ਆਖਰ ਦਸਮ ਪਾਤਸ਼ਾਹ ਨੇ ਸਿੰਘਾਂ ਨੂੰ ਕਿਲ੍ਹਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ -ਡਾ. ਗੁਰਦੇਵ ਸਿੰਘ

TeamGlobalPunjab
5 Min Read

ਆਖਰ ਦਸਮ ਪਾਤਸ਼ਾਹ ਨੇ ਸਿੰਘਾਂ ਨੂੰ ਕਿਲ੍ਹਾ ਖਾਲੀ ਕਰਨ ਦਾ ਹੁਕਮ ਦੇ ਦਿੱਤਾ

*ਡਾ. ਗੁਰਦੇਵ ਸਿੰਘ

ਤਾਰੋਂ ਕੀ ਛਾਓਂ ਕਿਲੇ ਸੇ ਸਤਿਗੁਰੂ ਰਵਾਂ ਹੂਏ ।
ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੂਏ । (ਜੋਗੀ ਅੱਲ੍ਹਾ ਯਾਰ ਖਾਂ)

ਦਸੰਬਰ ਮਹੀਨੇ ਦੇ ਸਭ ਤੋਂ ਠੰਡੇ ਦਿਨ, ਠੰਡ ਐਨੀ ਕਿ ਦੰਦ ਨਾਲ ਦੰਦ ਵਜਦੇ, ਲੋਕਾਈ ਤਾਂ ਠੰਡ ਤੋਂ ਬਚਣ ਲਈ ਰਜਾਈਆਂ ਤੇ ਗਰਮ ਕਪੜਿਆਂ ਦੀ ਆਸਰਾ ਲੈ ਰਹੀ ਸੀ ਪਰ ਉਸ ਠੰਡੀ ਰਾਤ ਵਿੱਚ, ਪੰਜ ਤੋਂ ਸੱਤ ਸਾਲ ਦੇ ਛੋਟੇ-ਛੋਟੇ ਸ਼ਾਹਿਬਜ਼ਾਦਿਆਂ ਤੇ ਸਮੇਤ ਪਰਿਵਾਰ, ਚਾਵਾਂ ਨਾਲ ਵਸਾਈ ਅਨੰਦਪੁਰੀ ਨੂੰ ਜਾਣੀ ਜਾਣ ਸਤਿਗੁਰ ਨੇ ਆਖਿਰ ਕਿਉਂ ਛੱਡ ਦਿੱਤਾ…?

1667 ਈਸਵੀ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਵਸਾਇਆ ਸ੍ਰੀ ਅਨੰਦਪੁਰ ਸਾਹਿਬ ਸਿੱਖੀ ਕੇਂਦਰ ਵਜੋਂ ਵਿਕਸਤ ਹੋ ਰਿਹਾ ਸੀ। 1675 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਧਰਮ ਦੀ ਰੱਖਿਆ ਲਈ ਚਾਂਦਨੀ ਚੌਂਕ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ। ਇਸ ਨਾਲ ਜਿੱਥੇ ਹਿੰਦੂਆਂ ਉੱਤੇ ਹੋ ਰਹੇ ਅਤਿਆਚਾਰ ਘਟੇ ਉਥੇ ਦੂਰੋਂ ਦੂਰੋਂ ਸਿੱਖ ਸੰਗਤਾਂ ਤੇ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕਠੇ ਹੋਣ ਲੱਗੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਦੀ ਵਿਸਾਖੀ ਨੂੰ ਪੰਜ ਪਿਆਰੇ ਸਥਾਪਿਤ ਕਰ ਖਾਲਸੇ ਦੀ ਸਾਜਨਾ ਕਰ ਦਿੱਤੀ। ਸਿੱਖੀ ਦੀ ਵੱਧਦੀ ਸ਼ਾਨ ਅਤੇ ਚੜਤ ਪਹਾੜੀਆਂ ਰਾਜਿਆਂ ਦੀ ਅੱਖਾਂ ਵਿੱਚ ਰੱੜਕਣ ਲੱਗੀ। ਉਨ੍ਹਾਂ ਨੇ ਗੁਰੂ ਸਾਹਿਬ ਦੀ ਤਾਕਤ ਘੱਟ ਕਰਨ ਦੀਆਂ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ।

- Advertisement -

ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ‘ਤੇ ਆਪਣਾ ਪੂਰਾ ਜ਼ੋਰ ਅਜਮਾਇਆ ਪਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਉਨ੍ਹਾਂ ਨੇ ਸਰਹਿੰਦ ਦੇ ਨਵਾਬ ਨਾਲ ਹੱਥ ਮਿਲਾ ਲਿਆ। 22 ਧਾਰ ਦੇ ਪਹਾੜੀਆਂ ਰਾਜਿਆਂ ਦੀ ਵੱਡੀ ਪਹਾੜੀ ਸੈਨਾ ਅਤੇ ਮੁਗਲ ਸਲਤਨਤ ਦੀ ਵੱਡੀ ਫੋਜ ਨੇ ਸ੍ਰੀ ਅਨੰਦਪੁਰ ਸਾਹਿਬ ‘ਤੇ ਚੜਾਈ ਕਰ ਦਿੱਤੀ। ਘਮਸਾਨ ਦੀਆਂ ਜੰਗਾਂ ਹੋਈਆਂ ਪਰ ਸਿੰਘਾਂ ਨੇ ਮੁਗਲ ਫੌਜ ਤੇ ਪਹਾੜੀ ਰਾਜਿਆਂ ਦੀ ਫੌਜ ਦੀ ਇੱਕ ਨਾ ਚੱਲਣ ਦਿੱਤੀ।

ਮੁਗਲ ਤੇ ਪਹਾੜੀ ਫੌਜ ਨੇ ਇੱਥੇ ਹੀ ਬਸ ਨਹੀਂ ਕੀਤੀ ਉਨ੍ਹਾਂ ਨੇ ਇੱਕ ਸ਼ਰਾਬ ਨਾਲ ਮਸਤ ਹਾਥੀ ਨੂੰ ਕਿਲ੍ਹੇ ਵੱਲ ਚਾੜ ਦਿੱਤਾ ਜਿਥੇ ਕਿ ਗੁਰੂ ਸਾਹਿਬ ਸਿੰਘਾਂ ਨਾਲ ਬਿਰਾਜਮਾਨ ਸਨ। ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਤੋਰਿਆ ਤਾਂ ਭਾਈ ਬਚਿੱਤਰ ਸਿੰਘ ਨੇ ਹਾਥੀ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਅੰਤ ਹਾਥੀ ਦੇ ਮੱਥੇ ‘ਤੇ ਗੁਰੂ ਸਾਹਿਬ ਵਲੋਂ ਬਖਸ਼ੀ ਨਾਗਣੀ ਨਾਲ ਸਿੰਘ ਨੇ ਅਜਿਹਾ ਵਾਰ ਕੀਤਾ ਕਿ ਹਾਥੀਂ ਨੇ ਦੁਸ਼ਮਣ ਫੋਜ ਨੂੰ ਹੀ ਕੁਚਲ ਕੇ ਰੱਖ ਦਿੱਤਾ। ਮੁਗਲ ਤੇ ਪਹਾੜੀ ਰਾਜੇ ਆਪਣਾ ਨਿਤ ਦਾ ਨੁਕਸਾਨ ਦੇਖ ਕੇ ਪ੍ਰੇਸ਼ਾਨ ਹੋ ਗਏ। ਆਖੀਰ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਪਾ ਲਿਆ। 1704 ਈਸਵੀ ਵਿੱਚ ਪਾਇਆ ਇਹ ਘੇਰ ਤਰਕਰੀਬਨ  ਸੱਤ ਤੋਂ ਅੱਠ ਮਹੀਨੇ ਤਕ ਚਲਿਆ।

        ਘੇਰੇ ਵਿੱਚ ਘਿਰੇ ਸਿੰਘਾਂ ਕੋਲ ਰਸਤ ਪਾਣੀ ਦੀ ਵੱਡੀ ਕਮੀ ਹੋ ਗਈ। ਭੁੱਖ ਤੇ ਪਿਆਸ ਨਾਲ ਚੂਰ ਸਿੰਘ ਹੁਣ ਆਰ ਪਾਰ ਦੀ ਜੰਗ ਕਰਨਾ ਲੋਚਦੇ ਸਨ ਪਰ ਗੁਰੂ ਸਾਹਿਬ ਅਜਾਂਈ ਆਪਣੇ ਸਿੰਘਾਂ ਨੂੰ ਗੁਆਣਾ ਨਹੀਂ ਚਾਹੁੰਦੇ ਸਨ। ਓਧਰ ਮੁਗਲ ਤੇ ਪਹਾੜੀ ਰਾਜਿਆਂ ਨੂੰ ਆਪਣੀ ਲੱਖਾਂ ਦੀ ਗਿਣਤੀ ਦੀ ਭਾਰੀ ਫੋਜ ਦੀ ਸਾਂਭ ਸੰਭਾਲ ਕਰਨੀ ਔਖੀ ਹੋ ਗਈ ਸੀ ਤੇ ਫੌਜ ਵਿੱਚ ਫੁੱਟ ਪੈ ਗਈ। ਉਹ ਐਨੇ ਮਜ਼ਬੂਰ ਹੋ ਗਏ ਕਿ ਉਨ੍ਹਾਂ ਨੂੰ ਘੇਰਾ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਦਿਸ ਰਿਹਾ। ਉਨ੍ਹਾਂ ਨੇ ਆਪਸੀ ਵਿਚਾਰ ਕਰਕੇ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਦੇ ਲਈ ਇੱਕ ਸੁਨੇਹਾ ਭੇਜਿਆ, ਜਿਸ ਵਿੱਚ ਉਨ੍ਹਾਂ ਨੇ ਗਊ ਅਤੇ ਕੁਰਾਨ ਦੀਆਂ ਝੂਠੀਆਂ ਕਸਮਾਂ ਤਕ ਖਾਦੀਆਂ। ਪਿਆਸੇ ਤਿਹਾਏ ਸਿੰਘਾਂ ਨੇ ਵੀ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਦੀ ਬੇਨਤੀ ਕੀਤੀ। ਆਖਿਰ ਗੁਰੂ ਸਾਹਿਬ ਨੇ ਕਿਲ੍ਹਾ ਖਾਲੀ ਕਰਨ ਦਾ ਫੈਸਲਾ ਕਰ ਲਿਆ ਪਰ ਅੰਤਰਜਾਮੀ ਗੁਰੂ ਸਾਹਿਬ ਪਹਾੜੀ ਤੇ ਮੁਗਲਾਂ ਦੇ ਦਿਲ ਦੀਆਂ ਜਾਣਦੇ ਸਨ।

ਪੈਗ਼ਾਮ ਸੁਨ ਕੇ ਸਤਿਗੁਰੂ ਖ਼ਾਮੋਸ਼ ਹੋ ਗਏ । ਪੈਦਾ ਤਬੀਅਤੋਂ ਮੇਂ ਮਗਰ ਜੋਸ਼ ਹੋ ਗਏ ।
ਦਰ-ਪਏ ਨਿਕਾਲਨੇ ਕੇ ਸਿਤਮ-ਕੋਸ਼ ਹੋ ਗਏ । ਜਾਤੇ ਹੈਂ ਹਮ ਤੋ ਬੋਲੇਂਗੇ ਰੂਪੋਸ਼ ਹੋ ਗਏ ।
ਲਲਕਾਰੇ ਫ਼ੌਜ ਸੇ ਕਿ ਕਿਲੇ ਸੇ ਨਿਕਲ ਚਲੋ । ਦੁਸ਼ਮਨ ਸੇ ਹੋਸ਼ਯਾਰ ਰਹੋ ਔਰ ਸੰਭਲ ਚਲੋ ।

(ਜੋਗੀ ਅੱਲ੍ਹਾ ਯਾਰ ਖਾਂ )

- Advertisement -

ਕਾਲੀ ਹਨੇਰੀ ਰਾਤ ਵਿੱਚ ਸਾਹਿਬ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਦਿੱਤਾ। ਗੁਰੂ ਸਾਹਿਬ ਮਾਤਾ ਗੁਜਰੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ, ਚਾਰੇ ਸਾਹਿਬਜ਼ਾਦੇ ਅਤੇ ਸਿਦਕੀ ਸਿੰਘਾਂ ਦੀ ਫੌਜ ਨਾਲ ਰਾਤ ਸਮੇਂ ਕਿਲ੍ਹੇ ਤੋਂ ਨਿਕਲ ਪਏ। ਕੀਰਤਪੁਰ ਸਾਹਿਬ, ਸਾਹਾ ਟਿੱਬੀ  ਹੁੰਦੇ ਹੋਏ ਗੁਰੂ ਸਾਹਿਬ ਸਰਸਾ ਨਦੀ ਦੇ ਕਿਨਾਰੇ ਆ ਪਹੁੰਚੇ। ਜਿੱਥੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਪੜਾਅ ਕਰਨ ਦਾ ਹੁਕਮ ਦਿੱਤਾ। (ਚੱਲਦਾ)

*gurdevsinghdr@gmail.com

Share this Article
Leave a comment