ਜੈਤੋ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰਾਂ ਵਲੋਂ ਸ਼ਰਮਨਾਕ ਹਰਕਤਾਂ ਕਰਨ ਦੇ ਲੱਗੇ ਦੋਸ਼

TeamGlobalPunjab
3 Min Read

ਫਰੀਦਕੋਟ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਗੰਗਸਰ ਜੈਤੋ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧੀਨ ਕੰਮ ਕਰਦੇ ਕਲਰਕ ਅਤੇ ਸੇਵਾਦਾਰਾਂ  ‘ਤੇ ਸੰਗਤਾਂ ਨੇ ਬੀਬੀਆਂ ਨਾਲ ਸ਼ਰਮਨਾਕ ਹਰਕਤਾਂ ਕਰਨ ਦੇ ਦੋਸ਼ ਲਗਾਏ ਹਨ।  ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਪੁਰਾਤਨ ਖੂਹ ‘ਚੋਂ ਸ਼ਰਾਬ, ਮੀਟ ਅਤੇ ਇਤਰਾਜਯੋਗ ਸਮਾਨ ਵੀ ਬਰਾਮਦ ਹੋਇਆ ਹੈ।

ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ ਦੀ ਅੰਮ੍ਰਿਤਸਰ ਤੋਂ ਆਈ ਫਲਾਇੰਗ ਸਕੁਐਡ ਦੀ ਟੀਮ ਨੂੰ ਮੌਕਾ ਸੰਭਾਲਣਾ ਔਖਾ ਹੋ ਗਿਆ, ਕਿਉਂਕਿ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਸਬੰਧਤ ਤਿੰਨ ਮੁਲਾਜ਼ਮਾਂ ਖਿਲਾਫ਼ ਪਰਚਾ ਦਰਜ ਕਰਨ ਅਤੇ ਸ਼੍ਰੋਮਣੀ ਕਮੇਟੀ ਦੀ ਟੀਮ ਵਲੋਂ ਉਨ੍ਹਾਂ ਨੂੰ ਸਸਪੈਂਡ ਕਰਨ ਵਾਲੀ ਸ਼ਰਤ ’ਤੇ ਸੰਗਤਾਂ ਸਹਿਮਤ ਨਹੀਂ ਸਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ  ਕਿਹਾ ਗਿਆ ਕਿ ਮਿਤੀ 7 ਜੂਨ ਨੂੰ ਸੇਵਾਦਾਰ ਬਲਰਾਜ ਸਿੰਘ ਨੇ, ਗੁਰੂ ਘਰ ਦੇ ਮੁਲਾਜ਼ਮਾਂ ਵੱਲੋਂ, ਗੁਰੂ ਕਲਗੀਧਰ ਨਿਵਾਸ ਦੇ ਕਮਰਿਆਂ ਵਿੱਚ ਮਾੜੀ ਨੀਅਤ ਨਾਲ ਜਨਾਨੀਆਂ ਲੈ ਕੇ ਆਉਣ ਸਬੰਧੀ ਗੁਰਮੀਤ ਸਿੰਘ ਕਾਲੂ ਨੂੰ ਸੂਚਿਤ ਕੀਤਾ ਸੀ। ਗੁਰਮੀਤ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਰਸੀਵਰ ਸਿੰਘ, ਲਖਵਿੰਦਰ ਸਿੰਘ ਲੱਖਾ ਅਤੇ ਸੁਖਵਿੰਦਰ ਸਿੰਘ ‘ਬੱਬੀ’ ਨੂੰ ਦਿੱਤੀ।  ਸਾਰਾ ਮਾਮਲਾ ਮੈਨੇਜਰ ਕੁਲਵਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ।  ਜਦੋਂ ਸੰਗਤਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਵੱਲੋਂ ਸੰਗਤ ਦੀ ਹਾਜ਼ਰੀ ਵਿੱਚ ਕਲਗੀਧਰ ਨਿਵਾਸ ਸਥਾਨ ਦੇ ਨਾਲ ਲੱਗਦੇ ਇਤਿਹਾਸਕ ਖੂਹ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਭਾਰੀ ਗਿਣਤੀ ਵਿੱਚ ਵਰਤੇ ਅਤੇ ਅਣਵਰਤੇ ਕੰਡੋਮ ਅਤੇ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ, ਮੀਟ ਦੇ ਲਿਫਾਫੇ ਅਤੇ ਜਾਨਵਰ ਦੀਆਂ ਹੱਡੀਆਂ ਬਰਾਮਦ ਹੋਈਆਂ।

- Advertisement -

ਉਸ ਤੋਂ ਬਾਅਦ ਸਿੱਖ ਤਾਲਮੇਲ ਸੇਵਾ ਸੰਗਠਨ ਚੈਰੀਟੇਬਰ ਟਰੱਸਟ ਦੇ ਮੁੱਖੀ ਬੀਬੀ ਰਾਜਿੰਦਰ ਕੌਰ ਨੇ ਆਪਣੇ ਸਾਥੀਆਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਫੋਨ ‘ਤੇ ਗੱਲ-ਬਾਤ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੋਂ ਫਲੈਇੰਗ ਚੀਫ਼ ਅਫ਼ਸਰ ਸਤਨਾਮ ਸਿੰਘ ਰਿਆੜ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਦੋਸ਼ੀਆਂ ਵਿਰੁੱਧ ਕਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ। ਗੁਰੂ ਘਰ ਵਿੱਚ ਮੌਜੂਦ ਸੰਗਤਾਂ ਵੱਲੋਂ ਫਲੈਇੰਗ ਚੀਫ਼ ਅਫ਼ਸਰ ਸਤਨਾਮ ਸਿੰਘ ਰਿਆੜ ਦੇ ਫ਼ੈਸਲੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਅਤੇ ਦੋਸ਼ੀਆਂ ਨੂੰ ਬਰਖ਼ਾਸਤ ਦੀ ਮੰਗ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵਿਰੋਧ ਨਆਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਐੱਸ.ਪੀ. ਫਰੀਦਕੋਟ ਕੁਲਦੀਪ ਸਿੰਘ ਸੋਹੀਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।

Share this Article
Leave a comment