ਲੌਂਗੋਵਾਲ : ਲੌਗੋਂਵਾਲ ਦੇ ਪਿੰਡ ਸਿੱਧ ਸਮਾਧਾਂ ਰੋਡ ‘ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਚਾਰ ਤੋਂ ਪੰਜ ਸਾਲ ਦੀ ਉਮਰ ਦੇ 4 ਬੱਚੇ ਜਿੰਦਾ ਸੜ ਗਏ ਹਨ। ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਦੀ ਵੈਨ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਅਚਾਨਕ ਉਸ ਨੂੰ ਅੱਗ ਲੱਗ ਗਈ।
ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਨੇੜੇ ਖੇਤਾਂ ‘ਚ ਕੰਮ ਕਰ ਰਹੇ ਲੋਕਾਂ ਨੇ ਬੱਚਿਆਂ ਨੂੰ ਉਸ ਵੈਨ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ 8 ਬੱਚਿਆਂ ਨੂੰ ਤਾਂ ਬਚਾਉਣ ਵਿੱਚ ਸਫਲ ਰਹੇ ਪਰ ਫਿਰ ਵੀ 4 ਬੱਚੇ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਜਿੰਦਾ ਸੜ ਗਏ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਹਰ ਕੋਈ ਭੁੱਬਾਂ ਮਾਰ ਰੋਅ ਉੱਠਿਆ।
ਇਸ ਸਬੰਧੀ ਸਤਨਾਮ ਸਿੰਘ ਨਾਮਕ ਇੱਕ ਸਥਾਨਕ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ ਸਕੂਲ ਵੱਲੋਂ ਬੀਤੀ ਕੱਲ੍ਹ ਹੀ ਖਰੀਦਕੇ ਲਿਆਂਦੀ ਗਈ ਸੀ ਅਤੇ ਅੱਜ ਜਦੋਂ ਇਹ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਇਸ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ‘ਤੇ ਡਰਾਇਵਰ ਨੇ ਰੌਲਾ ਪਾ ਦਿੱਤਾ ਤਾਂ ਨੇੜੇ ਖੇਤਾਂ ਵਿੱਚ ਲੋਕਾਂ ਨੇ ਭੱਜ ਕੇ ਆ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਕਤ ਵਿਅਕਤੀ ਮੁਤਾਬਿਕ ਵੈਨ ਵਿੱਚ 12 ਬੱਚੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ 8 ਬੱਚਿਆਂ ਨੂੰ ਲੋਕਾਂ ਨੇ ਗੱਡੀ ਦੇ ਸੀਸ਼ੇ ਤੋੜ ਕੇ ਬਚਾਅ ਲਿਆ ਪਰ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਦੋ ਬੱਚੇ ਇੱਕ ਹੀ ਪਰਿਵਾਰ ਦੇ ਸਨ।