Home / ਓਪੀਨੀਅਨ / ਮੈਂ ਕਿਹਾ ਸੀ ਕਿ ਰਾਮ ਰਹੀਮ ਨੂੰ ਮਾਫ ਨਾ ਕਰੋ, ਪਰ ਮੇਰੀ ਕਿਸੇ ਨੇ ਨਹੀਂ ਸੁਣੀ : ਮੱਕੜ, ਦੇਖੋ ਵੀਡੀਓ

ਮੈਂ ਕਿਹਾ ਸੀ ਕਿ ਰਾਮ ਰਹੀਮ ਨੂੰ ਮਾਫ ਨਾ ਕਰੋ, ਪਰ ਮੇਰੀ ਕਿਸੇ ਨੇ ਨਹੀਂ ਸੁਣੀ : ਮੱਕੜ, ਦੇਖੋ ਵੀਡੀਓ

ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਸਾਲ 2015 ਦੌਰਾਨ ਜਦੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦਾ ਮੁੱਦਾ ਉਨ੍ਹਾਂ ਸਾਹਮਣੇ ਆਇਆ ਸੀ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਦੋ ਟੁੱਕ ਜਵਾਬ ਦਿੰਦਿਆਂ ਕਹਿ ਦਿੱਤਾ ਸੀ ਕਿ ਇਸ ਸਾਧ ਨੂੰ ਮਾਫ ਨਹੀਂ ਕਰਨਾ ਚਾਹੀਦਾ, ਪਰ ਉਸ ਵੇਲੇ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਤੇ ਸੌਦਾ ਸਾਧ ਨੂੰ ਮਾਫ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਵੇਲੇ ਮਾਫੀ ਦੇਣ ਵਾਲੇ ਜਥੇਦਾਰ ਇਕੱਠੇ ਸਨ ਤੇ ਹੁਣ ਇਨ੍ਹਾਂ ਦਾ ਆਪਸ ਵਿੱਚ ਰੌਲਾ ਪੈ ਜਾਣ ਤੋਂ ਬਾਅਦ ਸੱਚ ਸਾਹਮਣੇ ਆ ਰਿਹਾ ਹੈ। ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮਾਫੀ ਸਬੰਧੀ ਜਿਹੜੀ ਚਿੱਠੀ ਭੇਜੀ ਗਈ ਉਹ ਰੌਲਾ ਹੁਣ ਪਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਸਾਲ 2015 ਦੌਰਾਨ ਇਹ ਮਾਫੀ ਦਿੱਤੀ ਗਈ ਸੀ ਉਸ ਵੇਲੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਮੱਕੜ ਅਨੁਸਾਰ ਨਾ ਤਾਂ ਉਸ ਵੇਲੇ ਕਿਸੇ ਨੇ ਇਹ ਮਾਫੀ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਵਿਸ਼ਵਾਸ ‘ਚ ਲਿਆ ਗਿਆ ਤੇ ਨਾ ਹੀ ਮਾਫੀ ਦੇਣ ਲੱਗਿਆ ਉਨ੍ਹਾਂ ਨੂੰ ਦੱਸਿਆ ਗਿਆ। ਮੱਕੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦੀ ਤਾੜਨਾ ਜਰੂਰ ਕੀਤੀ ਸੀ ਕਿ ਇਸ ਸਾਧ ਨੂੰ ਮਾਫ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਇਨ੍ਹਾਂ ਪੰਜਾਂ ਤਖਤਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮਾਫ ਕਰ ਦਿੱਤਾ। ਮੱਕੜ ਅਨੁਸਾਰ ਉਦੋਂ ਇਹ ਸਾਰੇ ਇਕੱਠੇ ਸਨ, ਪਰ ਹੁਣ ਵੱਖੋ ਵੱਖਰੇ ਦਿੱਤੇ ਜਾ ਰਹੇ ਬਿਆਨਾਂ ਤੋਂ ਬਾਅਦ ਇਨ੍ਹਾਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਉਹ ਬਿਆਨ ਦਿੰਦਾ ਹੈ, ਤੇ ਇਹ ਇਨ੍ਹਾਂ ਜਥੇਦਾਰਾਂ ਦਾ ਆਪਸੀ ਮਸਲਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਅਵਤਾਰ ਸਿੰਘ ਮੱਕੜ ਮੀਡੀਆ ਨੂੰ ਇਹ ਬਿਆਨ ਦੇ ਚੁਕੇ ਹਨ ਤੇ ਉਸ ਸਮੇਂ ਤਾਂ ਮੱਕੜ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਹ 11 ਸਾਲ ਤੋਂ ਵੱਧ ਸਮੇਂ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਰਹੇ ਹਨ ਤਾਂ ਉਹ ਵੱਡੇ ਬਾਦਲ ਸ: ਪ੍ਰਕਾਸ਼ ਸਿੰਘ ਬਾਦਲ ਦੀ ਬੀਬੀ ਸੁਰਿੰਦਰ ਕੌਰ ਦੇ ਆਸ਼ੀਰਵਾਦ ਸਦਕਾ ਸੰਭਵ ਹੋਇਆ ਸੀ, ਜਦਕਿ ਬੀਬੀ ਜੀ ਦੇ ਇੰਤਕਾਲ ਤੋਂ ਬਾਅਦ ਉਨ੍ਹਾਂ ਉੱਤੇ ਸੁਖਬੀਰ ਬਾਦਲ ਨੇ ਕਈ ਤਰ੍ਹਾਂ ਦੇ ਦੋਸ਼ ਲਾਉਣੇ ਸ਼ੁਰੂ  ਕਰ ਦਿੱਤੇ, ਤੇ ਉਸ ਦੌਰਾਨ ਅਕਾਲੀ ਦਲ ਦੇ ਕਈ ਆਗੂ ਉਨ੍ਹਾਂ ਨੂੰ ਭਾਪਾ ਭਾਪਾ ਕਹਿ ਕੇ ਵੀ ਛੇੜਦੇ ਰਹੇ। ਮੱਕੜ ਨੇ ਉਸ ਵੇਲੇ ਇਹ ਵੀ ਕਿਹਾ ਸੀ ਕਿ ਸੁਖਬੀਰ ਬਾਦਲ ਕਾਰਨ ਹੀ ਉਨ੍ਹਾਂ ਨੂੰ ਆਪਣੀ ਪ੍ਰਧਾਨਗੀ ਗਵਾਉਣੀ ਪਈ। ਇਨ੍ਹਾਂ ਬਿਆਨਾਂ ਤੋਂ ਬਾਅਦ ਸੁਖਬੀਰ ਬਾਦਲ ਨੇ ਭਾਵੇਂ ਕਿ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਮਨਾ ਲਿਆ ਸੀ, ਪਰ ਇੰਝ ਜਾਪਦਾ ਹੈ ਜਿਵੇਂ ਜਿਸ ਵਾਅਦੇ ਨਾਲ ਉਹ ਇੱਕ ਵਾਰ ਫਿਰ ਸੁਖਬੀਰ ਬਾਦਲ ਦੇ ਨੇੜੇ ਗਏ ਸਨ ਉਹ ਵਾਅਦਾ ਸ਼ਾਇਦ ਪੂਰਾ ਨਹੀਂ ਹੋਇਆ ਤੇ ਇਹੋ ਕਾਰਨ ਹੈ ਕਿ ਮੱਕੜ ਨੇ ਇੱਕ ਵਾਰ ਫਿਰ ਆਪਣੇ ਤੇਵਰ ਸਖਤ ਕਰ ਲਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਮੱਕੜ ਦੇ ਇਨ੍ਹਾਂ ਤੇਵਰਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ‘ਤੇ ਕੀ ਪ੍ਰਤਿਕਿਰਿਆ ਦਿੰਦੀ ਹੈ।

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *