ਜਲੰਧਰ : ਤੁਸੀਂ ਹੰਸ ਦੇ ਹੀਰੇ ਖਾਣ ਦੀ ਗੱਲ ਤਾਂ ਬਹੁਤ ਵਾਰ ਸੁਣੀ ਹੋਵੇਗੀ ਪਰ ਕੀ ਕਦੀ ਕਿਸੇ ਕੁੱਤੇ ਦੇ ਹੀਰੇ ਖਾਂਣ ਬਾਰੇ ਸੁਣਿਆ ਹੈ? ਜੇ ਨਹੀਂ ਤਾਂ ਅਸੀਂ ਦੱਸਦੇ ਹਾਂ ਤੁਹਾਨੂੰ ਇੱਕ ਅਜਿਹੇ ਹੀ ਕੁੱਤੇ ਬਾਰੇ ਜੋ ਹੀਰੇ ਖਾਂਦਾ ਹੈ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ। ਇਹ ਗੱਲ ਹੈ ਪੰਜਾਬ ‘ਚ ਪੈਂਦੇ ਜਲੰਧਰ ਸ਼ਹਿਰ ਦੀ, ਇੱਥੋਂ ਦੇ ਗੁਰੂ ਰਾਮਦਾਸ ਕਸਬੇ ‘ਚ ਇੱਕ ਪਰਿਵਾਰ ਦੇ ਪਾਲਤੂ ਕੁੱਤੇ ਵੱਲੋਂ ਹੀਰੇ ਦੀਆਂ ਮੁੰਦਰੀਆਂ ਨਿਗਲਣ ਦੀ ਗੱਲ ਸਾਹਮਣੇ ਆਈ ਹੈ।
ਦਰਅਸਲ ਹੋਇਆ ਇੰਝ ਕਿ ਜਲੰਧਰ ਵਾਸੀ ਇਹ ਪਰਿਵਾਰ ਘਰ ਤੋਂ ਬਾਹਰ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਵਿੱਚ ਸਿਰਫ ਉਨ੍ਹਾਂ ਦਾ ਪਾਲਤੂ ਕੁੱਤਾ ਹੀ ਮੌਜੂਦ ਸੀ ਅਤੇ ਇਸ ਸਮੇਂ ਕੁੱਤੇ ਨੇ ਇਹ ਮੁੰਦਰੀਆਂ ਨਿਗਲ ਲਈਆਂ। ਪਰਿਵਾਰ ਨੇ ਜਦੋਂ ਮੁੰਦਰੀਆਂ ਦੀ ਭਾਲ ਕੀਤੀ ਤਾਂ ਉਨ੍ਹਾਂ ਨੂੰ ਕਿਸੇ ਪਾਸੋਂ ਵੀ ਮੁੰਦਰੀਆਂ ਨਾ ਲੱਭੀਆਂ। ਇਸ ਭਾਲ ਦੌਰਾਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਘਰ ਵਿੱਚ ਕੁੱਤੇ ਤੋਂ ਇਲਾਵਾ ਕੋਈ ਵੀ ਨਹੀਂ ਸੀ ਇਸ ਲਈ ਹੋ ਸਕਦਾ ਹੈ ਕਿ ਕੁੱਤੇ ਨੇ ਇਹ ਮੁੰਦਰੀਆਂ ਨਿਗਲ ਲਈਆਂ ਹੋਣ? ਇਸ ਦੀ ਪੁਸ਼ਟੀ ਲਈ ਉਹ ਆਪਣੇ ਕੁੱਤੇ ਨੂੰ ਲੈ ਕੇ ਡਾ. ਮੁਕੇਸ਼ ਗੁਪਤਾ ਕੋਲ ਗਏ ਜਿੱਥੇ ਕਿ ਉਨ੍ਹਾਂ ਨੇ ਕੁੱਤੇ ਦਾ ਐਕਸਰੇਅ ਕਰਕੇ ਇਹ ਸਾਬਤ ਕਰ ਦਿੱਤਾ ਕਿ ਕੁੱਤੇ ਨੇ ਹੀ ਮੁੰਦਰੀਆਂ ਨਿਗਲੀਆਂ ਹਨ। ਇਸ ਤੋਂ ਬਾਅਦ ਡਾਕਟਰ ਨੇ ਕੁੱਤੇ ਨੂੰ ਉਲਟੀਆਂ ਕਰਵਾਉਣ ‘ਤੇ ਜ਼ੋਰ ਦਿੱਤਾ। ਡਾ. ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੰਦਰੀਆਂ ਕੁੱਤੇ ਦੇ ਢਿੱਡ ਅਤੇ ਅੰਤੜੀਆਂ ਵਿੱਚ ਫਸੀਆਂ ਹਨ ਜਿਸ ਕਾਰਨ ਇਸ ਨੂੰ ਕੋਈ ਵੀ ਤਕਲੀਫ ਨਹੀਂ ਹੋ ਰਹੀ।
ਇਸ ਸਬੰਧੀ ਇੱਕ ਹੋਰ ਡਾਕਟਰ ਜੀਐਸ ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਲਤੂ ਕੁੱਤਿਆਂ ਵੱਲੋਂ ਖਿਡੌਣੇ, ਮੁੰਦਰੀਆਂ ਅਤੇ ਹੋਰ ਕਈ ਵਸਤਾਂ ਦੇ ਨਿਗਲ ਜਾਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਇਸ ਦੌਰਾਨ ਜੇਕਰ ਕੁੱਤੇ ਦੀ ਉਮਰ ਛੋਟੀ ਹੋਵੇ ਤਾਂ ਡਾਕਟਰ ਆਪ੍ਰੇਸ਼ਨ ਕਰਕੇ ਵੀ ਬਾਹਰ ਕੱਢ ਸਕਦਾ ਹੈ ਪਰ ਇਸ ਕੁੱਤੇ ਦੀ ਉਮਰ ਜ਼ਿਆਦਾ ਹੋਣ ਕਾਰਨ ਡਾਕਟਰਾਂ ਵੱਲੋਂ ਉਲਟੀਆਂ ਕਰਵਾਉਣ ‘ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ।