ਮੈਕਸੀਕੋ: ਦੁਨੀਆ ਭਰ ‘ਚ ਹਰ ਸਾਲ ਲੱਖਾਂ ਲੋਕ ਚੰਗੀ ਜ਼ਿੰਦਗੀ ਦੀ ਭਾਲ ‘ਚ ਆਪਣਾ ਘਰ-ਪਰਿਵਾਰ, ਰਿਸ਼ਤੇਦਾਰ ਤੇ ਆਪਣਾ ਸ਼ਹਿਰ ਛੱਡ ਕੇ ਚਲੇ ਜਾਂਦੇ ਹਨ। ਉਨ੍ਹਾਂ ਦੀ ਚਾਹ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਦੇ ਸਕਣ ਤੇ ਚੰਗੀ ਪਰਵਰਿਸ਼ ਕਰ ਸਕਣ ਜਿਸ ਲਈ ਉਨ੍ਹਾਂ ਨੂੰ ਪਾਪੜ ਵੇਲਣੇ ਪੈਂਦੇ ਹਨ।
ਹਰ ਸਾਲ ਵੱਡੀ ਗਿਣਤੀ ‘ਚ ਮੱਧ ਅਮਰੀਕੀ ਦੇਸ਼ਾਂ ਦੇ ਸ਼ਰਨਾਰਥੀ ਮੈਕਸੀਕੋ ਤੋਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਕਈ ਸ਼ਰਨਾਰਥੀ ਇਨ੍ਹਾਂ ਕੋਸ਼ਿਸ਼ਾਂ ‘ਚ ਸਫਲ ਹੋ ਜਾਂਦੇ ਹਨ ਤੇ ਉੱਥੇ ਹੀ ਕੁਝ ਸੁਰੱਖਿਆ ਕਰਮੀਆਂ ਹੱਥੇ ਚੜ੍ਹ ਜਾਂਦੇ ਹਨ ਤੇ ਕਈ ਮੌਤ ਦੇ ਮੂੰਹ ‘ਚ ਵੀ ਚਲੇ ਜਾਂਦੇ ਹਨ। ਮੈਕਸੀਕਨ ਬਾਰਡਰ ਤੋਂ ਦਿਲ ਤੋੜਦੀ ਇਕ ਤਸਵੀਰ ਸਾਹਮਣੇ ਆਈ ਹੈ, ਜੋ ਸ਼ਰਨਾਰਥੀਆਂ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ।
ਉਸ ਤਸਵੀਰ ‘ਚ ਇਕ ਮਾਂ ਆਪਣੇ 6 ਸਾਲਾ ਬੱਚੇ ਨਾਲ ਗੋਡਿਆਂ ਭਾਰ ਬੈਠੀ ਰੋਂਦੇ ਹੋਏ ਮੈਕਸੀਕਨ ਨੈਸ਼ਨਲ ਗਾਰਡ ਦੇ ਜਵਾਨ ਨੂੰ ਬਾਰਡਰ ਪਾਰ ਕਰਨ ਲਈ ਬੇਨਤੀ ਕਰ ਰਹੀ ਹੈ। ਇਹ ਤਸਵੀਰਾਂ ਰਾਇਟਰ ਦੇ ਫੋਟੋਗ੍ਰਾਫਰ ਜੋਸ ਲੁਈਸ ਗੋਂਜਾਲੇਜ਼ ਵੱਲੋਂ ਖਿੱਚੀਆਂ ਗਈਆਂ ਸਨ। ਇਹ ਤਸਵੀਰਾਂ ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਮਾਂ ਬਾਰਡਰ ਪਾਰ ਕਰ ਕੇ ਅਮਰੀਕਾ ਜਾਣਾ ਚਾਹੁੰਦੀ ਸੀ ਪਰ ਬਾਰਡਰ ਤੋਂ ਥੋੜ੍ਹੀ ਦੂਰੀ ‘ਤੇ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਬਾਰਡਰ ਪਾਰ ਨਹੀਂ ਕਰਨ ਦਿੱਤਾ। ਮਾਂ ਅਤੇ ਬੇਟਾ ਦੋਵੇਂ ਗਵਾਟੇਮਾਲਾ ਤੋਂ ਲਗਭਗ 2,410 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਮੈਕਸੀਕੋ ਦੇ ਫਰੰਟਲਾਈਨ ਸ਼ਹਿਰ ਸਿਯੂਦਾਦ ਜੁਆਰੇਜ਼ (Ciudad Juarez) ਪਹੁੰਚੇ ਸਨ।
ਫੋਟੋਗ੍ਰਾਫਰ ਜੋਸ ਲੁਈਸ ਨੇ ਇਸ ਦਿਲ ਝੰਜੋੜਦੀ ਘਟਨਾ ਬਾਰੇ ਬਿਆਨ ਕੀਤਾ ਕਿ ਮਹਿਲਾ ਜਵਾਨ ਅੱਗੇ ਰੋ-ਰੋ ਕੇ ਬਾਰਡਰ ਪਾਰ ਕਰਨ ਲਈ ਮਿੰਨਤਾ ਕਰ ਰਹੀ ਸੀ। ਉਹ ਲਗਭਗ 9 ਮਿੰਟ ਤੱਕ ਗੋਡਿਆਂ ਭਾਰ ਬੈਠ ਕੇ ਆਪਣੇ ਬੇਟੇ ਨਾਲ ਨੈਸ਼ਨਲ ਗਾਰਡ ਦੇ ਜਵਾਨ ਅੱਗੇ ਅਪੀਲ ਕਰਦੀ ਰਹੀ ਪਰ ਉਹ ਇਸ ‘ਚ ਅਸਫਲ ਰਹੀ।
ਆਪਣੇ ਛੇ ਸਾਲਾ ਬੱਚੇ ਨਾਲ ਬਾਰਡਰ ਪਾਰ ਕਰਨ ਲਈ ਗਾਰਡ ਅੱਗੇ ਰੋਂਦੀ ਰਹੀ ਮਾਂ

Leave a Comment
Leave a Comment