ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਮਾਲਟਨ-ਰੈਕਸਡੇਲ ਨਗਰ ਕੀਰਤਨ

TeamGlobalPunjab
3 Min Read

ਮਾਲਟਨ: ਪਿਛਲ਼ੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਮਾਲਟਨ ਰੈਕਸਡਾਇਲ ਨਗਰ ਕੀਰਤਨ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਵੇਰ ਤੋਂ ਹੀ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਿਵਾਇਤੀ ਸ਼ਾਨੋ ਸ਼ੌਕਤ ਨਾਲ ਬਾਅਦ ਦੁਪਿਹਰ ਮਾਲਟਨ ਗੁਰੁਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਜੋ ਮੌਰਨਿੰਗਸਟਾਰ ਤੋਂ ਹੁੰਦਾ ਹੋਇਆ ਹੰਬਰਵੁੱਡ ਤੋਂ ਹੰਬਰਲਾਈਨ ਤੋਂ ਫਿੰਚ ਐਵੇਨਿਊ ਤੋਂ ਵੈਸਟਮੋਰ ਹੁੰਦਾ ਹੋਇਆ ਰੈਕਸਡੇਲ ਸਿੱਖ ਸਪਿਰਚਿਊਲ ਸੈਂਟਰ ਵਿਖੇ ਪੁੱਜਿਆ।

ਨਗਰ ਕੀਰਤਨ ਦੇ ਆਯੋਜਕਾਂ ਵੱਲੋਂ ਸੰਗਤਾਂ ਦੀ ਗਿਣਤੀ ਨੂੰ 1 ਲੱਖ 50 ਹਜ਼ਾਰ ਦੇ ਕਰੀਬ ਦੱਸਿਆ ਗਿਆ। ਨਗਰ ਕੀਰਤਨ ਦੀ ਯਾਤਰਾ ਦੌਰਾਨ ਵੱਖ 2 ਥਾਵਾਂ ਉੱਤੇ ਹਰ ਕਿਸਮ ਦੇ ਪਕਵਾਨਾਂ ਨਾਲ ਸੱਜੇ ਹੋਏ ਲੰਗਰ ਲੱਗੇ ਹੋਏ ਸਨ। ਨਗਰ ਕੀਰਤਨ ਦੌਰਾਨ ਇਹ ਗੱਲ ਵੀ ਨੋਟਿਸ ਕੀਤੀ ਗਈ ਕਿ ਉਂਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੋਂ ਇਲਾਵਾ ਕਿਸੇ ਹੋਰ ਨਾਮੀ ਸਿਆਸੀ ਲੀਡਰ ਨੇ ਹਿੱਸਾ ਨਹੀਂ ਲਿਆ। ਐਟੀਬਿਕੋ ਨੌਰਥ ਤੋਂ ਮੈਂਬਰ ਪਾਰਲੀਮੈਂਟ ਕ੍ਰਿਸਟੀ ਡੰਕਨ ਨੂੰ ਛੱਡ ਕੇ ਲਿਬਰਲ ਪਾਰਟੀ ਦੇ ਤਕਰੀਬਨ ਸਾਰੇ ਹੀ ਲੋਕਲ ਐਮ ਪੀ ਗੈਰ ਹਾਜ਼ਰ ਵੇਖੇ ਗਏ।

ਕੰਜ਼ਰਵੇਟਿਵ ਪਾਰਟੀ ਦੇ ਲੋਕਲ ਐਮ ਪੀ ਪੀ ਦੀਪਕ ਆਨੰਦ, ਪ੍ਰਭਮੀਤ ਸਰਕਾਰੀਆ ਅਤੇ ਅਮਰਜੋਤ ਸੰਧੂ ਨੇ ਹਾਜ਼ਰੀ ਭਰੀ। ਐਨ ਡੀ ਪੀ ਦੀ ਡਿਪਟੀ ਲੀਡਰ ਸਾਰਾ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਨਗਰ ਕੀਰਤਨ ਦੌਰਾਨ ਜਿੱਥੇ ਸਿਆਸੀ ਆਗੂਆਂ ਦੀ ਕਮੀ ਵੇਖਣ ਨੂੰ ਮਿਲੀ, ਉੱਥੇ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਇਸ ਘਾਟੇ ਨੂੰ ਬਹੁਤ ਹੱਦ ਤੱਕ ਪੂਰਾ ਕੀਤਾ ਗਿਆ। ਨਗਰ ਕੀਰਤਨ ‘ਚ ਸਿੱਖ ਮੋਟਰਸਾਈਕਲ ਕਲੱਬ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ। ਸਮੁੱਚੇ ਰੂਟ ਉੱਤੇ 500 ਤੋਂ ਵੱਧ ਲੰਗਰ ਅਤੇ ਹੋਰ ਸੇਵਾਵਾਂ ਬਾਰੇ ਜਾਣਕਾਰੀ ਦੇਣ ਵਾਲੇ ਟੈਂਟ ਲੱਗੇ ਹੋਏ ਸਨ।

ਨਗਰ ਕੀਰਤਨ ਦੇ ਅਵਸਰ ਉੱਤੇ ਉਂਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਜੋ ਪ੍ਰੈਸ ਰੀਲੀਜ਼ ਜਾਰੀ ਕੀਤੀ ਗਈ ਉਸ ਵਿੱਚ ਫੈਡਰਲ ਸਰਕਾਰ ਵੱਲੋਂ ਅਪਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਐਲਾਨਣ ਦਾ ਜ਼ਿਕਰ ਕਰਦੇ ਹੋਏ ਸਿੱਖ ਸੰਗਤਾਂ ਨੂੰ ਮੁਬਾਰਕ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਕਮੇਟੀ ਨੇ ਹੈਰੀਟੇਜ ਮੰਥ ਐਲਾਨ ਕਰਵਾਏ ਜਾਣ ਬਾਬਤ ਫੈਡਰਲ ਸਰਕਾਰ ਜਾਂ ਕਿਸੇ ਸਿਆਸੀ ਆਗੂ ਦੇ ਰੋਲ ਦਾ ਜ਼ਿਕਰ ਨਹੀਂ ਕੀਤਾ ਗਿਆ। ਪਰੈੱਸ ਰੀਲੀਜ਼ ਵਿੱਚ ਫੈਡਰਲ ਸਰਕਾਰ ਵੱਲੋਂ ਅਤਿਵਾਦ ਬਾਰੇ 2018 ਦੀ ਰਿਪੋਰਟ ਵਿੱਚ ਸਿੱਖਾਂ ਬਾਰੇ ਸ਼ਬਦਾਵਲੀ ਦੇ ਮਾਮਲੇ ਨੂੰ ਵੀ ਉਠਾਇਆ ਗਿਆ।

ਕਮੇਟੀ ਵੱਲੋਂ ਰਿਪੋਰਟ ਵਿੱਚੋਂ ਬਦਲੀ ਸ਼ਬਦਾਵਲੀ ਨੂੰ ਬਹੁਤ ਢੁੱਕਵਾਂ ਨਾ ਬਿਆਨਦੇ ਹੋਏ ਇਸ ਰਿਪੋਰਟ ਵਿੱਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੇ ਜ਼ਿਕਰ ਨੂੰ ਉਭਾਰਿਆ ਗਿਆ ਹੈ। ਕਮੇਟੀ ਵੱਲੋਂ ਕੈਨੇਡਾ ਭਾਰਤ ਦਰਮਿਆਨ ਅਤਿਵਾਦ ਬਾਬਤ ਸਹੀ ਬਣੇ ਹੋਏ ਫਰੇਮਵਰਕ ਬਾਰੇ ਖਦਸ਼ਾ ਜ਼ਾਹਰ ਕਰਦੇ ਹੋਏ ਕੁੱਝ ਸਿੱਖਾਂ ਦੇ ਨਾਮ ‘ਨੋ ਫਲਾਈ ਲਿਸਟ’ ਵਿੱਚ ਦਾਖਲ ਕਰਨ ਉੱਤੇ ਚਿੰਤਾ ਜ਼ਾਹਰ ਕੀਤੀ ਗਈ।

Share this Article
Leave a comment