ਹਰਿਆਣਾ ਦੇ ਜੇਲ੍ਹ ਮੰਤਰੀ ਨੇ ਕਰਤਾ ਐਲਾਨ, ਰਾਮ ਰਹੀਮ ਜ਼ਲਦ ਹੋਵੇਗਾ ਜੇਲ੍ਹ ‘ਚੋਂ ਬਾਹਰ, ਪ੍ਰੇਮੀਆਂ ਨੇ ਕਹਿ ਤਾ ‘ਧੰਨ ਧੰਨ ਸਤਿ ਗੁਰੂ ਤੇਰਾ ਹੀ ਆਸਰਾ”

TeamGlobalPunjab
3 Min Read

ਰੋਹਤਕ: ਇੰਝ ਜਾਪਦਾ ਹੈ ਜਿਵੇਂ ਬਲਾਤਕਾਰ ਤੇ ਕਤਲ ਦੇ ਮਾਮਲੇ ‘ਚ ਇੱਥੋਂ ਦੀ ਸੁਨਾਰੀਆਂ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਲਈ  ਹਰਿਆਣਾ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਵਿੱਚ ਕੋਈ ਦਿੱਕਤ ਨਹੀਂ ਹੈ। ਬਸ ਇੱਕ ਵਾਰ ਜ਼ਿਲ੍ਹਾ ਪ੍ਰਸਾਸ਼ਨ ਡੇਰਾ ਮੁਖੀ ਬਾਰੇ ਰਿਪੋਰਟ ਬਣਾ ਕੇ ਉਨ੍ਹਾਂ ਨੂੰ ਭੇਜ ਦੇਵੇ। ਉਸ ਤੋਂ ਬਾਅਦ ਉਹ ਬਾਬੇ ਨੂੰ ਰਿਹਾਅ ਕਰ ਦੇਣਗੇ। ਕਿਉਂ? ਕੁਝ ਸਮਝ ਆਈ? ਹੈ ਨਾ ਚੋਣਾਂ ਦਾ ਅਸਰ? ਨਹੀਂ ਤਾਂ ਜ਼ਰਾ ਯਾਦ ਕਰੋ ਦੇਸ਼ ਭਰ ਦੀਆਂ ਜੇਲ੍ਹਾਂ ਅੰਦਰ ਬੰਦ ਉਨ੍ਹਾਂ ਸਿੱਖ ਬੰਦੀਆਂ ਨੂੰ, ਜਿਹੜੇ ਦਹਾਕਿਆਂ ਪਹਿਲੇ ਜਦੋਂ ਇੱਕ ਵਾਰ ਜੇਲ੍ਹ ਗਏ ਤਾਂ ਲੋਕ ਅੱਜ ਵੀ ਉਨ੍ਹਾਂ ਦੀ ਰਿਹਾਈ ਲਈ ਮਰਨ ਚਰਤ ‘ਤੇ ਬੈਠ ਕੇ ਆਪਣਾ ਆਪਾ ਗੁਵਾਉਣ ‘ਤੇ ਤੁਲ ਗਏ ਨੇ, ਪਰ ਸਰਕਾਰਾਂ ਟਸ ਤੋਂ ਮਸ ਨਹੀਂ ਹੋਈਆਂ, ਤੇ ਰਾਮ ਰਹੀਮ…? ਇਹ ਹੁੰਦੀ ਐ ਵੋਟਾਂ ਦੀ ਤਾਕਤ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਜੇਕਰ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲ ਨਵਕਿਰਨ ਸਿੰਘ ਮੰਨੀਏ ਤਾਂ ਜਿੰਨੀ ਸਜ਼ਾ ਰਾਮ ਰਹੀਮ ਨੂੰ ਹੋਈ ਹੈ ਉੰਨੀ ਸਜ਼ਾ ਵਾਲਾ ਕੈਦੀ ਜਦੋਂ ਤੱਕ 5 ਸਾਲ ਜੇਲ੍ਹ ਨਹੀਂ ਕੱਟ ਲੈਂਦਾ, ਉਦੋਂ ਤੱਕ ਉਸਨੂੰ ਕਾਨੂੰਨੀ ਤੌਰ ‘ਤੇ ਰਿਹਾਅ ਨਹੀਂ ਕੀਤਾ ਜਾ ਸਕਦਾ ਪਰ ਇੱਥੇ ਤਾਂ ਉਸ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਛੁਲ ਛਤਰਪਤੀ ਦੀ ਉਹ ਧਮਕੀ ਵੀ ਹਰਿਆਣਾ ਸਰਕਾਰ ਨੂੰ ਡਰਾ ਨਹੀਂ ਸਕੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਉਸਦੀ ਜਾਨ ਨੂੰ ਖਤਰਾ ਹੈ ਤੇ ਜੇਕਰ ਬਾਬੇ ਨੂੰ ਪੈਰੋਲ ਦਿੱਤੀ ਗਈ ਤਾਂ ਉਹ ਹਾਈਕੋਰਟ ‘ਚ ਇਸਦਾ ਵਿਰੋਧ ਕਰਨਗੇ।

ਦਸ ਦਈਏ ਕਿ ਪਵਾਰ ਨੇ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਸਿਰਸਾ ਜੇਲ੍ਹ ਪ੍ਰਸਾਸ਼ਨ ਤੋਂ ਰਾਮ ਰਹੀਮ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਹੈ। ਫਿਰ ਉਹ ਬਾਬੇ ਨੂੰ ਪੈਰੋਲ ਦੇ ਦੇਣਗੇ। ਇੱਥੇ ਪਵਾਰ ਨੇ ਇਹ ਵੀ ਕਿਹਾ ਸੀ, ਕਿ ਸਰਕਾਰ ਰਾਮ ਰਹੀਮ ਦਾ ਰੋਜ਼ਾਨਾ ਥਾਣੇ ‘ਚ ਹਾਜ਼ਰੀ ਲਵਾਉਣਾ ਵੀ ਪੱਕਾ ਕਰੇਗੀ ਤਾਂ ਜੋ ਉਹ ਕਿਸੇ ਬਾਹਰਲੇ ਮੁਲਕ ‘ਚ ਨਾ ਭੱਜ ਜਾਵੇ।

ਕ੍ਰਿਸ਼ਨ ਲਾਲ ਪਵਾਰ ਨੇ ਇਹ ਬਿਆਨ ਇਹ ਦਾਅਵਾ ਕਰਦਿਆਂ ਦਿੱਤਾ ਹੈ ਕਿ ਕਾਨੂੰਨ ਅਨੁਸਾਰ ਰਾਮ ਰਹੀਮ ਨੇ ਜੇਲ੍ਹ ਅੰਦਰ  1 ਸਾਲ ਕੱਟ  ਲਿਆ ਹੈ ਲਿਹਾਜ਼ਾ ਹੁਣ ਉਸ ਨੂੰ ਆਪਣੀ ਖੇਤੀ ਕਰਨ ਲਈ ਪੈਰੋਲ ਲੈਣ ਦਾ ਅਧਿਕਾਰ ਹੈ। ਉਧਰ ਦੂਜੇ ਪਾਸੇ ਹਰਿਆਣਾ ਅੰਦਰ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਦੇ ਖੱਟਰ ਸਰਕਾਰ ਦੇ ਫੈਸਲੇ ਨੇ ਕਈਆਂ ਦੇ ਭਰਵਿੱਟੇ ਉੱਤੇ ਚਾੜ੍ਹ ਦਿੱਤੇ ਹਨ। ਵਿਰੋਧੀ ਇਸ ਨੂੰ ਖੱਟਰ ਸਰਕਾਰ ਦੀ ਪ੍ਰੇਮੀਆਂ ਕੋਲੋ ਵੋਟਾਂ ਹਾਸਲ ਕਰਨ ਦੀ ਇੱਕ ਸਾਜਸ਼ ਦੱਸ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਖੱਟਰ ਸਰਕਾਰ ਪੰਜਾਬ ਅੰਦਰ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਵਿਸਫੋਟਕ ਹੋਏ ਹਾਲਾਤ ਨੂੰ ਦੇਖ ਕੇ ਬਾਬੇ ਨੂੰ ਪੈਰੋਲ ਦੇਣ ਦਾ ਫੈਸਲਾ ਕਰੇਗੀ, ਜਾਂ ਵੋਟਾਂ ਖਾਤਰ ਸਿਆਸਤ ਨੂੰ ਵੀ ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੈ ਵਾਲੀ ਕਹਾਵਤ ਵਿੱਚ ਵਾੜਨ ਦੀ ਕੋਸ਼ਿਸ਼ ਕਰਦੀ ਹੈ?

Share this Article
Leave a comment