ਇੰਡੀਆਨਾ : ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਸਾਰੀ ਫੌਜ ਤੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਇੰਡੀਆਨਾਂ ਸੂਬੇ ਵਿੱਚ ਇੱਕ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਇੱਕ ਸਖ਼ਸ਼ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਡੋਨਾਲਡ ਟ੍ਰੰਪ ਇੰਡੀਆਨਾਂ ‘ਚ ਨੈਸ਼ਨਲ ਰਾਇਫਲ ਐਸੋਸੀਏਸ਼ਨ (ਐਨਆਰਏ) ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਭਾਸ਼ਣ ਦੇ ਰਹੇ ਸਨ। ਭਾਵੇਂ ਕਿ ਇਸ ਹਮਲੇ ਵਿੱਚ ਹਮਲਾਵਰ ਵੱਲੋਂ ਟਰੰਪ ਨੂੰ ਵਗਾਹ ਕੇ ਮਾਰਿਆ ਗਿਆ ਮੋਬਾਇਲ ਰਾਸ਼ਟਰਪਤੀ ਨੂੰ ਨਾ ਲੱਗ ਕੇ ਉਨ੍ਹਾਂ ਕੋਲੋਂ ਲੰਘ ਗਿਆ ਤੇ ਉਹ ਬਚ ਗਏ, ਪਰ ਇਸ ਦੇ ਬਾਵਜੂਦ ਇਹ ਇੱਕ ਅਜਿਹੀ ਘਟਨਾ ਸੀ ਜਿਸ ਨੇ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਲੱਗੇ ਗਾਰਡਾਂ ਦੇ ਹੱਥ ਪੈਰ ਫੁੱਲ ਗਏ, ਤੇ ਉਨ੍ਹਾਂ ਨੇ ਚਾਰੇ ਪਾਸੋਂ ਰਾਸ਼ਟਰਪਤੀ ਨੂੰ ਬਚਾਉਣ ਲਈ ਘੇਰਾ ਪਾ ਲਿਆ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਮਲਾ ਕਰਨ ਵਾਲੇ ਸਖ਼ਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਮਰੀਕਾ ਪੁਲਿਸ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਟ੍ਰੰਪ ‘ਤੇ ਹਮਲਾ ਕਰਨ ਵਾਲੇ ਸਖ਼ਸ਼ ਦਾ ਨਾਮ ਵੀਲੀਅਮ ਰੋਜ ਹੈ ਤੇ ਜਿਸ ਵੇਲੇ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਉਸ ਸਮੇਂ ਰੋਜ ਨਸ਼ੇ ਵਿੱਚ ਸੀ। ਹੋਇਆ ਇੰਝ ਕਿ ਲੰਘੀ ਸ਼ੁੱਕਰਵਾਰ ਅਮਰੀਕੀ ਸਮੇਂ ਅਨੁਸਾਰ ਦੁਪਿਹਰ ਸਾਢੇ 12 ਵਜੇ ਦੇ ਕਰੀਬ ਟ੍ਰੰਪ ਇੰਡੀਆਨਾ ਸੂਬੇ ‘ਚ ਕਰਵਾਏ ਗਏ ਇੰਡੀਆਨਾਪੋਲਿਸ ਪ੍ਰੋਗਰਾਮ ‘ਚ ਪਹੁੰਚੇ ਸਨ। ਜਿੱਥੇ ਜਿਉਂ ਹੀ ਉਹ ਸਟੇਜ ਤੋਂ ਆਪਣਾ ਭਾਸ਼ਣ ਦੇਣ ਲਈ ਅੱਗੇ ਵਧੇ ਤਾਂ ਭੀੜ ‘ਚ ਬੈਠੇ ਇੱਕ ਸਖ਼ਸ਼ ਨੇ ਟ੍ਰੰਪ ‘ਤੇ ਮੋਬਾਇਲ ਨਾਲ ਹਮਲਾ ਕਰ ਦਿੱਤਾ। ਪਰ ਉਹ ਕਿਸਮਤ ਵਾਲੇ ਰਹੇ ਤੇ ਹਮਲਾਵਰ ਵੱਲੋਂ ਟ੍ਰੰਪ ਵੱਲ ਦੂਰੋਂ ਵਗਾਹ ਕੇ ਮਾਰਿਆ ਗਿਆ ਮੋਬਾਇਲ ਉਨ੍ਹਾਂ ਦੇ ਕੋਲੋਂ ਲੰਘ ਗਿਆ। ਮੀਡੀਆ ਰਿਪਟਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਰੋਜ ਤੋਂ ਪੁਲਿਸ ਅਤੇ ਛੂਹੀਆ ਏਜੰਸੀਆਂ ਦੇ ਲੋਕ ਬੜੀ ਡੂੰਘਾਈ ਨਾਲ ਪੁੱਛ-ਗਿੱਛ ਕਰ ਰਹੇ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਵਿਲੀਅਮ ਰੋਜ ਨੂੰ ਮੋਹਰਾ ਬਣਾ ਕੇ ਟ੍ਰੰਪ ਖਿਲਾਫ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ। ਇਸ ਮੌਕੇ ਖਿੱਚੀਆਂ ਗਈ ਤਸਵੀਰਾਂ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਿਖਾਈ ਦਿੰਦਾ ਹੈ ਕਿ ਭੀੜ ‘ਚ ਬੈਠਾ ਸਖ਼ਸ਼ ਕਿਸ ਤਰ੍ਹਾਂ ਟ੍ਰੰਪ ‘ਤੇ ਮੋਬਾਇਲ ਨਾਲ ਹਮਲਾ ਕਰਦਾ ਹੈ।
ਦੱਸ ਦਈਏ ਕਿ ਕੁਝ ਅਜਿਹਾ ਹੀ ਹਮਲਾ ਸਾਲ 2008 ਦੌਰਾਨ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ‘ਤੇ ਵੀ ਉਸ ਸਮੇਂ ਹੋਇਆ ਸੀ, ਜਦੋਂ ਬੁਸ਼ ਇਰਾਕ ‘ਚ ਇੱਕ ਪੱਤਰਕਾਰ ਸੰਮੇਲਨ ‘ਚ ਸ਼ਾਮਲ ਹੋਣ ਆਏ ਸਨ। ਉਸ ਵੇਲੇ ਅਮਰੀਕੀ ਰਾਸ਼ਟਰਪਤੀ ਬੁਸ਼ ‘ਤੇ ਇੱਕ ਇਰਾਕੀ ਪੱਤਰਕਾਰ ਨੇ ਜੁੱਤੀ ਨਾਲ ਹਮਲਾ ਕੀਤਾ ਸੀ। ਹਾਂ! ਇੰਨਾ ਜਰੂਰ ਹੈ, ਕਿ ਉਸ ਸਮੇਂ ਵੀ ਉਹ ਜੁੱਤਾ ਰਾਸ਼ਟਰਪਤੀ ਬੁਸ਼ ਨੂੰ ਨਹੀਂ ਲੱਗਿਆ ਸੀ ਅਤੇ ਸੁਰੱਖਿਆ ਦਸਤਿਆਂ ਨੇ ਪੱਤਰਕਾਰ ਨੂੰ ਫੜ ਲਿਆ ਸੀ, ਤੇ ਅੱਜ ਵੀ ਹਮਲਾਵਰ ਵੱਲੋਂ ਟ੍ਰੰਪ ‘ਤੇ ਸੁੱਟਿਆ ਮੋਬਾਇਲ ਉਸ ਨੂੰ ਨਹੀਂ ਲੱਗਿਆ ਤੇ ਹਮਲਾ ਕਰਨ ਵਾਲੇ ਸਖ਼ਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।