Home / ਓਪੀਨੀਅਨ / ਸਿਆਸਤਦਾਨਾਂ ਵੱਲੋਂ ਬਦਦੁਆਵਾਂ ਦੇਣ ਤੇ ਸਹੁੰਆਂ ਖਾਣ ਪਿੱਛੇ ਦਾ ਸੱਚ? ਪੜ੍ਹ ਕੇ ਰਹਿ ਜਾਓਗੇ ਹੈਰਾਨ!

ਸਿਆਸਤਦਾਨਾਂ ਵੱਲੋਂ ਬਦਦੁਆਵਾਂ ਦੇਣ ਤੇ ਸਹੁੰਆਂ ਖਾਣ ਪਿੱਛੇ ਦਾ ਸੱਚ? ਪੜ੍ਹ ਕੇ ਰਹਿ ਜਾਓਗੇ ਹੈਰਾਨ!

ਕੁਲਵੰਤ ਸਿੰਘ

ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ “ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ੍ਹ” ਯਾਨੀਕਿ ਜਿਹੜਾ ਤਾਕਤਵਰ ਹੈ ਉਹ ਗੁੱਸਾ ਆਉਣ ‘ਤੇ ਆਪਣੇ ਤੋਂ ਕਮਜੋਰ ਨੂੰ ਕੁੱਟ ਦਿੰਦਾ ਹੈ ਤੇ ਜਿਹੜਾ ਕਮਜੋਰ ਹੈ ਜੇ ਉਸ ਨੂੰ ਆਪਣੇ ਤੋਂ ਤਾਕਤਵਰ ‘ਤੇ ਗੁੱਸਾ ਆਉਂਦਾ ਹੈ ਤਾਂ ਉਹ ਗਾਲ੍ਹਾਂ ਕੱਢ ਕੇ ਹੀ ਸਾਰ ਲੈਂਦਾ ਹੈ। ਪਰ ਇੰਝ ਜਾਪਦਾ ਹੈ ਜਿਵੇਂ ਪੰਜਾਬ ਦੀ ਸਿਆਸਤ ਵਿੱਚ ਇਸ ਕਹਾਵਤ ਦੇ ਮਾਇਨੇ ਕੁਝ ਬਦਲਣੇ ਸ਼ੁਰੂ ਹੋ ਗਏ ਹਨ। ਇੱਥੇ ਤਾਕਤਵਰ ਡਾਢੇ ਨੂੰ ਜਦੋਂ ਗੁੱਸਾ ਆਉਂਦਾ ਹੈ, ਤਾਂ ਉਹ ਆਪਣੇ ਵਿਰੋਧੀਆਂ ਨੂੰ ਬਦਦੁਆਵਾਂ ਦੇ ਰਹੇ ਹਨ ਤੇ ਆਪਣੇ ਉੱਤੇ ਇਲਜ਼ਾਮ ਲੱਗਣ ‘ਤੇ ਉਨ੍ਹਾਂ ਇਲਜ਼ਾਮਾਂ ਤੋਂ ਪਿੱਛਾ ਛੜਾਉਣ ਲਈ ਇਹ ਲੋਕ ਸਹੁੰਆਂ ਖਾਣ ‘ਤੇ ਉਤਾਰੂ ਹੋ ਗਏ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ (ਸ਼ਾਇਦ ਵਿਰੋਧੀਆਂ ਨੂੰ ਇਹ ਗੱਲ ਪਸੰਦ ਨਾ ਆਵੇ) ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ, ਜਿਹੜੇ ਕਿ ਇਸ ਵੇਲੇ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਬੁਰੀ ਤਰ੍ਹਾਂ ਘਿਰਣ ਤੋਂ ਬਾਅਦ ਹੁਣ ਆਪਣੇ ਵਿਰੋਧੀਆਂ ਨੂੰ ਨਾ ਸਿਰਫ ਬਦਦੁਆਵਾਂ ਦੇ ਰਹੇ ਹਨ, ਬਲਕਿ ਆਪਣੀ ਗੱਲ ਦਾ ਲੋਕਾਂ ਨੂੰ ਵਿਸ਼ਵਾਸ ਦਵਾਉਣ ਲਈ ਸਹੁੰਆਂ ਖਾਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਉਸ ਵੇਲੇ ਜਦੋਂ ਦੁਨੀਆਂ ਚੰਨ ਅਤੇ ਮੰਗਲ ਫਤਹਿ ਕਰਨ ਦੀ ਗੱਲ ਕਰਨ ਦੇ ਨਾਲ ਨਾਲ ਸੂਰਜ ‘ਤੇ ਜਾਣ ਦੇ ਵੀ ਮਨਸੂਬੇ ਘੜ ਰਹੀ ਹੈ, ਵਿਗਿਆਨ ਦੇ ਇਸ ਦੌਰ ਵਿੱਚ ਇੰਨੇ ਵੱਡੇ ਵੱਡੇ ਲੋਕਾਂ ਨੂੰ ਇੰਝ ਸਹੁੰਆਂ ਖਾਂਦਿਆਂ ਅਤੇ ਬਦਦੁਆਵਾਂ ਦਿੰਦਿਆਂ ਵੇਖ ਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਇਨ੍ਹਾਂ ਲੋਕਾਂ ਦਾ ਕਨੂੰਨ ਤੋਂ ਵਿਸ਼ਵਾਸ ਉਠ ਗਿਆ ਹੈ?  ਤੇ ਜੇਕਰ ਅਜਿਹਾ ਹੈ ਤਾਂ ਫਿਰ ਇਹੋ ਜਿਹੇ ਸਿਆਸਤਦਾਨ ਲੋਕਾਂ ਨੂੰ ਕਨੂੰਨ ‘ਤੇ ਵਿਸ਼ਵਾਸ ਰੱਖਣ ਦੀਆਂ ਤਕਰੀਰਾਂ ਕਿਵੇਂ ਦੇ ਸਕਦੇ ਹਨ? ਤੇ ਜੇਕਰ ਇਹ ਸੱਚ ਹੈ ਕਿ ਇਨ੍ਹਾਂ ਦਾ ਕਨੂੰਨ ਤੋਂ ਵਿਸ਼ਵਾਸ ਉਠ ਗਿਆ ਹੈ ਤਾਂ ਫਿਰ ਇਨ੍ਹਾਂ ਨੂੰ ਸਿਆਸਤ ਵਿੱਚ ਬਣੇ ਰਹਿਣ ਦਾ ਕੀ ਹੱਕ ਹੈ? ਕੀ ਸਮਾਜ ਦੇ ਰੋਲ ਮਾਡਲ ਸਮਝੇ ਜਾਂਦੇ ਇਹੋ ਜਿਹੇ ਵੱਡੇ ਲੋਕਾਂ ਨੂੰ ਦੇਖ ਕੇ ਹੋਰ ਲੋਕਾਂ ਦਾ ਵਿਸ਼ਵਾਸ ਕਨੂੰਨ ਤੋਂ ਨਹੀਂ ਡੋਲੇਗਾ?  ਕੀ ਸਹੁੰਆਂ ਖਾਣ ਤੇ ਬਦਦੁਆਵਾਂ ਦੇਣ ਦਾ ਇਹ ਚਲਣ ਵਧ ਕੇ ਸਾਡੇ ਸਮਾਜ ਦੀ ਦੇਸ਼ਾ ਵਿਦੇਸ਼ਾਂ ਵਿੱਚ ਬਦਨਾਮੀ ਨਹੀਂ ਕਰੇਗਾ? ਤੇ ਜੇਕਰ ਇਹ ਸੱਚ ਹੈ ਤਾਂ ਫਿਰ ਅਸੀਂ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰਨ ਜਾ ਰਹੇ ਹਾਂ? ਇਹ ਸਵਾਲ ਕਿਉਂ ਉਠ ਰਹੇ ਹਨ? ਇਸ ਲਈ ਆਪਾਂ ਨੂੰ ਬਾਦਲ ਪਰਿਵਾਰ ‘ਤੇ ਲੱਗ ਰਹੇ ਦੋਸ਼ਾਂ ਦੇ ਕੁਝ ਵਿਸਥਾਰ ਵੱਲ ਜਾਣਾ ਪਵੇਗਾ। ਚਲੋ ਚਲਦੇ ਹਾਂ।  

ਇਹ ਗੱਲ ਸ਼ੁਰੂ ਹੁੰਦੀ ਹੈ ਸਾਲ 2015 ਦੌਰਾਨ ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਦੇ ਪੌਣੇ 2 ਸਾਲ ਰਹਿੰਦਿਆਂ ਨਾ ਤਾਂ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦੇ ਪਾਈ, ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ‘ਤੇ ਕੁਝ ਮੱਲ੍ਹਮ ਲਾ ਸਕੀ। ਉਲਟਾ ਜਿਸ ਪੁਲਿਸ ਨੇ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਮਾਰ ਤੇ ਕਈਆਂ ਨੂੰ ਜਖਮੀ ਕਰ ਦਿੱਤਾ ਸੀ ਉਸ ਪੁਲਿਸ ‘ਤੇ ਜਦੋਂ ਪਰਚਾ ਦੇਣ ਦੀ ਗੱਲ ਆਈ ਤਾਂ ਉਹ ਵੀ ਅਣਪਛਾਤੀ ਪੁਲਿਸ ‘ਤੇ ਦੇ ਦਿੱਤਾ। ਯਾਨੀਕਿ ਪੁਲਿਸ ਨੂੰ ਆਪ ਨੂੰ ਨਹੀਂ ਪਤਾ ਕਿ ਕਿਹੜੇ ਪੁਲਿਸ ਵਾਲੇ ਉਸ ਵੇਲੇ ਡਿਉਟੀ ‘ਤੇ ਸੀ ਤੇ ਕਿਹੜੇ ਪੁਲਿਸ ਵਾਲਿਆਂ ਨੂੰ ਉਸ ਵੇਲੇ ਗੋਲੀ ਚਲਾਈ ਸੀ? ਹੋਰ ਗੱਲਾਂ ਤਾਂ ਛੱਡੋ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਸਾਫ ਦਿਖਾਈ ਦਿੱਤਾ ਕਿ ਕਿਹੜੇ ਪੁਲਿਸ ਵਾਲਿਆਂ ਨੇ ਗੋਲੀ ਚਲਾਈ, ਤੇ ਕੌਣ ਲੋਕ ਉਸ ਵੇਲੇ ਮੌਕੇ ‘ਤੇ ਮੌਜੂਦ ਸੀ, ਪਰ ਇਸ ਦੇ ਬਾਵਜੂਦ ਵੀ ਕਨੂੰਨ ਨੂੰ ਛਿੱਕੇ ‘ਤੇ ਟੰਗ ਦਿੱਤਾ ਗਿਆ।

ਇਸ ਤੋਂ ਬਾਅਦ ਸਾਲ 2017 ਦੌਰਾਨ ਵਿਧਾਨ ਸਭਾ ਚੋਣਾਂ ਆਈਆਂ ਤੇ ‘ਆਪ’ ਅਤੇ ਕਾਂਗਰਸ ਵਰਗੀਆਂ ਵਿਰੋਧੀ ਧਿਰਾਂ ਨੇ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਨੂੰ ਚੋਣ ਮੁੱਦਾ ਬਣਾ ਕੇ ਅਕਾਲੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਦੱਬ ਕੇ ਭੰਡਿਆ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਅਕਾਲੀ ਦਲ ਦੀ ਉਨ੍ਹਾਂ ਚੋਣਾਂ ਵਿੱਚ ਸਿਆਸੀ ਤੌਰ ‘ਤੇ ਫੱਟੀ ਪੁਚ ਗਈ (ਸਫਾਇਆ ਹੋ ਗਿਆ) ਤੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ 15 ਸੀਟਾਂ ਲੈ ਕੇ ਬਿਲਕੁਲ ਹਾਸ਼ੀਏ ‘ਤੇ ਆ ਗਿਆ। ਅਕਾਲੀ ਦਲ ਤੇ ਖਾਸ ਕਰ ਬਾਦਲ ਪਰਿਵਾਰ ਦੇ ਮਨ ਵਿੱਚ ਇਸ ਗੱਲ ਦੀ ਬੜੀ ਵੱਡੀ ਟੀਸ ਸੀ, ਕਿ ਇਸ ਮੁੱਦੇ ਨੇ ਉਨ੍ਹਾਂ ਦੀ ਪਾਰਟੀ ਨੂੰ ਹਰਾ ਕੇ ਖਤਮ ਹੋਣ ਕੰਡੇ ਲੈ ਆਂਦਾ ਹੈ। ਹੁਣ ਫਿਲਹਾਲ ਇਸ ਮਾਮਲੇ ‘ਚ ਦੋਸ਼ੀ ਕੌਣ ਹੈ? ਇਹ ਅਜੇ ਤੱਕ ਸਾਬਤ ਨਹੀਂ ਹੋ ਪਾਇਆ ਹੈ। ਜਿਸ ‘ਤੇ ਸਾਡੇ ਵੱਲੋਂ ਟਿੱਪਣੀ ਕੀਤੀ ਜਾਣੀ ਫਿਲਹਾਲ ਸਹੀ ਨਹੀਂ ਹੋਵੇਗੀ। ਪਰ ਇੰਨਾ ਜਰੂਰ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਨੇ ਹੋਰ ਤੂਲ ਫੜ ਲਿਆ, ਤੇ ਪਿਛਲੇ ਲੱਗਭਗ ਇੱਕ ਸਾਲ ਤੋਂ ਪੰਜਾਬ ਦੀਆਂ ਸੜਕਾਂ, ਗਲੀਆਂ ਤੇ ਬਜ਼ਾਰਾਂ ਵਿੱਚ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਉਨ੍ਹਾਂ ਨੂੰ ਜਗ੍ਹਾ ਜਗ੍ਹਾ ਇਨ੍ਹਾਂ ਮਾਮਲਿਆਂ ਵਿੱਚ ਘੇਰ ਕੇ ਲੋਕਾਂ ਦੇ ਮਨਾਂ ਵਿੱਚੋਂ ਇਸ ਕਾਂਡ ਨੂੰ ਨਿੱਕਲਣ ਹੀ ਨਹੀਂ ਦੇ ਰਹੀਆਂ ਸਨ।

ਅਜਿਹੇ ਵਿੱਚ ਐਸਆਈਟੀ ਅਧਿਕਾਰੀਆਂ ਨੇ ਵੀ ਆਪਣੀ ਜਾਂਚ ਦੌਰਾਨ ਹੌਲੀ ਹੌਲੀ ਦੋਸ਼ੀ ਬਾਦਲ ਪਰਿਵਾਰ ਨੂੰ ਹੀ ਠਹਿਰਾਉਣ ਵੱਲ ਕਦਮ ਅੱਗੇ ਵਧਾਉਣੇ ਸ਼ੁਰੂ ਕਰ ਦਿੱਤੇ ਸਨ, ਤੇ ਇਸ ਦੌਰਾਨ ਲੋਕ ਸਭਾ ਚੋਣਾਂ ਆ ਗਈਆਂ। ਹੁਣ ਬੇਸ਼ੱਕ ਕਨੂੰਨ ਆਪਣਾ ਕੰਮ ਕਰ ਰਿਹਾ ਸੀ ਤੇ ਜਦੋਂ ਕਦੇ ਕਨੂੰਨੀ ਤੌਰ ‘ਤੇ ਬਾਦਲਾਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਗੱਲ ਆਉਂਦੀ ਸੀ ਤਾਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਸ਼ੇਰ ਵਾਂਗ ਦਹਾੜਦੇ ਹੋਏ ਕੈਪਟਨ ਸਰਕਾਰ ਤੇ ਐਸਆਈਟੀ ਅਧਿਕਾਰੀਆਂ ਨੂੰ ਚੈਲੰਜ ਕਰ ਦਿੰਦੇ ਸਨ ਕਿ “ਜਾਓ ਸਾਡਾ ਜੋ ਵਿਗਾੜਨਾ ਹੈ ਵਿਗਾੜ ਲਓ।”

ਪਰ ਜਦੋਂ ਗੱਲ ਵੋਟਾਂ ਹਾਸਲ ਕਰਨ ਦੀ ਆਈ ਤਾਂ ਉਦੋਂ ਇਸ ਮਸਲੇ ‘ਤੇ ਬਾਦਲ ਪਰਿਵਾਰ ਨੇ ਆਪਣੇ ਆਪ ਨੂੰ ਬੇਵੱਸ ਪਾਇਆ ਕਿਉਂਕਿ ਲੋਕਾਂ ਦੇ ਮਨਾਂ ਨੂੰ ਨਾ ਤਾਂ ਧਮਕੀਆਂ ਦੇ ਕੇ ਤੇ ਨਾ ਹੀ ਕਿਸੇ ਹੋਰ ਤਰੀਕੇ ਬਦਲਿਆ ਜਾ ਸਕਦਾ ਹੈ, ਉੱਥੇ ਜਾਂ ਤਾਂ ਹਮਦਰਦੀ ਚਲਦੀ ਹੈ ਤੇ ਜਾਂ ਫਿਰ ਕੁਝ ਅਜਿਹਾ ਹੋਵੇ ਜਿਸ ਦੇ ਨਾਲ ਲੋਕ ਵਿਸ਼ਵਾਸ ਕਰ ਸਕਣ। ਸੋ ਅਜਿਹੇ ਵਿੱਚ ਗੱਲ ਬਦਦੁਆਵਾਂ ਦੇਣ ਅਤੇ ਸਹੁੰਆਂ ਖਾਣ ‘ਤੇ ਆ ਗਈ ਤਾਂ ਕਿ ਲੋਕਾਂ ਨੂੰ ਇਹ ਵਿਸ਼ਵਾਸ ਦਵਾਇਆ ਜਾ ਸਕੇ ਕਿ ਅਸੀਂ ਪੀੜਤ ਹਾਂ। ਪਰ ਸਾਥੀਓ ਭੁੱਲੋ ਨਾ ਕਿ ਕਨੂੰਨ ਦੀਆਂ ਅੱਖਾਂ ਨਹੀਂ ਹੁੰਦੀਆਂ ਤੇ ਉਹ ਸਬੂਤ ਭਾਲਦਾ ਹੈ। ਅਜਿਹੇ ਵਿੱਚ ਸਵਾਲ ਫਿਰ ਉਠਦਾ ਹੈ ਕਿ, ਕੀ ਬਦਦੁਆਵਾਂ ਦੇਣ ਨਾਲ ਤੇ ਸਹੁੰਆਂ ਖਾਣ ਨਾਲ ਕਨੂੰਨੀ ਤੌਰ ‘ਤੇ ਇਹ ਮਸਲਾ ਹੱਲ ਹੋ ਜਾਵੇਗਾ?  ਤੇ ਜੇਕਰ ਨਹੀਂ ਤਾਂ ਫਿਰ ਇਹ ਸਭ ਸਮਾਜ ਨੂੰ ਕੀ ਸੇਧ ਦੇ ਰਿਹਾ ਹੈ? ਕੀ ਇੰਝ ਬਦਦੁਆਵਾਂ ਦੇਣ ਅਤੇ ਸਹੁੰਆਂ ਖਾਣ ਦਾ ਇਹ ਚਲਣ ਵਧਦਾ ਹੋਇਆ ਵਿਗਿਆਨ ਦੇ ਇਸ ਦੌਰ ਵਿੱਚ ਸਾਡੇ ਸਮਾਜ ਦੀ ਸੋਚ ਨੂੰ ਦੱਕੀਆਨੂਸੀ ਵਿਚਾਰਾਂ ਵੱਲ ਨਹੀਂ ਧੱਕ ਰਿਹਾ? ਗੱਲ ਬੜੀ ਡੂੰਘੀ ਹੈ। ਸ਼ਾਇਦ ਕਈਆਂ ਦੇ ਸਿਰ ਉਪਰੋਂ ਦੀ ਲੰਘ ਜਾਵੇ, ਪਰ ਜੇਕਰ ਇਸ ਗੱਲ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਵਿਸ਼ਵਾਸ ਕਨੂੰਨ ‘ਤੇ ਪੱਕਾ ਹੋਵੇਗਾ, ਇਹ ਸ਼ਾਇਦ ਕੋਈ ਨਾ ਕਹਿ ਸਕੇ। ਕੀ ਕੋਈ ਧਿਆਨ ਦੇਵੇਗਾ?

Check Also

ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ, ਰਾਖੀ ਲਈ ਸਾਡੇ ਸਿੱਖ ਨੌਜਵਾਨ ਹੀ ਕਾਫੀ ਨੇ: ਜਥੇਦਾਰ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਕਸ਼ਨ ਲੈਂਦਿਆਂ 424 ਵਿਅਕਤੀਆਂ ਦੀ …

Leave a Reply

Your email address will not be published.