ਮਾਸਟਰ ਬਲਦੇਵ ਜੀ ਕਿਤੇ ਇੰਝ ਨਾ ਹੋਵੇ ਅੱਗੋ ਭਾਈ ਜੀ ਨਾ ਦੇਣ ਤੇ ਪਿੱਛੋਂ ਕੁੱਤਾ ਲੈਜੇ!

Prabhjot Kaur
3 Min Read

ਜੈਤੋ : ਮਾਸਟਰ ਬਲਦੇਵ ਸਿੰਘ ਸੁਖਪਾਲ ਖਹਿਰਾ ਨੂੰ ਦਿੱਤੇ ਆਪਣੇ ਵਚਨ ਦੇ ਪੱਕੇ ਨਿੱਕਲੇ ਤੇ ਉਨ੍ਹਾਂ ਨੇ ਵਿਰੋਧ ਦੇ ਬਾਵਜੂਦ ਆਖਿਰਕਾਰ ‘ਆਮ ਆਦਮੀ ਪਾਰਟੀ’ ਦੀ ਮੁੱਢਲੀ ਮੈਬਰਸ਼ਿਪ ਤੋਂ ਅਸਤੀਫਾ ਦੇ ਹੀ ਦਿੱਤਾ ਹੈ। ਹੁਣ ਚਰਚਾ ਹੈ ਕਿ ਉਹ ਆਉਂਦੀਆਂ ਲੋਕ ਸਭਾ ਚੋਣਾ ਦੌਰਾਨ ‘ਪੰਜਾਬੀ ਏਕਤਾ ਪਾਰਟੀ’ ਵੱਲੋਂ ਹਲਕਾ ਫਰੀਦਕੋਟ ਤੋਂ ਚੋਣ ਲੜਨ ਜਾ ਰਹੇ ਹਨ। ਜਿਉਂ ਹੀ ਇਨ੍ਹਾਂ ਚਰਚਾਵਾਂ ਦਾ ਬਜ਼ਾਰ ਗਰਮ ਹੋਇਆ ਹੈ ਤਿਉਂ ਹੀ ਸੋਸ਼ਲ ਮੀਡੀਆ ‘ਤੇ ਹਲਕਾ ਜੈਤੋ ਦੇ ਲੋਕ ਮਾਸਟਰ ਬਲਦੇਵ ਸਿੰਘ ਦੇ ਇਸ ਫੈਂਸਲੇ ਨੂੰ ਆਤਮਘਾਤੀ ਦੱਸਦਿਆਂ ਚਿਤਾਵਨੀ ਦੇ ਰਹੇ ਹਨ ਕਿ ਲੋਕ ਫਤਵੇ ਨੂੰ ਨਜ਼ਰ ਅੰਦਾਜ਼ ਕਰਕੇ ਮਨ ਮਰਜ਼ੀ ਕਰਨ ਵਾਲੇ ਉਨ੍ਹਾਂ ਦੇ ਵਿਧਾਇਕ ਜਦੋਂ ਮੁੜ ਵੋਟਾਂ ਮੰਗਣ ਲਈ ਉਨ੍ਹਾਂ ਹੀ ਲੋਕਾਂ ਕੋਲ ਜਾਣਗੇ ਤਾਂ ਉਸ ਵੇਲੇ ਮਾਸਟਰ ਜੀ ਨੂੰ ਇਹ ਜਵਾਬ ਦੇਣਾ ਔਖਾ ਹੋਵੇਗਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਜ਼ਿਮਨੀ ਚੋਣ ਵੱਲ ਕਿਉਂ ਧੱਕਿਆ ਹੈ।

ਆਪ ਤੋਂ ਅਸਤੀਫਾ ਦੇਣ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਮਾਸਟਰ ਬਲਦੇਵ ਸਿੰਘ ਦੇ ਸਬੰਧ ਵਿੱਚ ਭਾਵੇਂ ਕਿ ਲੋਕ ਵੱਖ ਵੱਖ ਰਾਏ ਰੱਖ ਰਹੇ ਹਨ ਪਰ ਜ਼ਿਆਦਾਤਰ ਰਾਏ ਮਾਸਟਰ ਜੀ ਦੇ ਖਿਲਾਫ ਹੀ ਜਾਂਦੀ ਦਿਖਾਈ ਦੇ ਰਹੀ ਹੈ। ਲੋਕ ਇਹ ਸਵਾਲ ਕਰ ਰਹੇ ਹਨ ਕਿ ਜਦੋਂ ਮਾਸਟਰ ਬਲਦੇਵ ਸਿੰਘ ਨੂੰ ਆਪਣੇ ਫੈਸਲੇ ਤੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ ਤਾਂ ਫਿਰ ਲੋਕ ਫਤਵੇ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਮਨ ਮਰਜ਼ੀ ਕਿਉਂ ਕੀਤੀ। ਜਿਹੜੇ ਲੋਕ ਆਪਣੇ ਵਿਧਾਇਕ ਦੇ ਸਮਰਥਨ ਵਿੱਚ ਹਨ ਉਨ੍ਹਾਂ ਦਾ ਇਹ ਤਰਕ ਹੈ ਕਿ ਸੁਖਪਾਲ ਖਹਿਰਾ ਦਾ ਸਾਥ ਦੇ ਕੇ ਮਾਸਟਰ ਬਲਦੇਵ ਸਿੰਘ ਬਿਲਕੁਲ ਸਹੀ ਰਾਹ ਤੇ ਤੁਰ ਪਏ ਹਨ ਲਿਹਾਜ਼ਾ ਉਹ ਉਨ੍ਹਾਂ ਦੇ ਨਾਲ ਹਨ। ਪਰ ਦੱਸ ਦਈਏ ਕਿ ਅਜਿਹੇ ਲੋਕਾਂ ਦੀ ਗਿਣਤੀ ਘੱਟ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ 12 ਜਨਵਰੀ ਨੂੰ ਜਦੋਂ ਸੁਖਪਾਲ ਖਹਿਰਾ ਨੇ ਇੱਕ ਮੀਟਿੰਗ ਦੌਰਾਨ ਮਾਸਟਰ ਬਲਦੇਵ ਸਿੰਘ ਦੇ ਸਮਰਥਕਾਂ ਨੂੰ ਜਦੋਂ ਇਹ ਕਿਹਾ ਸੀ ਕਿ ਉਹ ਉਨ੍ਹਾਂ ਤੋਂ ਉਨ੍ਹਾਂ ਦਾ ਵਿਧਾਇਕ ਮੰਗਣ ਆਏ ਹਨ ਤਾਂ ਉਸ ਵੇਲੇ ਹਲਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਸਾਫ ਇਨਕਾਰ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਬਲਦੇਵ ਸਿੰਘ ਆਉਂਦੀਆਂ ਲੋਕ ਸਭਾ ਚੋਣਾ ‘ਪੰਜਾਬ ਏਕਤਾ ਪਾਰਟੀ’ ਦੇ ਨਿਸ਼ਾਨ ਹੇਠ ਲੜਨ ਜਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਹਲਕਾ ਜੈਤੋ ਵਿੱਚ ਜ਼ਿਮਨੀ ਚੋਣ ਹੋਣ ਦੀ ਸੰਭਾਵਨਾ ਹੈ।

‘ਪੰਜਾਬੀ ਏਕਤਾ ਪਾਰਟੀ’ ਦੇ ਸੂਤਰਾਂ ਮੁਤਾਬਕ ਪਾਰਟੀ ਮੈਂਬਰਾਂ ਵੱਲੋਂ ‘ਆਪ’ ਆਗੂ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਵੀ ‘ਆਪ’ ਪਾਰਟੀ ਨੂੰ ਛੱਡਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦਾ ਮਕਸਦ ਹੈ ਕਿ ਜੇਕਰ ਖਹਿਰਾ, ਐਚ ਐਸ ਫੂਲਕਾ ਅਤੇ ਬਲਦੇਵ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਜੇਕਰ ਨਾਜ਼ਰ ਸਿੰਘ ਵੀ ਅਸਤੀਫਾ ਦੇ ਦਿੰਦੇ ਹਨ ਤਾਂ ਪਾਰਟੀ ਦੇ ਹੱਥੋਂ ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਹੋਣ ਦਾ ਰੁਤਬਾ ਚਲਾ ਜਾਵੇਗਾ। ‘ਆਪ’ ਪਾਰਟੀ ਦੇ ਸੂਤਰਾਂ ਮੁਤਾਬਕ ਪਾਰਟੀ ਅਸਤੀਫਿਆਂ ਨੂੰ ਤੁਰੰਤ ਸਵੀਕਾਰ ਕਰ  ਲਵੇਗੀ।

 

- Advertisement -

Share this Article
Leave a comment