ਆਦਮਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਉਹ ਸਿਰਫ ਇਸ ਮਾਮਲੇ ‘ਤੇ ਰਾਜਨੀਤੀ ਕਰਨਾ ਚਾਹੁੰਦੀ ਹੈ। ਛੋਟੇ ਬਾਦਲ ਇੱਥੇ ਹਲਕਾ ਆਦਮਪੁਰ ਦੇ ਪਾਰਟੀ ਵਰਕਰਾਂ ਨਾਲ ਮਿਲਣੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਸਿਰਫ ਬੇਅਦਬੀ ਅਤੇ ਗੋਲੀ ਕਾਂਡ ਮੁੱਦਿਆਂ ‘ਤੇ ਸਿਆਸਤ ਕੀਤੀ ਹੈ ਬਲਕਿ ਐਸ ਆਈ ਟੀ ਨੂੰ ਵੀ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਤਾਹੀਓਂ ਇਹ ਜਾਂਚ ਸਹੀ ਨਹੀਂ ਹੋ ਰਹੀ। ਜਿਸ ਦਾ ਨਤੀਜਾ ਇਹ ਨਿੱਕਲ ਰਿਹਾ ਹੈ ਕਿ ਜਾਂਚ ਟੀਮ ਦੇ ਹੱਥ ਅੱਜ ਵੀ ਖਾਲੀ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣਾ ਚਾਹੁੰਦੇ ਹਨ ਇਸ ਲਈ ਐਸ ਆਈ ਟੀ ਨੂੰ ਜੋ ਸੁਰਾਗ ਮਿਲ ਰਹੇ ਹਨ ਉਸ ਨੂੰ ਲੈ ਕੇ ਹੀ ਅੱਗੇ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਜਲਦ ਕਿਸੇ ਸਿੱਟੇ ‘ਤੇ ਪਹੁੰਚਿਆ ਜਾ ਸਕੇ।