Home / ਸਿਆਸਤ / ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ! ਕੀ ਬਣੂੰ ਇਸ ਨੌਜਵਾਨ ਪੀੜ੍ਹੀ ਦਾ!

ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ! ਕੀ ਬਣੂੰ ਇਸ ਨੌਜਵਾਨ ਪੀੜ੍ਹੀ ਦਾ!

ਅੰਮ੍ਰਿਤਸਰ : ਨੌਜਵਾਨ ਪੀੜ੍ਹੀ ਕਿਸੇ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਸਮਝੀ ਜਾਂਦੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਹੀ ਇਹ ਤੈਅ ਕਰਦੀ ਹੈ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਚੜਾਅ ਵੱਲ ਲੈ ਕੇ ਜਾਣਾ ਹੈ ਜਾਂ ਉਤਰਾਅ ਵੱਲ। ਪਰ ਜੇਕਰ ਉਹੀ ਨੌਜਵਾਨ ਪੀੜ੍ਹੀ ਆਪਣੇ ਦੇਸ਼ ਨੂੰ ਮਨੋਂ ਵਿਸਾਰ ਦੇਵੇ ਤਾਂ ਉਸ ਦੇਸ਼ ਦੀ ਬਰਬਾਦੀ ਨੂੰ ਕੋਈ ਨਹੀਂ ਰੋਕ ਸਕਦਾ। ਇਸੇ ਸਿਲਸਿਲੇ ‘ਚ ਜੇਕਰ ਗੱਲ ਕਰੀਏ ਭਾਰਤ ਦੀ ਤਾਂ ਇਹ ਇੱਕ ਲੋਕਤੰਤਰ ਦੇਸ਼ ਹੈ। ਲੋਕਤੰਤਰ ਦਾ ਅਰਥ ਹੈ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਚੁਣੀ ਗਈ ਆਪਣੀ ਸਰਕਾਰ। ਭਾਰਤ ਵਿੱਚ ਇਹ ਸਰਕਾਰ ਵੋਟ ਪ੍ਰਣਾਲੀ ਦੀ ਮਦਦ ਨਾਲ ਚੁਣੀ ਜਾਂਦੀ ਹੈ। ਪਰ ਜੇਕਰ ਨੌਜਵਾਨ ਪੀੜ੍ਹੀ ਵੋਟ ਹੀ ਨਹੀਂ ਬਣਵਾਏਗੀ ਤਾਂ ਸਰਕਾਰ ਦੀ ਚੋਣ ਕਿਸ ਤਰ੍ਹਾਂ ਹੋਵੇਗੀ? ਇਸ ਸਬੰਧੀ ਸਭ ਤੋਂ ਪਹਿਲਾ ਅਹਿਮ ਮੁੱਦਾ ਇਹ ਹੈ ਕਿ ਆਖ਼ਿਰਕਾਰ ਕਿਉਂ ਨੌਜਵਾਨ ਪੀੜ੍ਹੀ ਵੋਟ ਬਣਵਾਉਣ ‘ਚ ਦਿਲਚਸਪੀ ਨਹੀਂ ਲੈ ਰਹੀ? ਇਸ ਦਾ ਜਵਾਬ ਹੈ ਦਿਨ’-ਬ-ਦਿਨ ਵੱਧ ਰਹੀ ਬੇਰੁਜ਼ਗਾਰੀ, ਜਿਸ ਕਾਰਨ ਕੋਈ ਵੀ ਨੌਜਵਾਨ ਇੱਥੇ ਨਹੀਂ ਰਹਿਣਾ ਚਾਹੁੰਦਾ। ਉਹ ਸੋਚਦੇ ਹਨ ਕਿ ਜਿਸ ਦੇਸ਼ ‘ਚ ਰਹਿਣਾ ਹੀ ਨਹੀਂ ਫਿਰ ਉੱਥੋ ਦਾ ਵੋਟ ਦਾ ਅਧਿਕਾਰ ਹਾਸਲ ਕਰਕੇ ਵੀ ਕੀ ਕਰਨਾ ਹੈ? ਜੇਕਰ ਗੱਲ ਕਰੀਏ ਅੱਜ ਤੋਂ ਇੱਕ ਦਹਾਕਾ ਪਹਿਲਾਂ ਦੀ ਕਿਸੇ ਵੀ ਬਾਲਗ ਮੁੰਡੇ ਕੁੜੀ ਲਈ ਆਪਣੀ ਵੋਟ ਬਣਵਾਉਣਾ ਬੜਾ ਹੀ ਮੁਸ਼ਕਲ ਕੰਮ ਮੰਨਿਆ ਜਾਂਦਾ ਸੀ। ਪਰ ਹੁਣ ਪਿਛਲੇ ਕੁਝ ਸਾਲਾਂ ‘ਚ ਚੋਣ ਕਮਿਸ਼ਨ ਨੇ ਇਸ ਪ੍ਰਣਾਲੀ ਨੂੰ ਕਾਫੀ ਸਰਲ ਕਰ ਦਿੱਤਾ ਹੈ। ਵੋਟ ਬਣਵਾਉਣ ਲਈ ਹਰ ਮੁਹੱਲੇ ‘ਚ ਇੱਕ ਬੂਥ ਲੈਵਲ ਅਫਸਰ ਤਾਇਨਾਤ ਕਰ ਦਿੱਤਾ ਹੈ, ਪੜ੍ਹੇ-ਲਿਖਿਆਂ ਲਈ ਤਾਂ ਇਹ ਹੋਰ ਵੀ ਆਸਾਨ ਹੋ ਚੁੱਕਾ ਹੈ ਕਿਉਂਕਿ ਉਹ ਤਾਂ ਆਨਲਾਇਨ ਫਾਰਮ ਭਰ ਕੇ ਹੀ ਆਪਣੀ ਵੋਟ ਬਣਵਾ ਸਕਦੇ ਹਨ, ਪਰ ਕੀ ਫਾਇਦਾ ਇੰਨੀ ਸੌਖੀ ਪ੍ਰਕਿਰਿਆ ਹੋ ਜਾਣ ਦੇ ਬਾਵਜੂਦ ਵੀ ਇੰਝ ਲੱਗਦਾ ਹੈ ਕਿ ਨੌਜਵਾਨਾਂ ਅੰਦਰੋਂ ਵੋਟ ਬਣਵਾਉਣ ਦਾ ਰੁਝਾਨ ਖੰਭ ਲਾ ਕੇ ਹੀ ਉੱਡ ਗਿਆ ਹੈ ਅਤੇ ਇਸੇ ਲਈ ਉਹ ਵੋਟ ਨੂੰ ਮਹੱਤਵ ਨਾ ਦਿੰਦੇ ਹੋਏ ਪਾਸਪੋਰਟ ਦਫਤਰਾਂ ਵੱਲ ਪੰਛੀਆਂ ਦੀਆਂ ਡਾਰਾਂ ਵਾਂਗ ਉੱਡੇ ਜਾ ਰਹੇ ਨੇ। ਇਸ ਸਬੰਧੀ ਜੇਕਰ ਗੱਲ ਕਰੀਏ ਅੰਕੜਿਆਂ ਦੀ ਤਾਂ ਇਕੱਲੇ ਅੰਮ੍ਰਿਤਸਰ ‘ਚ ਹੀ 1 ਲੱਖ 14 ਹਜ਼ਾਰ ਦੇ ਕਰੀਬ ਲੜਕੇ-ਲੜਕੀਆਂ ਹਨ। ਪਰ ਇਨ੍ਹਾਂ ਵਿੱਚੋਂ 14 ਫੀਸਦੀ ਨੌਜਵਾਨਾਂ ਨੇ ਹੀ ਆਪਣੀ ਵੋਟ ਬਣਵਾਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ  ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਵੋਟ ਬਣਵਾਉਣ ਲਈ ਨੌਜਵਾਨਾਂ ਨੂੰ ਜਾਗਰੁਕ ਕਰਨ ਦਾ ਹਰ ਦਿਨ ਨਵਾਂ ਉਪਰਾਲਾ ਕਰ ਰਹੇ ਨੇ ਪਰ ਨੌਜਵਾਨਾਂ ਦਾ ਰੁਝਾਨ ਪਾਸਪੋਰਟ ਵੱਲ ਹੀ ਲੱਗਿਆ ਹੋਇਆ ਹੈ।

Check Also

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ‘ਤੇ ਦੁੱਖ ਦਾ ਪ੍ਰਗਟਾਵਾ, ਪਾਇਲਟ ਦੀ ਦੁਖਦਾਇਕ ਮੌਤ ‘ਤੇ ਡੂੰਘਾ ਅਫਸੋਸ ਜ਼ਾਹਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਪਟਿਆਲਾ ਵਿਖੇ ਫੌਜੀ …

Leave a Reply

Your email address will not be published. Required fields are marked *