ਰੈਲੀ ਕੱਢਦੇ ਕੇਜਰੀਵਾਲ ਦੇ ਮੂੰਹ ‘ਤੇ ਮਾਰਿਆ ਥੱਪੜ, ‘ਆਪ’ ਸੁਪਰੀਮੋਂ ਕੇਜਰੀਵਾਲ ਦਾ ਕੰਨ ਤੇ ਲੋਕਾਂ ਦਾ ਦਿਮਾਗ ਕਰਤਾ ਸੁੰਨ!

TeamGlobalPunjab
3 Min Read

ਨਵੀਂ ਦਿੱਲੀ : ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੌਰਾਨ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਵਿਅਕਤੀ ਬਾਂਦਰ ਵਾਂਗ ਛਾਲ ਮਾਰ ਕੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਗੱਡੀ ‘ਤੇ ਜਾ ਚੜ੍ਹਿਆ ਤੇ ਇਸ ਤੋਂ ਪਹਿਲਾਂ ਕਿ ਕੇਜਰੀਵਾਲ ਨੂੰ ਕੁਝ ਸਮਝ ਆਉਂਦਾ ਉਸ ਵਿਅਕਤੀ ਨੇ ‘ਆਪ’ ਸੁਪਰੀਮੋਂ ਦੇ ਕੰਨ ‘ਤੇ ਇੱਕ ਜੋਰਦਾਰ ਥੱਪੜ ਜੜ ਦਿੱਤਾ। ਤੁਸੀਂ ਇਸ ਥੱਪੜ ਵਿੱਚ ਲੱਗੇ ਜੋਰ ਦਾ ਅੰਦਾਜਾ ਇੱਥੋਂ ਲਾ ਸਕਦੇ ਹੋਂ ਕਿ ਥੱਪੜ ਮਾਰਨ ਵਾਲਾ ਵਿਅਕਤੀ ਇਸ ਦੌਰਾਨ ਆਪ ਵੀ ਡਿੱਗ ਪਿਆ ਤੇ ਥੱਪੜ ਖਾ ਕੇ ਜੀਪ ‘ਚ ਖੜ੍ਹੇ ਕੇਜਰੀਵਾਲ ਵੀ। ਉਸ ਤੋਂ ਬਾਅਦ ਉੱਥੇ ਹਾਲਾਤ ਇਹ ਸਨ ਕਿ ਭੀੜ ‘ਚ ਖੜ੍ਹੇ ਲੋਕ ਉਸ ਲਾਲ ਟੀਸ਼ਰਟ ਵਾਲੇ ਹਮਲਾਵਰ ਨੂੰ ਜੀਪ ਤੋਂ ਘੜੀਸ ਕੇ ਕਿੱਧਰ ਲੈ ਗਏ ਇਹ ਪਤਾ ਹੀ ਨਹੀਂ ਲੱਗਿਆ। ਬਸ ਦਿਖਾਈ ਦਿੱਤੀ ਤਾਂ ਇੱਕ ਅਜਿਹੀ ਭੀੜ ਜਿਸ ਨੂੰ ਦੂਰੋਂ ਦੇਖਣ ‘ਤੇ ਪਤਾ ਲਗਦਾ ਸੀ ਕਿ ਉਹ ਲੱਤਾਂ, ਮੁੱਕੇ ਤੇ ਘਸੁੰਨਾਂ ਨਾਲ ਕਿਸੇ ਨੂੰ ਕੁੱਟ ਰਹੀ ਹੈ।

ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਨਾਲ ਇਹ ਭਾਣਾ ਉਸ ਵੇਲੇ ਵਾਪਰਿਆ ਜਦੋਂ ਉਹ ਦਿੱਲੀ ਦੇ ਮੋਤੀ ਨਗਰ ਵਿਖੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਜੀਪ ‘ਚ ਖੜ੍ਹ ਕੇ ਲੋਕਾਂ ਦੀ ਭੀੜ ਵੱਲ ਦੇਖ ਹੱਥ ਹਿਲਾ ਹਿਲਾ ਕੇ ਗਦ ਗਦ ਹੋ ਰਹੇ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਉਸ ਹਮਲਾਵਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਿਸ ਦੀ ਪਹਿਚਾਣ ਡੀਸੀਪੀ ਮੋਨਿਕਾ ਭਾਰਦਵਾਜ ਨੇ ਸੁਰੇਸ਼ ਵਜੋਂ ਕੀਤੀ ਹੈ ਤੇ ਦਾਅਵਾ ਕੀਤਾ ਹੈ, ਕਿ ਉਹ ਦਿੱਲੀ ਦੇ ਕੈਲਾਸ਼ ਪਾਰਕ ਇਲਾਕੇ ‘ਚ ਸਪੇਅਰ ਪਾਰਟ ਦਾ ਕੰਮ ਕਰਦਾ ਹੈ।

ਇੱਧਰ ਇਸ ਮਾਮਲੇ ‘ਚ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਸੁਰੱਖਿਆ ਕਰਨਾ ਮੋਦੀ ਸਰਕਾਰ ਦੀ ਡਿਊਟੀ ਹੈ, ਪਰ ਇੰਝ ਜਾਪਦਾ ਹੈ ਜਿਵੇਂ ਕੇਜਰੀਵਾਲ ਦਾ ਜੀਵਨ ਸਭ ਤੋਂ ਅਸੁਰੱਖਿਅਤ ਹੈ। ਸੰਜੇ ਸਿੰਘ ਨੇ ਟਵੀਟ ਵਿੱਚ ਦੋਸ਼ ਲਾਉਂਦਿਆਂ ਪੁੱਛਿਆ ਹੈ ਕਿ, ਕੀ ਨਰਿੰਦਰ ਮੋਦੀ ਅਤੇ ਅਤੇ ਅਮਿਤ ਸ਼ਾਹ ਕੇਜਰੀਵਾਲ ਨੂੰ ਮਰਵਾਉਣਾ ਚਾਹੁੰਦੇ ਹਨ? ਸੰਜ਼ੇ ਅਨੁਸਾਰ ਪਿਛਲੇ 5 ਸਾਲ ‘ਚ ਤੁਸੀਂ ਜਿਸ ਦਾ ਹੌਂਸਲਾ ਨਹੀਂ ਤੋੜ ਸਕੇ, ਚੋਣਾਂ ‘ਚ ਉਨ੍ਹਾਂ ਨੂੰ ਹਰਾ ਨਹੀਂ ਸਕੇ ਤਾਂ ਕੀ ਹੁਣ ਉਸ ਨੂੰ ਇਸ ਤਰ੍ਹਾਂ ਰਸਤੇ ‘ਚੋਂ ਹਟਾਉਣਾ ਚਾਹੁੰਦੇ ਹੋਂ ਕਾਇਰੋ! ਸੰਜੇ ਸਿੰਘ ਨੇ ਕਿਹਾ ਕਿ ਜੇ ਹਿੱਮਤ ਹੈ ਤਾਂ ਸਾਹਮਣੇ ਆ ਕੇ ਵਾਰ ਕਰੋ ਅਤੇ ਦੂਜਿਆਂ ਨੂੰ ਹਥਿਆਰ ਨਾ ਬਣਾਓ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਕੇਜਰੀਵਾਲ ‘ਤੇ ਜਨਤਕ ਤੌਰ ‘ਤੇ ਹਮਲੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਸਾਲ 2014 ਦੌਰਾਨ ਵੀ ਇੱਕ ਰਿਕਸ਼ਾ ਚਾਲਕ ਨੇ ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਿਆ ਸੀ। ਉਸ ਤੋਂ ਪਹਿਲਾਂ 2013 ‘ਚ ਵੀ ਇੱਕ ਪੱਤਰਕਾਰ ਸੰਮੇਲਨ ਦੌਰਾਨ ਇੱਕ ਵਿਅਕਤੀ ਨੇ ਕੇਜਰੀਵਾਲ ‘ਤੇ ਸ਼ਿਆਹੀ ਸੁੱਟ ਦਿੱਤੀ ਸੀ। ਹੁਣ ਦੇਖਣਾ ਇਹ ਹੋਵੇਗਾ, ਕਿ ਹਰ ਵਾਰ ਦੀ ਤਰ੍ਹਾਂ ਅਰਵਿੰਦ ਕੇਜਰੀਵਾਲ ਇਸ ਵਾਰ ਵੀ ਇਸ ਹਮਲਾਵਰ ਨੂੰ ਮਾਫ ਕਰ ਦੇਣਗੇ ਜਾਂ ਬਾਦਲਾਂ ਵਾਂਗ ਪਰਚਾ ਦਰਜ ਕਰਵਾ ਕੇ ਹਮਲਾਵਰ ਨੂੰ ਸਜ਼ਾ ਦਵਾਉਣਗੇ।

- Advertisement -

https://youtu.be/zaWExDmoaKA

Share this Article
Leave a comment