ਅਵਤਾਰ ਸਿੰਘ
ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਐੱਨਸੀਆਰ ਅਤੇ ਐੱਨਪੀਆਰ ਖ਼ਿਲਾਫ਼ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕ ਸੰਘਰਸ਼ ਜਾਰੀ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿੱਚ ਇਸ ਦੇ ਖਿਲਾਫ ਜੋ ਕੁਝ ਵਾਪਰ ਚੁੱਕਿਆ ਉਸ ਤੋਂ ਬੱਚਾ ਬੱਚਾ ਵਾਕਿਫ ਹੈ। ਪਰ ਸਮੇਂ ਦੇ ਹਾਕਮ ਇਸ ਲਈ ਹਰ ਕੀਮਤ ਤਾਰਨ ਲਈ ਤਿਆਰ ਹਨ। ਉਹ ਆਪਣੀ ਅੜੀ ‘ਤੇ ਅਡਿੱਗ ਜਾਪ ਰਹੇ ਹਨ।
ਇਸੇ ਸੰਦਰਭ ਵਿਚ ਬੀਤੇ ਐਤਵਾਰ ਨੂੰ ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਕਸਬੇ ਵਿੱਚ ਵੀ ਵੱਖ ਵੱਖ ਜਥੇਬੰਦੀਆਂ ਦਾ ਇਕ ਵੱਡਾ ਇਕੱਠ ਹੋਇਆ। ਇਸ ਵਿੱਚ ਪੰਜਾਬ ਦੀਆਂ 14 ਜਨਤਕ ਜਥੇਬੰਦੀਆਂ ਦੇ ਵੱਡੀ ਗਿਣਤੀ ਮਰਦਾਂ, ਔਰਤਾਂ, ਕਿਸਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਖੇਤ ਮਜ਼ਦੂਰਾਂ ਨੇ ਸ਼ਿਰਕਤ ਕੀਤੀ।
ਰਿਪੋਰਟਾਂ ਮੁਤਾਬਿਕ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਕਾਰਵਾਂ-ਏ-ਮੁਹੱਬਤ ਦੇ ਵਫ਼ਦਾਂ ਨੇ ਵੀ ਸ਼ਮੂਲੀਅਤ ਕੀਤੀ। ਸਾਂਝੇ ਤੌਰ ‘ਤੇ ਬੋਲਣ ਵਾਲਿਆਂ ਨੇ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਵੱਲੋਂ ਦੇਸ਼ ’ਚ ਫ਼ਿਰਕੂ ਵੰਡੀਆਂ ਪਾਉਣ ਤੇ ਗ਼ਲਤ ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਧਰਮ ਦੇ ਨਾਂ ’ਤੇ ਲੜਾਉਣ ਦੀ ਨਿੰਦਾ ਕੀਤੀ। ਉਨ੍ਹਾਂ ਆਰਐੱਸਐੱਸ ਤੇ ਭਾਜਪਾ ਦਾ ਡੱਟ ਕੇ ਵਿਰੋਧ ਕਰਨ ਅਤੇ ਉਕਤ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਮੋਦੀ ਸਰਕਾਰ ਵਿਰੁੱਧ ਮੁਹਿੰਮ ਜਾਰੀ ਰੱਖਣ ਲਈ 24 ਤੋਂ 29 ਫਰਵਰੀ ਤੱਕ ਪੰਜਾਬ ਭਰ ’ਚ ਵਿਰੋਧ ਹਫ਼ਤਾ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ। ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਸੂਬੇ ਅੰਦਰ ਐੱਨਪੀਆਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਸ ਦਾ ਖਮਿਆਜਾ ਭੁਗਤਣ ਲਈ ਤਿਆਰ ਰਹੇ।
- Advertisement -
ਮਾਲੇਰਕੋਟਲਾ ਦੇ ਇਕੱਠ ਵਿੱਚ ਜਮਾਤ-ਏ-ਇਸਲਾਮੀ ਹਿੰਦ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਬਦੁੱਲ ਸ਼ਕੂਰ ਨੇ ਕਿਹਾ ਕਿ ਦੇਸ਼ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਘੇ ਚਿੰਤਕ ਹਰਸ਼ ਮੰਦਰ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਅੱਜ ਲੜਾਈ ਮੁਹੱਬਤ, ਇਨਸਾਨੀਅਤ ਅਤੇ ਬਰਾਬਰੀ ਦੀ ਲੜੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਲੋਕ ਤੇ ਸੂਬਾ ਸਰਕਾਰ ਗੁਰੂ ਨਾਨਕ ਦੇ ਦਿਖਾਏ ਰਾਹ ’ਤੇ ਚੱਲਦਿਆਂ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਸਾਨਾਂ ਵੱਲੋਂ ਸ਼ਾਹੀਨ ਬਾਗ਼ ਦੇ ਸੰਘਰਸ਼ਕਾਰੀਆਂ ਨਾਲ ਦਿਖਾਈ ਇਕਮੁੱਠਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਦੁਬਾਰਾ ਵੰਡ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਤੋਂ ਏਕਤਾ ਦੀ ਆਵਾਜ਼ ਉੱਠੀ ਹੈ ਅਤੇ ਇਹ ਇਕੱਠ ਮੁਹੱਬਤ ਅਤੇ ਏਕਤਾ ਦਾ ਪ੍ਰਤੀਕ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਆਪਸੀ ਭਾਈਚਾਰਕ ਏਕਤਾ ਹੀ ਲੜਾਈ ਦੀ ਸਭ ਤੋਂ ਵੱਡੀ ਤਾਕਤ ਹੈ। ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਦਾ ਇਕੱਠ ਸਿਰਫ਼ ਕਾਨੂੰਨ ਦੇ ਖ਼ਿਲਾਫ਼ ਨਹੀਂ ਹੈ ਸਗੋਂ ਇਹ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਧਰਮਾਂ ਦੇ ਲੋਕਾਂ ਦੀ ਇਕਜੁੱਟਤਾ ਦੀ ਲਹਿਰ ਹੈ ਜਿਸ ਨੇ ਸਾਬਿਤ ਕੀਤਾ ਹੈ ਕਿ ਉਹ ਦੇਸ਼ ਨੂੰ ਧਰਮ ਦੇ ਨਾਮ ’ਤੇ ਵੰਡਣਾ ਨਹੀਂ ਚਾਹੁੰਦੇ। ਸਾਂਝੀਵਾਲਤਾ ਦਾ ਜਿਹੜਾ ਹੋਕਾ ਬਾਬਾ ਬੁੱਲ੍ਹੇ ਸ਼ਾਹ, ਬਾਬੇ ਨਾਨਕ ਅਤੇ ਬਾਬਾ ਸੋਹਣ ਸਿੰਘ ਭਕਨਾ ਨੇ ਦਿੱਤਾ ਸੀ ਉਹੀ ਸਾਂਝੀਵਾਲਤਾ ਦੀ ਆਵਾਜ਼ ਅੱਜ ਮੁੜ ਮਾਲੇਰਕੋਟਲਾ ਦੀ ਧਰਤੀ ’ਤੇ ਗੂੰਜ ਰਹੀ ਹੈ। ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮ ਫ਼ਿਰਕੂ ਮਾਹੌਲ ਬਣਾ ਕੇ ਸੱਤਾ ’ਤੇ ਬਣੇ ਰਹਿਣਾ ਚਾਹੁੰਦੇ ਹਨ। ਬੀਕੇਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਹਕੂਮਤ ਨੇ ਦੇਸ਼ਭਗਤੀ ਦੇ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਸਿਆਸੀ ਚਿੰਤਕ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਇਹ ਦੇਸ਼ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਜੇਕਰ ਸਰਕਾਰ ਲੋਕਾਂ ਦੀ ਸੋਚ ਦੇ ਵਿਰੁੱਧ ਜਾ ਕੇ ਕਾਨੂੰਨ ਬਣਾਏਗੀ ਤਾਂ ਲੋਕ ਇਸ ਨੂੰ ਮਨਜ਼ੂਰ ਨਹੀਂ ਕਰਨਗੇ।
ਇਸ ਇਕੱਠ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ ਜਿਹਾ ਪੁਤਲਾ ਲੈ ਕੇ ਖੜ੍ਹੇ ਛੇਵੀਂ ਕਲਾਸ ਦੇ ਬੱਚੇ ਰਸ਼ੀਦ ਅਤੇ ਨਵੇਜ਼ ਵੀ ਇਹੀ ਕਹਿ ਰਹੇ ਸੀ ਕਿ ਉਹ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਪਹੁੰਚੇ ਹਨ।
ਇਸ ਮੌਕੇ ਸੀਏਏ ਰੱਦ ਕਰਨ, ਐੱਨਆਰਸੀ ਤੇ ਐੱਨਪੀਆਰ ਦੇ ਕਦਮ ਵਾਪਸ ਲੈਣ, ਲੋਕਾਂ ’ਤੇ ਪਾਏ ਕੇਸ ਰੱਦ ਕਰਨ, ਗ੍ਰਿਫ਼ਤਾਰ ਲੋਕਾਂ ਤੇ ਬੁੱਧੀਜੀਵੀਆਂ ਨੂੰ ਰਿਹਾਅ ਕੀਤੇ ਜਾਣ, ਜੇਐੱਨਯੂ ਤੇ ਜਾਮੀਆ ਯੂਨੀਵਰਸਿਟੀ ਅਤੇ ਹੋਰ ਥਾਵਾਂ ’ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਸ਼ਾਹੀਨ ਬਾਗ਼ ਅਤੇ ਜਾਮੀਆ ਵਿਖੇ ਗੋਲੀ ਚਲਾਉਣ ਵਾਲਿਆਂ, ਔਰਤਾਂ ‘ਤੇ ਤਸ਼ੱਦਦ ਢਾਹੁਣ ਵਾਲੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਨਜ਼ਰਬੰਦੀ ਕੈਂਪ ਖ਼ਤਮ ਕਰਕੇ ਉੱਥੇ ਡੱਕੇ ਲੋਕ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਗਈ। ਡਾ. ਪਰਮਿੰਦਰ ਸਿੰਘ ਨੇ ਇਕੱਠ ਨੂੰ ਪੰਜਾਬ ਦੇ ਸਾਂਝੇ ਸਭਿਆਚਾਰ ਦਾ ਸੀਏਏ, ਐੱਨਸੀਆਰ ਅਤੇ ਐੱਨਪੀਆਰ ਤੋਂ ਨਾਬਰੀ ਦਾ ਇਕੱਠ ਕਰਾਰ ਦਿੱਤਾ। ਅਜਿਹੇ ਮਾਹੌਲ ’ਚ ਮੋਦੀ-ਸ਼ਾਹ ਕੋਲ ਹੌਸਲਾ ਨਹੀਂ ਕਿ ਉਹ ਲੋਕਾਂ ਦੀ ਆਵਾਜ਼ ਨੂੰ ਦਬਾ ਦੇਣ।
ਅਰਥ ਸ਼ਾਸਤਰੀ ਤੇ ਸਮਾਜਿਕ ਕਾਰਕੁਨ ਡਾ. ਨਵਸ਼ਰਨ (ਸਪੁੱਤਰੀ ਉੱਘੇ ਰੰਗਕਰਮੀ ਭਾਜੀ ਗੁਰਸ਼ਰਨ ਸਿੰਘ) ਨੇ ਕਿਹਾ ਕਿ ਇਕੱਠ ਨੇ ਸਾਬਿਤ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਨਾਗਰਿਕਤਾ ਦਾ ਜਿਹੜਾ ਮਸਲਾ ਖੜ੍ਹਾ ਕੀਤਾ ਹੈ, ਇਹ ਸਿਰਫ਼ ਮੁਲਲਿਮ ਭਾਈਚਾਰੇ ਦਾ ਨਹੀਂ ਸਗੋਂ ਸਾਰਿਆਂ ਦਾ ਸਾਂਝਾ ਮਸਲਾ ਹੈ।
ਪੰਜਾਬ ਵਿੱਚ ਹੋਏ ਇਸ ਲਾਮਿਸਾਲ ਇਕੱਠ ਨੇ ਹਕੂਮਤ ਵਿੱਚ ਬੈਠੇ ਸਿਆਸੀ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇ ਉਹ ਆਪਣੀਆਂ ਵੰਡਪਾਊ ਨੀਤੀਆਂ ਤੋਂ ਬਾਜ਼ ਨਾ ਆਏ ਤਾਂ ਮੁਲਕ ਦੇ ਹਾਲਾਤ ਬਹੁਤੇ ਠੀਕ ਨਹੀਂ ਰਹਿ ਸਕਦੇ। ਇਸ ਲਈ ਬੇਹਤਰ ਸਮਾਜ ਦੀ ਸਿਰਜਣਾ ਕਰਨਾ ਹੀ ਭਲਾਈ ਹੈ। ਇਸ ਤੋਂ ਸਬਕ ਸਿੱਖਣ ਦੀ ਲੋੜ ਹੈ।