ਸੁਨਾਮ ‘ਚ ਸ਼ਰੇਆਮ ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ!

TeamGlobalPunjab
3 Min Read

ਸੁਨਾਮ : ਸੂਬੇ ‘ਚ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਹਰ ਦਿਨ ਕਿਸੇ ਨਾ ਕਿਸੇ ਦੇ ਕਤਲ ਦੀ ਵਾਰਦਾਤ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਇਸੇ ਸਿਲਸਿਲੇ ਦੇ ਚਲਦਿਆਂ ਹੁਣ ਸੁਨਾਮ ਅੰਦਰ ਵੀ ਸ਼ਰੇਆਮ ਇੱਕ ਨੌਜਵਾਨ ਦੀ ਕਿਰਚਾਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਇੱਥੇ ਰੇਲਵੇ ਸਟੇਸ਼ਨ ‘ਤੇ ਪਾਰਕਿੰਗ ‘ਚ ਕੰਮ ਕਰਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾਂ ਨੇ ਦੱਸਿਆ ਕਿ ਸ਼ਰੇਆਮ ਵਿਅਕਤੀ ਨੇ ਰਾਤ ਸਮੇਂ ਪਾਰਕਿੰਗ ‘ਚ ਆ ਕੇ ਕਿਰਚਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸੁਨਾਮ ਅੰਦਰ ਕਿਧਰੇ ਵੀ ਲੋਕ ਸੁਰੱਖਿਅਤ ਨਹੀਂ ਹਨ ਅਤੇ ਕਦੀ ਕਿਸੇ ਪਾਸੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਅਤੇ ਕਦੀ ਅਜਿਹੀ ਘਟਨਾ ਵਾਪਰ ਜਾਂਦੀ ਹੈ। ਪੀੜਤਾਂ ਨੇ ਦੱਸਿਆ ਕਿ ਮੁਲਜ਼ਮ ਸ਼ਰੇਆਮ ਸੀਸੀਟੀਵੀ ਕੈਮਰੇ ‘ਚ ਕਿਰਚ ਲੈ ਕੇ ਆਉਂਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਰੇਲਵੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਹਾਲਾਤ ਇਹ ਹਨ ਕਿ ਘਰਾਂ ‘ਚ ਬੈਠੇ ਲੋਕਾਂ ‘ਤੇ ਪਰਚੇ ਦਰਜ ਹੋ ਰਹੇ ਹਨ। ਪੀੜਤਾਂ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਉਹ ਮ੍ਰਿਤਕ ਦੇਹ ਦਾ ਸੰਸਕਾਰ ਨਹੀਂ ਕਰਨਗੇ ਅਤੇ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ।

ਇਸ ਮਾਮਲੇ ਸਬੰਧੀ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਸ਼ਾਲ ਕੁਮਾਰ ਉਰਫ ਸੈਂਟੀ ਨਾਮਕ ਵਿਅਕਤੀ ਨੇ ਇੱਥੇ ਪਾਰਕਿੰਗ ਸਟੈਂਡ ਦਾ ਠੇਕਾ ਲਿਆ ਹੋਇਆ ਹੈ ਅਤੇ ਇੱਥੇ ਪਾਰਕਿੰਗ ਸਟੈਂਡ ‘ਚ ਇੱਕ ਵਿਅਕਤੀ ਆਪਣਾ ਮੋਟਰ ਸਾਇਕਲ ਲੈਣ ਆਇਆ ਸੀ ਅਤੇ ਕਹਿ ਰਿਹਾ ਸੀ ਕਿ ਉਸ ਤੋਂ ਸਟੈਂਡ ਦੀ ਪਰਚੀ ਗਵਾਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਸਟੈਂਡ ਵਾਲਿਆਂ ਨੇ ਉਸ ਤੋਂ ਮੋਟਰ ਸਾਇਕਲ ਦਾ ਨੰਬਰ ਮੰਗਿਆ ਤਾਂ ਉਸ ਨੂੰ ਯਾਦ ਨਹੀਂ ਸੀ ਅਤੇ ਫਿਰ ਜਦੋਂ ਉਸ ਅਣਜਾਣ ਵਿਅਕਤੀ ਨੇ ਆਪਣਾ ਮੋਟਰ ਸਾਇਕਲ ਦੱਸਿਆ ਤਾਂ ਉਹ ਹੋਰ ਕਿਸੇ ਦਾ ਸੀ ਅਤੇ ਇਸ ਤੋਂ ਬਾਅਦ ਉਹ ਇਕ ਵਾਰ ਤਾਂ ਚਲਾ ਗਿਆ ਅਤੇ ਫਿਰ ਵਾਪਸ ਆ ਗਿਆ ਅਤੇ ਇਸ ਦੌਰਾਨ ਉਸ ਵਿਅਕਤੀ ਦੀ ਇਨ੍ਹਾਂ ਨਾਲ ਬਹਿਸ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਵਿਸ਼ਾਲ ਕੁਮਾਰ ਨੇ ਅਣਜਾਣ ਵਿਅਕਤੀ ਨੂੰ ਫੜ ਕੇ ਪੁਲਿਸ ਕੋਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਰਚ ਨਾਲ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਉਹ ਕੇਸ ਦੀ ਜਾਂਚ ਕਰ ਰਹੇ ਹਨ।

Share this Article
Leave a comment