ਅੰਮ੍ਰਿਤਸਰ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਜੇਕਰ ਕਿਸੇ ਮੁੱਦੇ ਨੇ ਲੋਕਾਂ ਦਾ ਧਿਆਨ ਸਭ ਤੋਂ ਵੱਧ ਖਿੱਚ ਰੱਖਿਆ ਹੈ ਤਾਂ ਉਹ ਹੈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਦੀ ਵਜ਼ਾਰਤ ਵਿੱਚੋਂ ਦਿੱਤਾ ਗਿਆ ਅਸਤੀਫਾ। ਜਿਸ ‘ਤੇ ਲਗਭਗ ਸਾਰੇ ਹੀ ਸਿਆਸਤਦਾਨ ਆਪੋ ਆਪਣੇ ਫਾਇਦੇ ਅਤੇ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਟੀਕਾ ਟਿੱਪਣੀਆਂ ਕਰ ਰਹੇ ਹਨ। ਅਜਿਹੀ ਹੀ ਇੱਕ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੀਤੀ ਹੈ, ਜਿਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਇੰਝ ਜਾਪ ਰਹੀ ਹੈ ਜਿਵੇਂ ਉਨ੍ਹਾਂ ਨੇ ਸੂਬੇ ਦੇ ਉਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਂ ‘ਚ ਹਾਂ ਮਿਲਾਈ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਉਨ੍ਹਾਂ ਦੀ ਬਦੌਲਤ ਅੱਜ ਇੱਥੇ ਖੜ੍ਹੇ ਹਨ। ਸੁਖਬੀਰ ਦਾ ਕਹਿਣਾ ਹੈ ਕਿ ਬਿਜਲੀ ਮੰਤਰੀ ਦਾ ਆਹੁਦਾ ਕੋਈ ਛੋਟਾ ਆਹੁਦਾ ਨਹੀਂ ਹੁੰਦਾ। ਨਵਜੋਤ ਸਿੰਘ ਸਿੱਧੂ ਕੋਲ ਇਸ ਆਹੁਦੇ ਜਰੀਏ ਗੁਰੂ ਨਗਰੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਇੱਕ ਸੁਨਹਿਰੀ ਮੌਕਾ ਸੀ ਜੋ ਉਨ੍ਹਾਂ ਨੇ ਗਵਾ ਦਿੱਤਾ। ਸੁਖਬੀਰ ਬਾਦਲ ਨੇ ਸਿੱਧੂ ‘ਤੇ ਦੋਸ਼ ਲਾਇਆ ਕਿ ਅੰਮ੍ਰਿਤਸਰ ਦੇ ਅੱਜ ਜੋ ਵੀ ਹਾਲਾਤ ਹਨ ਉਹ ਸਿੱਧੂ ਦੀ ਕਾਰਗੁਜ਼ਾਰੀ ਬਿਆਨ ਕਰ ਰਹੇ ਹਨ।
ਇੱਥੇ ਹੀ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਪੰਜਾਬ ਦੇ ਸ਼ਹਿਰਾਂ ਅੰਦਰ ਹਾਰ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੋਈ ਹੈ।