ ਦੇ ਉਮੀਦਵਾਰ ਜਰਨੈਲ ਸਿੰਘ ਦੇ ਹੱਕ ‘ਚ ਤਾਬੜਤੋੜ ਪ੍ਰਚਾਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ, ”ਦਿੱਲੀ ਚੋਣਾਂ ਦੇ ਮੌਜੂਦਾ ਮਾਹੌਲ ਤੋਂ ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਇਨ੍ਹਾਂ 5 ਸਾਲਾਂ ‘ਚ ਕੀਤੇ ਗਏ ਬੇਮਿਸਾਲ ਕੰਮਾਂ ‘ਤੇ ਜਿੱਤ ਦੀ ਮੋਹਰ ਲਗਾ ਕੇ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਦਾ ਪਰਚਮ ਲਹਿਰਾ ਚੁੱਕੀ ਹੈ, ਹੁਣ ਬੱਸ ਸਿਰਫ਼ ਰਸਮੀ ਐਲਾਨ ਬਾਕੀ ਹੈ, ਜੋ 8 ਫਰਵਰੀ ਨੂੰ ਵੋਟਾਂ ਪੈਣ ਉਪਰੰਤ 11 ਫਰਵਰੀ ਨੂੰ ਡੰਕੇ ਦੀ ਚੋਟ ਨਾਲ ਹੋ ਜਾਵੇਗਾ।”
ਆਪਣੇ ਜੋਸ਼ੀਲੇ ਭਾਸਣ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ 2020 ‘ਚ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਹੈਟ੍ਰਿਕ ਉਪਰੰਤ 2022 ‘ਚ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਫ਼ਤਿਹ ਹਾਸਲ ਕਰੇਗੀ। ਮਾਨ ਨੇ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪੂਰੀ ਦਿੱਲੀ ‘ਚ ਕਾਂਗਰਸ ਕਿਤੇ ਨਜ਼ਰ ਹੀ ਨਹੀਂ ਆ ਰਹੀ। ਸ਼ਾਹੀ ਲਾਮ ਲਸ਼ਕਰ ਨਾਲ ਕੱਲ੍ਹ ਪਹਾੜਾਂ ਤੋਂ ਉੱਤਰ ਕੇ ਦਿੱਲੀ ਦੀਆਂ ਚੋਣਾਂ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਜਨਤਾ ਦੇ ਬਿਜਲੀ ਬਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਹੋ ਰਹੇ ਕਿ ਦਿੱਲੀ ਦੇ ਲੋਕ ਕਾਂਗਰਸ ਨੂੰ ਵੋਟ ਪਾ ਕੇ ਫਿਰ ਉਹੀ ਬਿਜਲੀ ਮਾਫ਼ੀਆ ਦਿੱਲੀ ‘ਚ ਨਹੀਂ ਲਿਆਉਣਾ ਚਾਹੁੰਦੇ, ਜਿਸ ਨੇ ਅੱਜ ਕੱਲ੍ਹ ਪੰਜਾਬ ‘ਚ ਲੁੱਟ ਮਚਾਈ ਹੋਈ ਹੈ। ਦੂਜੇ ਪਾਸੇ ਝਾੜੂ ਨੂੰ ਤੀਲਾ-ਤੀਲਾ ਕਹਿ ਕੇ ਭੰਡਣ ਵਾਲੇ ਬਾਦਲਾਂ ਦੀ ਤੱਕੜੀ ਖੱਖੜੀਆਂ ਵਾਂਗ ਖਿੱਲਰ ਚੁੱਕੀ ਹੈ। ਜਿਸ ਕਰਕੇ ਦਿੱਲੀ ‘ਚ ਕਾਂਗਰਸ ਅਤੇ ਬਾਦਲ ਲੱਭਿਆ ਨਜ਼ਰ ਨਹੀਂ ਆ ਰਹੇ।
ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਚੜ੍ਹਤ ਤੋਂ ਬੁਖਲਾ ਕੇ ਭਾਜਪਾ ਨਫ਼ਰਤ ਦਾ ਜ਼ਹਿਰ ਫੈਲਾ ਰਹੀ ਹੈ, ਪਰੰਤੂ ਦਿੱਲੀ ਦੇ ਸੂਝਵਾਨ ਲੋਕ ਭਾਜਪਾ ਦੀ ਹਰ ਫ਼ਿਰਕੂ ਚਾਲ ਦੀ ਨਾਲੋਂ-ਨਾਲ ਖੁੰਭ ਠੱਪ ਰਹੇ ਹਨ।
ਤਿਲਕ ਨਗਰ ਤੋਂ ਇਲਾਵਾ ਭਗਵੰਤ ਮਾਨ ਨੇ ਮੋਤੀ ਨਗਰ ਤੋਂ ਪਾਰਟੀ ਉਮੀਦਵਾਰ ਸ਼ਿਵ ਚਰਨ ਗੋਇਲ, ਪਟੇਲ ਨਗਰ ਤੋਂ ਰਾਜ ਕੁਮਾਰ ਆਨੰਦ, ਦਿੱਲੀ ਕੈਂਟ ਤੋਂ ਵਰਿੰਦਰ ਕਾਦਿਆਨ ਅਤੇ ਰਜਿੰਦਰ ਨਗਰ ਤੋਂ ਰਾਘਵ ਚੱਢਾ ਦੇ ਹੱਕ ‘ਚ ਜਨ ਸਭਾਵਾਂ, ਰੋਡ ਸ਼ੋਅ ਅਤੇ ਪਦ ਯਾਤਰਾ ਰਾਹੀਂ ਧੂੰਆਂਧਾਰ ਪ੍ਰਚਾਰ ਕੀਤਾ।