ਭਾਰਤ ਮਾਤਾ ਦੇ ‘ਹਵਸੀ ਕੁੱਤੇ’

TeamGlobalPunjab
22 Min Read

-ਡਾ. ਹਰਸ਼ਿੰਦਰ ਕੌਰ

ਗੁਰੂ ਨਾਨਕ ਸਾਹਿਬ ਨੇ ਜਦੋਂ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ’’ ਉਚਾਰਿਆ ਸੀ ਤਾਂ ਲੋਕਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਗ਼ਰੀਬ ਲਾਚਾਰ ਬੇਕਸੂਰ ਔਰਤਾਂ ਦਾ ਬਲਾਤਕਾਰ ਕਰ ਕੇ, ਵੱਢ ਟੁੱਕ ਕੇ, ਨਿਰਵਸਤਰ ਕਰ ਕੇ ਸੁੱਟਣਾ ਸੰਗੀਨ ਜੁਰਮ ਹੈ। ਏਸੇ ਲਈ ਔਰਤ ਨੂੰ ਉਚੇਰਾ ਦਰਜਾ ਦੇਣ ਦੀ ਗੱਲ ਵੀ ਕੀਤੀ। ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਜਿੰਨੀ ਦੂਰ ਤੱਕ ਪਹੁੰਚ ਸਕਦੇ ਸਨ, ਪਹੁੰਚੇ। ਸਵਾਲ ਇਹ ਹੈ ਕਿ ਕੀ ਉਨ੍ਹਾਂ ਸਿੱਖਿਆਵਾਂ ਵਿੱਚੋਂ ਅੱਜ ਦੇ ਦਿਨ ਭਾਰਤ ਅੰਦਰ ਕੋਈ ਪੂਰੀ ਤਰ੍ਹਾਂ ਖਰਾ ਉਤਰ ਰਿਹਾ ਹੈ? ਕੀ ਹਵਾ, ਪਾਣੀ, ਧਰਤੀ ਅੱਜ ਪਲੀਤ ਨਹੀਂ ਹੋ ਰਹੇ? ਕੀ ਲੁੱਟ ਖਸੁੱਟ ਬੰਦ ਹੋ ਚੁੱਕੀ ਹੈ? ਕੀ ਧਾਰਮਿਕ ਪਾਖੰਡਾਂ ਰਾਹੀਂ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਰਿਹਾ? ਕੀ ਗੁੰਡਾਗਰਦੀ ਮੁੱਕ ਚੁੱਕੀ ਹੈ? ਕੀ ਹੁਣ ‘ਰਾਜੇ ਸੀਹ ਮੁਕਦਮ ਕੁਤੇ’ ਨਹੀਂ ਰਹੇ? ਕੀ ਲੋਕ ਹੁਣ ਰਾਜ ਕਰਨ ਵਾਲਿਆਂ ਹੱਥੋਂ ਨਪੀੜੇ ਨਹੀਂ ਜਾ ਰਹੇ? ਕੀ ਲੋਕ ਬਹਿ ਕੇ ਆਪਣੀ ਕਿਸਮਤ ਉੱਤੇ ਝੂਰਦੇ ਸਭ ਕੁੱਝ ਸਹਿਨ ਤਾਂ ਨਹੀਂ ਕਰ ਰਹੇ?

ਜੇ ਸਭ ਕੁੱਝ ਉਸੇ ਤਰ੍ਹਾਂ ਹੈ ਤੇ ਮਲਕ ਭਾਗੋਆਂ ਦੀ ਪੂਰੀ ਚੜ੍ਹਤ ਹੈ, ਤਾਂ ਫੇਰ ਔਰਤ ਨਾਲ ਹੋ ਰਹੇ ਜੁਰਮਾਂ ਵਿਚ ਘਾਟਾ ਕਿਵੇਂ ਹੋ ਸਕਦਾ ਹੈ? ਏਨੇ ਸਾਲਾਂ ਵਿਚ ਫ਼ਰਕ ਸਿਰਫ਼ ਇਹ ਪਿਆ ਹੈ ਕਿ ਬਾਕੀ ਗੱਲਾਂ ਵਿਚ ਤਾਂ ਅਸੀਂ ਢੀਠ ਬਣ ਕੇ ਓਨੀ ਹੀ ਧੁੰਧ ਵਿਚ ਗਰਕੇ ਪਏ ਹਾਂ ਪਰ ਜਿੱਥੋਂ ਤੱਕ ਔਰਤਾਂ ਪ੍ਰਤੀ ਹੁੰਦਾ ਜੁਰਮ ਸੀ, ਉਸ ਵਿਚ ਅਸੀਂ ਵੱਡਾ ਮਾਅਰਕਾ ਮਾਰਿਆ ਹੈ। ਉਹ ਸਿਖਰਾਂ ਛੂਹੀਆਂ ਹਨ ਕਿ ਪੂਰੀ ਦੁਨੀਆ ਨੂੰ ਮਾਤ ਪਾ ਦਿੱਤੀ ਹੈ। ਕੁੱਖੋਂ ਜੰਮਿਆ ਮਾਸ ਦਾ ਲੋਥੜਾ ਕਿੰਜ ਉਸੇ ਕੁੱਖ ਨੂੰ ਨੋਚ ਕੇ, ਕੱਟ ਵੱਢ ਕੇ ਚੀਥੜੇ ਉਡਾ ਰਿਹਾ ਹੈ, ਇਹ ਤਾਂ ਸਪਸ਼ਟ ਹੋ ਗਿਆ ਕਿ ਭਾਰਤ ਮਾਤਾ ਦੇ ਹਵਸੀ ਕੁੱਤਿਆਂ ਨੇ ਹੈਵਾਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਮਾਤਾ ਆਪਣੇ ਅੰਦਰ 33 ਕਰੋੜ ਦੇਵੀ ਦੇਵਤੇ ਸਮੋਈ ਬੈਠੀ ਹੈ। ਏਥੇ ਧਾਰਮਿਕ ਥਾਵਾਂ ਸਕੂਲਾਂ ਕਾਲਜਾਂ ਤੋਂ ਵੱਧ ਹਨ। ਵਿਦਿਆ ਏਨੀ ਮਹਿੰਗੀ ਕਿ ਵੱਡੀ ਗਿਣਤੀ ਅਨਪੜ੍ਹ ਤੇ ਬੇਰੁਜ਼ਗਾਰ ਤਿਆਰ ਹੋ ਰਹੇ ਹਨ। ਕਾਨੂੰਨ ਵਿਚਲੀ ਢਿੱਲ ਤੇ ਰਾਜਨੀਤਕ ਸ਼ੈਅ ਹੇਠ ਤਿਆਰ ਹੋ ਰਹੇ ਗੁੰਡਾ ਅਨਸਰਾਂ ਦੀ ਗਿਣਤੀ ਦੁਗਣੀ ਚੌਗੁਣੀ ਹੋ ਚੁੱਕੀ ਹੈ।

ਸਕੂਲਾਂ ਦੇ ਅੰਦਰ ਦੀ ਪੜ੍ਹਾਈ ਦਾ ਹਾਲ ਇਹ ਹੈ ਕਿ ਸਿਰਫ਼ ਇਨਸਾਨ ਬਣਨ ਤੋਂ ਬਗ਼ੈਰ ਬੱਚੇ ਹੋਰ ਸਭ ਕੁੱਝ ਹਾਸਲ ਕਰ ਲੈਂਦੇ ਹਨ। ਅੱਠਵੀਂ ਜਮਾਤ ਵਿਚ ਪੜ੍ਹ ਰਿਹਾ ਮੁੰਡਾ ਸਭ ਜਾਣਦਾ ਹੈ ਕਿ ਕਿਵੇਂ ਉਸ ਨੇ ਦੂਜੀ ਜਾਂ ਛੇਵੀਂ ਜਮਾਤ ਵਿਚ ਪੜ੍ਹ ਰਹੀ ਬੱਚੀ ਦਾ ਬਲਾਤਕਾਰ ਕਰਨਾ ਹੈ। ਦੂਜੇ ਪਾਸੇ, ਕੀ ਮਾਪੇ ਤੇ ਕੀ ਅਧਿਆਪਕ, ਕੋਈ ਵੀ ਬੇਟੀਆਂ ਨੂੰ ‘ਚੰਗੀ ਛੋਹ-ਮਾੜੀ ਛੋਹ’ ਤੱਕ ਦੱਸਣ ਤੋਂ ਇਨਕਾਰੀ ਹਨ। ਸਰੀਰਕ ਵਿਗਿਆਨ ਬਾਰੇ ਗੱਲ ਕਰਨੀ ਤਾਂ ਦੂਰ ਦੀ ਗੱਲ ਹੈ। ਇਸੇ ਲਈ ਘਰਾਂ ਵਿਚ ਬੈਠੀਆਂ ਨਿੱਕੀਆਂ ਬਾਲੜੀਆਂ ਵੀ ਘਰ ਅੰਦਰਲੇ ਰਿਸ਼ਤੇਦਾਰਾਂ ਹੱਥੋਂ ਸੌਖੀਆਂ ਹੀ ਜਬਰਜ਼ਨਾਹ ਦਾ ਸ਼ਿਕਾਰ ਹੋ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਸਿੱਖਿਆ ਸਿਰਫ਼ ਮਰਦ ਦੀ ਅਧੀਨਗੀ ਦੀ ਹੀ ਦਿੱਤੀ ਜਾਂਦੀ ਹੈ। ਖ਼ਾਨਦਾਨ ਦੀ ਅਖੌਤੀ ਇਜ਼ਤ ਦਾ ਹਵਾਲਾ ਦੇ ਕੇ ਹਰ ਬਾਲੜੀ ਉੱਤੇ ਦੜ ਵੱਟ ਕੇ ਜ਼ੁਲਮ ਸਹਿਣ, ਕਦੇ ਆਵਾਜ਼ ਨਾ ਚੁੱਕਣ ਤੇ ਨਾ ਹੀ ਆਪਣੀ ਮਰਜ਼ੀ ਕਰਨ ਦਾ ਹੱਕ ਦਿੱਤਾ ਜਾਂਦਾ ਹੈ। ਨਤੀਜਾ ਸਾਡੇ ਸਾਹਮਣੇ ਹੈ। ਪਹਿਲਾਂ ਮੰਦਰਾਂ ਵਿਚ ਦੇਵਦਾਸੀਆਂ ਬਣਾ ਕੇ ਅਤਿ ਦਾ ਨਰਕ ਭੋਗਦੀਆਂ ਅਣਗਿਣਤ ਬਾਲੜੀਆਂ ਹਵਸ ਦੇ ਲੋਭੀਆਂ ਹੱਥੋਂ ਗਰਭ ਠਹਿਰ ਜਾਣ ਬਾਅਦ ਉਨ੍ਹਾਂ ਹੀ ਪੁਜਾਰੀਆਂ ਦੀਆਂ ਲੱਤਾਂ ਦੇ ਠੇਡੇ ਢਿੱਡਾਂ ਉੱਤੇ ਝੱਲਦੀਆਂ ਬੱਚੇਦਾਨੀ ਫਟ ਜਾਣ ਕਾਰਨ ਮੌਤ ਦੇ ਮੂੰਹ ਵਿਚ ਜਾਂਦੀਆਂ ਰਹੀਆਂ ਸਨ। ਅੱਜ ਵੀ ਸਹਾਰਾ ਘਰਾਂ ਵਿਚ ਬਥੇਰੀਆਂ ਅਜਿਹਾ ਨਰਕ ਭੋਗ ਰਹੀਆਂ ਹਨ। ਵਿਧਵਾਵਾਂ ਦਾ ਜੋ ਹਾਲ ਕੀਤਾ ਜਾਂਦਾ ਰਿਹਾ ਹੈ ਜਾਂ ਹੁਣ ਤੱਕ ਵੀ ਹੋ ਰਿਹਾ ਹੈ, ਉਹ ਵੀ ਕਿਸੇ ਕੋਲੋਂ ਲੁਕਿਆ ਨਹੀਂ। ਅਣਖ ਨਾਲ ਆਪਣੀ ਰੋਜ਼ੀ ਰੋਟੀ ਕਮਾਉਂਦੀ ਇਕੱਲੀ ਔਰਤ ਭਾਰਤ ਮਾਤਾ ਦੀ ਧਰਤੀ ਉੱਪਰ ਗੁਣਾਹ ਮੰਨ ਲਿਆ ਗਿਆ ਹੈ। ਡਾ. ਪਿ੍ਰਅੰਕਾ ਰੈਡੀ ਇਸ ਸੋਚ ਦੀ ਤਾਜ਼ਾ ਸ਼ਿਕਾਰ ਬਣ ਗਈ ਹੈ। ਇੱਕ ਖੁੱਦਦਾਰ 26 ਸਾਲਾ ਡਾਕਟਰ ਤੇਲੰਗਾਨਾ ਵਿਚ ਡਿਊਟੀ ਉੱਤੇ ਜਾਣ ਲਈ ਆਪਣੀ ਸਕੂਟੀ ਉੱਤੇ ਜੇ ਸ਼ਾਮ ਵੇਲੇ ਜਾਵੇ ਤਾਂ ਔਰਤ ਨੂੰ ਸਿਰਫ਼ ਸਰੀਰ ਮੰਨਣ ਵਾਲੇ ਹਬਸ਼ੀ ਉਸ ਦੇ ਸਰੀਰ ਉੱਤੇ ਕਬਜ਼ਾ ਕਰ ਕੇ, ਹੈਵਾਨੀਅਤ ਦਾ ਨੰਗਾ ਨਾਚ ਕਰਦੇ ਹਨ, ਗਲਾ ਘੋਟਦੇ ਹਨ ਤੇ ਆਪਣੇ ਕੁਕਰਮ ਨੂੰ ਲੁਕਾਉਣ ਲਈ ਉਸ ਦੇ ਜਿਸਮ ਨੂੰ ਸਾੜ ਵੀ ਦਿੰਦੇ ਹਨ। ਇਹ ਇਕ ਆਮ ਘਟਨਾ ਮੰਨ ਕੇ ਉਸੇ ਦਿਨ ਅਨੇਕ ਹੋਰ ਵੀ ਹਲਕੇ ਕੁੱਤਿਆਂ ਨੇ ਆਪਣਾ ਰੂਪ ਜਗ ਜ਼ਾਹਿਰ ਕੀਤਾ ਸੀ। ਇਨ੍ਹਾਂ ਵਿੱਚੋਂ ਕੁੱਝ ਹਨ :-

- Advertisement -

1. ਟਰਾਈਬਲ ਕਾਨੂੰਨ ਦੀ ਪੜ੍ਹਾਈ ਕਰਦੀ 25 ਸਾਲਾ ਵਿਦਿਆਰਥਣ ਨੂੰ ਰਾਂਚੀ ਦੇ ‘‘ਵੀ.ਈ.ਪੀ.’’ ਇਲਾਕੇ ਵਿਚ ਪਿਸਤੌਲ ਵਿਖਾ ਕੇ ਚੁੱਕ ਲਿਆ ਗਿਆ ਤੇ 12 ਜਣਿਆਂ ਨੇ ਰਲ ਕੇ ਇੱਟਾਂ ਦੇ ਭੱਠੇ ਅੰਦਰ ਕੈਦ ਕਰ ਕੇ ਉਸ ਦਾ ਬਲਾਤਕਾਰ ਕੀਤਾ।

2. ਦਲਿਤ ਬੱਚੀ ਰੋਜਾ ਜੋ 20 ਸਾਲ ਦੀ ਸੀ, ਦਾ ਬਲਾਤਕਾਰ ਕਰ ਕੇ ਹਵਸੀਆਂ ਨੇ ਉਸ ਨੂੰ ਦਰਖਤ ਨਾਲ ਟੰਗ ਕੇ ਕਾਂਚੀਪੁਰਮ (ਤਾਮਿਲ ਨਾਡੂ) ਵਿਚ ਆਪਣੀ ‘‘ਬਹਾਦਰੀ’’ ਵਿਖਾਈ।

3. ਬੱਤੀ ਸਾਲਾ ਔਰਤ ਕੁੱਡਾਲੋਰ (ਤਾਮਿਲ ਨਾਡੂ) ਵਿਖੇ ਆਪਣੇ ਰਿਸ਼ਤੇਦਾਰ ਨਾਲ ਸਕੂਟਰ ’ਤੇ ਘਰ ਮੁੜਦੀ ਨੂੰ 5 ਵੀਹ-ਵੀਹ ਸਾਲਾਂ ਦੇ ਬਲਾਤਕਾਰੀਆਂ ਨੇ ਇਹ ਸਜ਼ਾ ਸੁਣਾ ਕੇ ਚੂੰਢਿਆ ਕਿ ਘਰੋਂ ਬਾਹਰ ਪੈਰ ਧਰਨਾ ਔਰਤ ਲਈ ਭਾਰਤ ਮਾਤਾ ਦੀ ਧਰਤੀ ਉੱਤੇ ਗੁਣਾਹ ਹੈ।

4. ਵਦੋਦਰਾ (ਗੁਜਰਾਤ) ਵਿਖੇ ਵੀ 14 ਸਾਲਾ ਬੱਚੀ ਦਾ ਦੋ ਮੁਸ਼ਟੰਡਿਆਂ ਨੇ ਉਸੇ ਹੀ ਦਿਨ ਬਲਾਤਕਾਰ ਕੀਤਾ।

5. 88 ਸਾਲਾ ਔਰਤ ਦਾ ਬਲਾਤਕਾਰ ਉਸੇ ਦੇ ਘਰ ਟੂਟੀ ਠੀਕ ਕਰਨ ਆਏ ਵਹਿਸ਼ੀ ਨੇ ਕੀਤਾ।

- Advertisement -

6. ਚੰਡੀਗੜ੍ਹ ਦਾ ਆਟੋ ਡਰਾਈਵਰ 11 ਸਾਲਾ ਬੱਚੀ ਨੂੰ ਤਿੰਨ ਦਿਨ ਘਰ ਅੰਦਰ ਡੱਕ ਕੇ ਲਗਾਤਾਰ ਬਲਾਤਕਾਰ ਕਰਦਾ ਰਿਹਾ।

7. ਜੈਪੁਰ ਦੇ ਹਵਸੀ ਕੁੱਤੇ ਨੇ ਨਵਾਂ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਜਮਾਤ ਵਿਚ ਪੜ੍ਹਦੀ 6 ਸਾਲਾ ਬੱਚੀ ਨੂੰ ਟੌਂਕ (ਰਾਜਸਥਾਨ) ਵਿਚ ਸਕੂਲ ਅੰਦਰਲੇ ਫੰਕਸ਼ਨ ਤੋਂ ਤਿੰਨ ਵਜੇ ਬਾਹਰ ਨਿਕਲਣ ਲੱਗਿਆਂ ਉਸੇ ਥਾਂ ਦਬੋਚ ਲਿਆ ਤੇ ਬਲਾਤਕਾਰ ਕਰ ਕੇ ਉਸੇ ਦੀ ਸਕੂਲ ਦੀ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਪਿੰਡ ਦੀਆਂ ਝਾੜੀਆਂ ਵਿਚ ਸੁੱਟ ਦਿੱਤਾ ਤੇ ਮੁੱਛਾਂ ਨੂੰ ਤਾਅ ਦਿੰਦਾ ਉੱਥੋਂ ਤੁਰ ਗਿਆ।

8. ਇਕ ਹੋਰ ਛੇ ਸਾਲਾ ਬੱਚੀ ਦੀ ਗਲੀ ਸੜੀ ਲਾਸ਼ ਰਾਮਪੁਰ ਵਿਚ ਇਕ ਟੁੱਟੇ ਹੋਏ ਘਰ ਦੀ ਚਾਰਦੀਵਾਰੀ ਅੰਦਰ ਮਿਲੀ ਜਿਸ ਨੂੰ ਉਸੇ ਦੇ ਗਵਾਂਢੀ ਨੇ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਮੁਕਾਇਆ ਸੀ।

9. ਦਿੱਲੀ ਵਿਚ ਇੱਕ ਨੌ ਸਾਲਾ ਬੱਚੀ ਦਾ ਉਧਾਲਾ ਉਸ ਦੇ ਆਪਣੇ ਸਕੇ ਪਿਓ ਨੇ ਕੀਤਾ। ਜ਼ਖ਼ਮਾਂ ਦੀ ਮਾਰ ਨਾ ਝੱਲਦੀ ਹੋਈ ਤੇ ਬੱਚੇਦਾਨੀ ਫਟਣ ਨਾਲ ਵਾਧੂ ਲਹੂ ਵਹਿ ਜਾਣ ਕਾਰਨ ਉਹ ਸੁਆਸ ਤਿਆਗ ਗਈ।

10. ਹਰਿਆਣੇ ਵਿਚ ਇੱਕ ਵਿਧਵਾ ਔਰਤ ਨੂੰ ਦੋ ਜਣਿਆਂ ਨੇ ਘੜੀਸ ਕੇ ਨਸ਼ਾ ਪਿਆ ਕੇ ਖੇਤਾਂ ਵਿਚ ਲਿਜਾ ਕੇ ਤਿੰਨ ਘੰਟੇ ਬਲਾਤਕਾਰ ਕੀਤਾ।

11. ਇੱਕ 6 ਸਾਲਾ ਬੱਚੀ ਦਾ ਸਮੂਹਕ ਬਲਾਤਕਾਰ ਉਸੇ ਦੇ ਸਕੂਲ ਵਿਚ ਪੜ੍ਹ ਰਹੇ 4 ਨਾਬਾਲਗ (12 ਤੋਂ 15 ਸਾਲਾਂ ਦੇ) ਮੁਸ਼ਟੰਡਿਆਂ ਨੇ ਕੀਤਾ।

12. ਹਰਿਆਣੇ ਵਿਚ 19 ਸਾਲਾ ਬੱਚੀ ਦਾ ਬਲਾਤਕਾਰ ਉਸ ਨੂੰ ਜਬਰੀ ਚੁੱਕ ਕੇ ਨਸ਼ੇ ਦਾ ਟੀਕਾ ਲਾ ਕੇ ਕੀਤਾ ਗਿਆ। ਫੜੇ ਜਾਣ ਉੱਤੇ ਬਲਾਤਕਾਰੀ ਨੇ ਬਿਆਨ ਦਿੱਤਾ ਕਿ ਉਹ ਬੱਚੀ ਪੜ੍ਹਾਈ ਵਿਚ ਪਹਿਲੇ ਨੰਬਰ ਉੱਤੇ ਆਉਂਦੀ ਰਹੀ ਸੀ ਤੇ ਉਸ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਇਸ ਵਾਸਤੇ ਇਹ ਸਜ਼ਾ ਦਿੱਤੀ ਗਈ ਤਾਂ ਜੋ ਉਸ ਨੂੰ ਵੇਖ ਕੇ ਕੋਈ ਹੋਰ ਬੱਚੀ ਅਗਾਂਹ ਪੜ੍ਹਨ ਦੀ ਹਿੰਮਤ ਨਾ ਕਰ ਸਕੇ।

13. ਦਿੱਲੀ ਵਿਚ ਇਕ ਸੱਤ ਸਾਲਾ ਬੱਚੀ ਦਾ ਬਲਾਤਕਾਰ ਉਸ ਦੇ ਗੁਆਂਢੀ 45 ਸਾਲਾ ਹੈਵਾਨ ਨੇ ਕੀਤਾ। ਬਲਾਤਕਾਰ ਕਰਨਾ ਸੰਭਵ ਨਹੀਂ ਹੋ ਰਿਹਾ ਸੀ ਕਿਉਂਕਿ ਬੱਚੀ ਦੇ ਅੰਦਰੂਨੀ ਅੰਗ ਅਜੇ ਬਣੇ ਹੀ ਨਹੀਂ ਸੀ। ਇਸ ਲਈ ਉਸ ਨੇ ਲੋਹੇ ਦੀ ਵੱਡੀ ਚੌੜੀ ਪਾਈਪ ਉਸ ਦੀ ਬੱਚੇਦਾਨੀ ਅੰਦਰ ਪਾ ਕੇ ਪਾੜ ਦਿੱਤੀ ਤੇ ਇੰਜ ਹੀ ਬੇਸੁਰਤ ਲਹੂ ਵਹਿੰਦੀ ਨੂੰ ਹਵਸ ਮਿਟਾਉਣ ਬਾਅਦ ਗਲੀ ਵਿਚ ਸੁੱਟ ਕੇ ਤੁਰ ਗਿਆ। ਉਸ ਬੱਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮਾਂ ਇਕੱਲੀ ਕਮਾਉਣ ਵਾਲੀ ਸੀ ਤੇ ਉਹ ਵੀ ਦਿਹਾੜੀਦਾਰ। ਪੈਸੇ ਦੀ ਕਮੀ ਹੋਣ ਸਦਕਾ ਬੱਚੀ ਦਾ ਆਈ.ਸੀ.ਯੂ. ਦਾ ਖ਼ਰਚਾ ਨਾ ਝੱਲ ਸਕੀ।

14. ਇਸ ਬੱਚੀ ਵੇਲੇ ਤਾਂ ਹੱਦ ਹੀ ਟੱਪੀ ਗਈ! ਕਰੂਰ ਮਾਨਸਿਕਤਾ ਦਾ ਚਿਹਰਾ ਸਭ ਸਾਹਮਣੇ ਸਪਸ਼ਟ ਹੋ ਗਿਆ। ਇਕ ਨਾਮਵਰ ਸਕੂਲ ਦੇ ਬੋਰਡਿੰਗ ਵਿਚ ਪੜ੍ਹ ਰਹੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਨੂੰ ਉਸੇ ਦੇ ਕਲਾਸ ਵਿਚਲੇ ਨਾਲਾਇਕ 4 ਵਿਦਿਆਰਥੀਆਂ, ਜੋ ਵੱਡੇ ਘਰਾਂ ਦੇ ਕਾਕੇ ਸਨ, ਨੇ ਸਮੂਹਕ ਬਲਾਤਕਾਰ ਕੀਤਾ ਤੇ ਸਕੂਲ ਵਾਲਿਆਂ ਨੇ ਬੱਚੀ ਨੂੰ ਸਭ ਕੁੱਝ ਜਰ ਜਾਣ ਲਈ ਕਿਹਾ ਤਾਂ ਜੋ ਸਕੂਲ ਦਾ ਨਾਂ ਬਦਨਾਮ ਨਾ ਹੋ ਜਾਵੇ। ਜਦੋਂ ਗਰਭ ਠਹਿਰ ਗਿਆ ਤਾਂ ਗਰਭਪਾਤ ਵੀ ਚੁੱਪ ਚਪੀਤੇ ਸਕੂਲ ਅੰਦਰ ਹੀ ਕਰਵਾ ਦਿੱਤਾ ਗਿਆ। ਉਸ ਤੋਂ ਬਾਅਦ ਹੀ ਮਾਪਿਆਂ ਨੂੰ ਪਤਾ ਲੱਗਿਆ ਤੇ ਗੱਲ ਮੀਡੀਆ ਤੱਕ ਪਹੁੰਚੀ।

15. ਸੰਗਰੂਰ ਵਿਚ 65 ਸਾਲਾ ਮਾਈ ਭਾਗੋ ਦੇਵੀ ਦਾ ਸਮੂਹਕ ਬਲਾਤਕਾਰ ਬਾਅਦ ਕਤਲ ਕੀਤਾ ਹੋਇਆ ਸਰੀਰ ਖਨੌਰੀ ਪੁਲਿਸ ਨੂੰ ਲੱਭਿਆ। ਕਤਲ ਕਰਨ ਵਾਲੇ ਸ਼ਤਰਾਨੇ ਦੇ ਚਾਰ ਨੌਜਵਾਨ ਮੁਸ਼ਟੰਡਿਆਂ ਵਿੱਚੋਂ ਇਕ 15 ਵਰ੍ਹਿਆਂ ਦਾ ਸੀ। ਸਾਗਰ, ਬੰਟੀ ਤੇ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਚਾਰਾਂ ਨੇ ਵਾਰੋ ਵਾਰੀ ਰੱਜ ਕੇ ਬਜ਼ੁਰਗ ਬੀਬੀ ਦਾ ਬਲਾਤਕਾਰ ਕਰ ਕੇ ਗਲਾ ਘੁੱਟ ਕੇ ਮਾਰ ਕੇ ਉਸ ਦੇ ਘਰ ਲੁੱਟ ਮਾਰ ਕੀਤੀ ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਵੀ ਲਾਹ ਲਈਆਂ ਸਨ। ਮਾਈ ਭਾਗੋ ਦੇਵੀ 20 ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਕਿਉਂਕਿ ਉਸ ਦਾ ਪਤੀ ਮਰ ਚੁੱਕਿਆ ਸੀ ਤੇ ਪੁੱਤਰ ਵੱਖ ਰਹਿਣ ਤੁਰ ਗਏ ਸਨ। ਜ਼ਰਾ ਧਿਆਨ ਦੇਣਾ! ਇਨ੍ਹਾਂ ਵਿੱਚੋਂ ਇੱਕ ਮੁਸ਼ਟੰਡਾ 19 ਸਾਲਾ ਸਾਗਰ ਮਾਈ ਭਾਗੋ ਦੇ ਸਕੇ ਭਰਾ ਦਾ ਪੋਤਰਾ ਸੀ, ਜੋ ਖਨੌਰੀ ਦੇ ਐਸ.ਐਚ.ਓ. ਕਰਤਾਰ ਸਿੰਘ ਅਨੁਸਾਰ ਬਹੁਤ ਵਾਰ ਆਪਣੀ ਦਾਦੀ ਕੋਲ ਪਿੰਨੀਆਂ ਤੇ ਚੂਰੀ ਖਾਣ ਆਉਂਦਾ ਜਾਂਦਾ ਰਹਿੰਦਾ ਸੀ! ਯਾਨੀ ਹੁਣ ਪੋਤਰੇ ਵੀ ਦਾਦੀ ਦਾ ਬਲਾਤਕਾਰ ਕਰ ਕੇ ਕਤਲ ਕਰ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਚੁਰਾ ਕੇ ਜਾਣ ਵੇਲੇ ਰਤਾ ਕਸਕ ਤੱਕ ਮਹਿਸੂਸ ਨਹੀਂ ਕਰਦੇ! ਇਸ ਤੋਂ ਵੱਧ ਨਿਘਾਰ ਹੋਰ ਆ ਸਕਦਾ ਹੈ? ਨਗਰ ਕੀਰਤਨ ਦੇ ਰੌਲੇ ਵਿਚ ਮਾਈ ਭਾਗੋ ਦੀ ਚੀਖ ਦੱਬ ਕੇ ਰਹਿ ਗਈ। ਪਰ ਅਸਲ ਗੱਲ ਤਾਂ ਇਹ ਹੈ ਕਿ ਹੁਣ ਸਾਗਰ ਨੂੰ ਬਚਾਉਣ ਲਈ ਉਸ ਦਾ ਪਿਓ ਆਪਣੀ ਹੀ ਮਾਂ ਦੇ ਵਿਰੁੱਧ ਗਵਾਹੀ ਦੇਣ ਨੂੰ ਤਿਆਰ ਹੈ।

16. ਧੂਰੀ ਵਿਖੇ ਸਕੂਲ ਬਸ ਕੰਡਕਟਰ ਕਮਲ ਕੁਮਾਰ ਨੇ ਆਪਣੀ ਹੀ ਬਸ ਵਿਚ ਸਕੂਲ ਜਾਂਦੀ 4 ਸਾਲਾ ਬੱਚੀ ਨੂੰ ਸਕੂਲ ਦੀ ਹਦ ਅੰਦਰ ਲਿਜਾ ਕੇ, ਬਲਾਤਕਾਰ ਕਰ ਕੇ ਸਕੂਲ ਦੇ ਪਿਛਵਾੜੇ ਵਿਚ ਸੁੱਟ ਦਿੱਤਾ। ਹੈ ਨਾ ਇਕ ਤੋਂ ਇਕ ਵੱਡੇ ਦਗਮੱਜੇ ਮਾਰੇ ਹੋਏ? ਸਭ ਹਵਸੀ ਕੁੱਤੇ ਇਕ ਨਵਾਂ ਰਿਕਾਰਡ ਕਾਇਮ ਕਰਨ ਦੀ ਹੋੜ ਵਿਚ ਹਨ। ਨਵਾਂ ਤੋਂ ਨਵਾਂ ਜਨੂੰਨ ਔਰਤ ਦੇ ਜਿਸਮ ਨੂੰ ਹੰਢਾਉਣ ਦਾ! ਉਸ ਦੀਆਂ ਮਿੱਠੀਆਂ ਲੋਰੀਆਂ ਤੇ ਗੋਦ ਵਿਚ ਖਿਡਾ ਕੇ ਆਪਣਾ ਦੁੱਧ ਪਿਆਉਣ ਦੇ ਜੁਰਮ ਦੀ ਸਜ਼ਾ ਦੇਣ ਦੇ ਦਿਲ ਕੰਬਾਊ ਢੰਗ! ਇਹ ਸਭ ਹੋਇਆ ਇੱਕੋ ਦਿਨ ਪਰ ਇੱਕ ਖ਼ਾਸ ਵਰ੍ਹੇ ਵਿਚ! ਇਸ ਵਰ੍ਹੇ ਪੂਰੀ ਦੁਨੀਆਂ ਵਿਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਨਮਦਿਨ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਔਰਤ ਦਾ ਬਿੰਬ ਉਚੇਰਾ ਚੁੱਕਣ ਦੇ ਅਣਥੱਕ ਯਤਨ ਕੀਤੇ ਸਨ। ਇਕ ਵੱਖ ਕਿਸਮ ਦਾ ਰਿਕਾਰਡ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ।

ਇਸ ਇਕ ਵਰ੍ਹੇ ਵਿਚ 38,947 ਬਲਾਤਕਾਰ ਰਿਕਾਰਡ ਕੀਤੇ ਗਏ ਜਿਨ੍ਹਾਂ ਵਿੱਚੋਂ 2167 ਸਮੂਹਕ ਸਨ ਤੇ ਲਗਭਗ 60 ਫੀਸਦੀ ਨਾਬਾਲਗ ਬੱਚੀਆਂ ਦੇ ਸਨ ਜਿਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮੱਧ ਪ੍ਰਦੇਸ਼ ਵਿਚ 4882, ਉਤਰ ਪ੍ਰਦੇਸ ਵਿਚ 4616, ਮਹਾਰਾਸ਼ਟਰ ਵਿਚ 4189, ਰਾਜਸਥਾਨ ਵਿਚ 3656 ਤੇ ਦਿੱਲੀ ਵਿਚ 2155 ਬਲਾਤਕਰ ਹੋਏ। ਦਿਨੋ ਦਿਨ ਦੁਗਣੀ ਚੌਗੁਣੀ ਹੁੰਦੀ ਇਨ੍ਹਾਂ ਰਾਖਸ਼ੀ ਬਿਰਤੀ ਵਾਲਿਆਂ ਦੀ ਗਿਣਤੀ ਨੇ ਔਰਤ ਜ਼ਾਤ ਲਈ ਕੋਈ ਸੁਰੱਖਿਅਤ ਥਾਂ ‘ਭਾਰਤ ਮਾਤਾ’ ਦੀ ਹਦ ਅੰਦਰ ਰੱਖੀ ਹੀ ਨਹੀਂ। ਵਿਹਲੜ ਫਿਰਦੇ ਇਨ੍ਹਾਂ ਲਾਰ ਟਪਕਾਉਂਦੇ ਕੁੱਤਿਆਂ ਦਾ ਇੱਕੋ ਟੀਚਾ ਹੈ ਕਿ ਆਪਣੀ ਮਾਂ ਦੀ ਜਿਨਸ ਵਾਲੀਆਂ ਦੇ ਸਰੀਰਾਂ ਨੂੰ ਮਾਸ ਦਾ ਲੋਥੜਾ ਮੰਨ ਕੇ ਪਾੜ ਸੁੱਟਣਾ ਹੈ ਜਾਂ ਕਿਸੇ ਵੀ ਹਾਲ ਵਿਚ ਉਨ੍ਹਾਂ ਦੇ ਸਰੀਰਾਂ ਨੂੰ ਭੋਗ ਕੇ ਉਨ੍ਹਾਂ ਉੱਤੇ ਕਾਬਜ਼ ਹੋਣਾ ਹੈ! ਅਜਿਹੀ ਹਾਲਤ ਵਿਚ ਕਿਹੜੀ ਔਰਤ ਇਹ ਮੰਨ ਸਕਦੀ ਹੈ ਕਿ ਉਹ ਘਰੋਂ ਨਿਕਲਣ ਬਾਅਦ ਵਾਪਸ ਸੁਰੱਖਿਅਤ ਪਹੁੰਚ ਜਾਵੇਗੀ? ਔਰਤ ਦੇ ਕੁੱਖੋਂ ਜੰਮਿਆ ਮਾਸ ਦਾ ਲੋਥੜਾ ਏਨਾ ਕਹਿਰੀ ਤੇ ਜ਼ਹਿਰੀ ਹੋ ਚੁੱਕਿਆ ਹੈ ਕਿ ਉਹ ਜੰਮਣ ਬਾਅਦ ਪਹਿਲਾ ਹੱਲਾ ਉਸੇ ਕੁੱਖ ਉੱਤੇ ਹੀ ਕਰਨ ਬਾਰੇ ਸੋਚਣ ਲੱਗ ਪਿਆ ਹੈ!

ਧਾਰਮਿਕ ਪਾਖੰਡਾਂ ਦੀ ਇਸ ਧਰਤੀ ’ਤੇ ਕੋਈ ਘਾਟ ਨਹੀਂ ਹੈ। ਕਮਾਲ ਇਹ ਹੈ ਕਿ ਮੰਦਰ ਦੀ ਚਾਰ ਦੀਵਾਰੀ ਅੰਦਰ ਵੀ ਨਿੱਕੀ ਬਾਲੜੀ ਦਾ ਬਲਾਤਕਾਰ ਹੋ ਜਾਂਦਾ ਹੈ ਤੇ ਕਿਸੇ ਧਰਮ ਦਾ ‘ਰਬ’ ਉੱਥੇ ਬੱਚੀਆਂ ਨੂੰ ਬਚਾਉਣ ਪਹੁੰਚਦਾ ਨਹੀਂ! ਆਖ਼ਰ ਕਿਸ ਨੇ ਘੜ੍ਹਿਆ ਹੈ ਅਜਿਹਾ ਰਬ ਜੋ ਸਿਰਫ਼ ਮਰਦਾਂ ਲਈ ਬਹੁੜਦਾ ਹੈ ਤੇ ਉਨ੍ਹਾਂ ਨੂੰ ਹੀ ਔਰਤ ਦਾ ਸਮੂਹਕ ਬਲਾਤਕਾਰ ਕਰ ਕੇ ਮਾਰ ਦੇਣ ਦਾ ਹੱਕ ਵੀ ਦੇ ਦਿੰਦਾ ਹੈ? ਕਿਉਂ ਰਬ ਦੇ ਘਰ ਸਾਰੀਆਂ ਬੰਦਸ਼ਾਂ ਸਿਰਫ਼ ਔਰਤ ਜ਼ਾਤ ਉੱਤੇ ਲੱਗਦੀਆਂ ਹਨ? ਕੌਣ ਹੈ ਅਜਿਹੇ ਕਾਨੂੰਨ ਬਣਾਉਣ ਵਾਲਾ ਤੇ ਰੋਕਾਂ ਲਾਉਣ ਵਾਲਾ? ਰਬ ਜਾਂ ਬੰਦੇ ਵੱਲੋਂ ਘੜਿਆ ਰਬ ਦਾ ਬੁੱਤ? ਉਸ ਬੁੱਤ ਨੂੰ ਘੁਮਾਉਣ ਵਾਲਾ ਸ਼ੈਤਾਨੀ ਦਿਮਾਗ਼ ਕਿਸ ਦਾ ਹੈ? ਕਿਉਂ ਔਰਤ ਨੂੰ ਹੀ ਵੱਧ ਧਾਰਮਿਕ ਵਲਗਣਾਂ ਵਿਚ ਘੇਰੀ ਰੱਖਣ ਦਾ ਜਤਨ ਲਗਾਤਾਰ ਜਾਰੀ ਹੈ? ਕਿਉਂ ਬੱਚੀ ਨੂੰ ਚੰਗੀ ਛੋਹ ਮਾੜੀ ਛੋਹ ਸਮਝਾਉਣ ਵੇਲੇ ਵੱਡੀ ਗਿਣਤੀ ਮਰਦ ਸਮਾਜ ਹਾਲ ਦੁਹਾਈ ਪਾਉਣ ਲੱਗ ਜਾਂਦਾ ਹੈ? ਕਿਉਂ ਖ਼ਾਨਦਾਨ ਦੀ ਇੱਜ਼ਤ ਦਾ ਭਾਰ ਸਿਰਫ਼ ਬਾਲੜੀ ਉੱਤੇ ਲੱਦ ਦਿੱਤਾ ਗਿਆ ਹੈ? ਜਦੋਂ ਖ਼ਾਨਦਾਨ ਦਾ ‘‘ਚਿਰਾਗ਼’’ ਦੂਜੇ ਦੀ ਧੀ ਦਾ ਬਲਾਤਕਾਰ ਕਰਦਾ ਹੈ ਤਾਂ ਖ਼ਾਨਦਾਨ ਦੀ ਇੱਜ਼ਤ ਨੂੰ ਕੀ ਚਾਰ ਚੰਨ ਲੱਗ ਜਾਂਦੇ ਹਨ? ਕੀ ਇਸੇ ਨੂੰ ਅਖੋਤੀ ਇੱਜ਼ਤ ਦਾ ਨਾਂ ਦੇ ਦਿੱਤਾ ਗਿਆ ਹੈ ਕਿ ਔਰਤ ਨੂੰ ਸਦਾ ਚਰਨਾਂ ਦੀ ਦਾਸੀ ਬਣਾਈ ਰੱਖਣਾ ਹੈ? ਕਦੋਂ ਅਸੀਂ ਆਪਣਾ ਦੋਗਲਾਪਨ ਛੱਡਾਂਗੇ ਤੇ ਔਰਤ ਨੂੰ ਔਰਤ ਦੀ ਦੁਸ਼ਮਨ ਕਹਿ ਕੇ ਪਾਸਾ ਵੱਟਦੇ ਰਹਾਂਗੇ? ਇਨ੍ਹਾਂ ਸਾਰੇ ਬਲਾਤਕਾਰਾਂ ਬਾਅਦ ਕਿਸੇ ਥਾਂ ਤੋਂ ਆਵਾਜ਼ ਕਿਉਂ ਨਹੀਂ ਉੱਠੀ ਕਿ ਮਰਦ ਔਰਤ ਦਾ ਦੁਸ਼ਮਨ ਹੈ? ਜਦੋਂ ਪੁੱਤਰ ਪਿਓ ਦਾ ਕਤਲ ਕਰਦਾ ਹੈ ਜਾਂ ਕੋਈ ਮੁੰਡਾ ਆਪਣੀ ਹੀ ਜਿਨਸ ਵਾਲੇ ਨਾਲ ਬਦਫੈਲੀ ਕਰਦਾ ਹੈ ਤਾਂ ਕਿਉਂ ਮਰਦ ਹੀ ਮਰਦ ਦਾ ਦੁਸ਼ਮਨ ਹੈ ਵਰਗੀ ਆਵਾਜ਼ ਨਹੀਂ ਚੁੱਕੀ ਜਾਂਦੀ? ਕੀ ਆਪਣੇ ਮੁਲਕ ਨੂੰ ‘ਭਾਰਤ ਮਾਤਾ’ ਕਹਿਣ ਦਾ ਅਡੰਬਰ ਹੁਣ ਤਿਆਗ ਨਹੀਂ ਦੇਣਾ ਚਾਹੀਦਾ? ਕਿਉਂ ਧਾਰਮਿਕ ਸਥਾਨਾਂ ਤੇ ਔਰਤ ਦੀ ਵਡਿਆਈ ਕਰਨ ਦਾ ਪਾਖੰਡ ਰਚਿਆ ਜਾ ਰਿਹਾ ਹੈ? ਕਿਉਂ ਏਨੇ ਭਿਆਨਕ ਢੰਗ ਨਾਲ ਹੋ ਰਹੇ ਬਾਲੜੀਆਂ ਦੇ ਉਧਾਲਿਆਂ ਦੀ ਖ਼ਬਰ ਸੁਣ ਕੇ ਕਦੇ ਵੀ ਨਿਆਂ ਦਵਾਉਣ ਵਾਸਤੇ ਭਾਰਤ-ਬੰਦ ਨਹੀਂ ਹੋਇਆ? ਸਖ਼ਤ ਕਾਨੂੰਨਾਂ ਦੀ ਘਾਟ ਤੇ ਬਲਾਤਕਾਰੀਆਂ ਲਈ ਨਰਮ ਰਵੱਈਆ ਕਿਤੇ ਏਸੇ ਕਰਕੇ ਤਾਂ ਨਹੀਂ ਕਿ ਭਾਰਤ ਵਿਚ ਸੱਤਾ ਵਿਚ ਬੈਠੇ ਲੋਕ ਹੀ ਅਜਿਹੇ ਹਨ ਜੋ ਅਸੈਂਬਲੀਆਂ ਅੰਦਰ ਪੋਰਨ ਵੇਖਦੇ ਹਨ, ਕੁੱਝ ਨੇ ਪਤਨੀਆਂ ਛੱਡੀਆਂ ਹੋਈਆਂ ਹਨ, ਕੁੱਝ ਨੇ ਧੀਆਂ ਕੁੱਖ ਵਿਚ ਮਾਰੀਆਂ ਹੋਈਆਂ ਹਨ, ਕੁੱਝ ਵਤਨੋਂ ਪਾਰ ਦੇ ਚੱਕਰਾਂ ਵਿਚ ਸਿਰਫ਼ ਗੋਰੀਆਂ ਨੂੰ ਰਾਤ ਭਰ ਹੰਢਾਉਣ ਜਾਂਦੇ ਹਨ? ਕਿਉਂ ਹਰ ਪਿਓ ਆਪਣੀ ਧੀ ਲਈ ਚਿੰਤਿਤ ਨਹੀਂ? ਕਿਉਂ ਭਰਾ ਆਪਣੀ ਭੈਣ ਦੀ ਸੁਰੱਖਿਆ ਲਈ ਆਵਾਜ਼ ਨਹੀਂ ਚੁੱਕ ਰਿਹਾ? ਕਿਉਂ ਪੁੱਤਰ ਆਪਣੀ ਮਾਂ ਦੀ ਸੁਰੱਖਿਆ ਵਾਸਤੇ ਚੁੱਪੀ ਨਹੀਂ ਤੋੜ ਰਿਹਾ? ਕਿਉਂ ਕਦੇ ਵੀ ਚੋਣਾਂ ਵੇਲੇ ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦਾ ਮੁੱਦਾ ਨਹੀਂ ਚੁੱਕਿਆ ਜਾਂਦਾ? ਕੋਈ ਤਾਂ ਬੋਲੇ ਤੇ ਜਵਾਬ ਦੇਵੇ ਕਿ ਸਦੀਆਂ ਤੋਂ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹਰ ਸਾਲ ਪਹਿਲਾਂ ਤੋਂ ਵੱਧ ਭਿਆਨਕ ਆਧੁਨਿਕ ਢੰਗਾਂ ਨਾਲ ਸਮੂਹਕ ਬਲਾਤਕਾਰ ਕਰਨ ਦੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਨੂੰ ਰੋਕਣ ਵਾਲੇ ਕਾਨੂੰਨ ਸਦਾ ਹੀ ਕਿਉਂ ਫੇਲ੍ਹ ਹੁੰਦੇ ਰਹੇ ਹਨ? ਕਿਉਂ ਸਾਡੇ ਮੁਲਕ ਦੇ ਸਿਪਾਹੀਆਂ ਨੂੰ ਆਮ ਵਸਨੀਕਾਂ ਦੀ ਸੁਰੱਖਿਆ ਨਾਲੋਂ ਸਿਰਫ਼ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਸੁਰੱਖਿਆ ਦੀ ਡਿਊਟੀ ਮਿਲਦੀ ਹੈ? ਕਿਉਂ ਸਾਡੇ ਫਾਸਟ ਟਰੈਕ ਕੋਰਟਾਂ ਵਿੱਚੋਂ ਮਿਲੀਆਂ ਸਜ਼ਾਵਾਂ ਬਾਅਦ ਵੀ ਬੇਲ ਉੱਤੇ ਬਾਹਰ ਨਿਕਲ ਕੇ ਬਲਾਤਕਾਰੀਏ ਦੁਬਾਰਾ ਜਬਰਜ਼ਨਾਹ ਕਰਦੇ ਫੜੇ ਜਾਂਦੇ ਹਨ? ਕਿਉਂ ਵਕੀਲ ਵੀਰ ਜ਼ਮੀਰ ਨੂੰ ਛਿੱਕੇ ਟੰਗ ਕੇ ਇਨ੍ਹਾਂ ਬਲਾਤਕਾਰੀਆਂ ਦੀ ਬੇਲ ਦੀ ਅਰਜ਼ੀ ਪੇਸ਼ ਕਰਦੇ ਹਨ? ਕਿਉਂ ਬਲਾਤਕਾਰ ਦੇ ਕੇਸਾਂ ਦਾ ਮੁਆਵਜ਼ਾ ਉਨ੍ਹਾਂ ਤੱਕ ਨਹੀਂ ਪਹੁੰਚ ਰਿਹਾ? ਇਹ ‘ਫੰਡ’ ਕੌਣ ਹਜ਼ਮ ਕਰ ਰਿਹਾ ਹੈ? ਨਿਰਭਆ ਫੰਡ ਕਿਉਂ ਹਾਲੇ ਤਕ ਸਹੀ ਢੰਗ ਨਾਲ ਵਰਤਿਆ ਨਹੀਂ ਗਿਆ? ਕਿਉਂ ਭਾਰਤ ਵਿਚ ਹੀ ਸਭ ਤੋਂ ਵੱਧ ਸਮੂਹਕ ਬਲਾਤਕਾਰ ਤੇ ਸਭ ਤੋਂ ਵੱਧ ਵਹਿਸ਼ੀਆਨਾ ਢੰਗ ਨਾਲ ਜਬਰਜ਼ਨਾਹ ਹੋ ਰਹੇ ਹਨ? ਕਿਉਂ ਸਿਰਫ਼ ਇਸੇ ਧਰਤੀ ’ਤੇ ਪਤੀ ਨੂੰ ਹਾਲੇ ਵੀ ‘ਪਤੀ-ਦੇਵ’ ਕਹਿ ਕੇ ਦੇਵਤਾ ਦਾ ਰੁਤਬਾ ਦੇ ਕੇ ਔਰਤ ਨੂੰ ਅਧੀਨਗੀ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ? ਕਿਉਂ ਹਾਲੇ ਵੀ ਇਸ ਧਰਤੀ ’ਤੇ ਔਰਤ ਨੂੰ ਅੱਧੇ ਅੰਗਾਂ ਵਾਲੀ ‘ਅਰਧਾਂਗਨੀ’ ਕਹਿ ਕੇ ਬੇਬਸ ਦਰਸਾਇਆ ਜਾ ਰਿਹਾ ਹੈ? ਦੁਨੀਆ ਭਰ ਵਿਚ ਬਲਾਤਕਾਰੀਆਂ ਨੂੰ ਫਾਂਸੀ, ਤਾ-ਉਮਰ ਕੈਦ, ਸਰੇ ਬਜ਼ਾਰ ਲੋਕਾਂ ਸਾਹਮਣੇ ਤਸੀਹੇ ਦੇਣੇ ਜਾਂ ਲੋਕਾਂ ਵਿਚਕਾਰ ਖੜ੍ਹਾ ਕਰ ਕੇ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਅੰਗ ਵੱਢ ਦਿੱਤਾ ਜਾਂਦਾ ਹੈ ਜਾਂ ਸਿਰ ਵੱਢ ਦਿੱਤਾ ਜਾਂਦਾ ਹੈ। ਬਲਾਤਕਾਰੀਏ ਦੇ ਟੱਬਰ ਨਾਲ ਵੀ ਕਈ ਥਾਈਂ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਭਾਰਤ ਵਿਚ ਹੀ ਇਨ੍ਹਾਂ ਬਲਾਤਕਾਰੀਆਂ ਨੂੰ ਢਿੱਲ ਕਿਉਂ ਦਿੱਤੀ ਜਾਂਦੀ ਹੈ?

ਆਖ਼ਰੀ ਸਵਾਲ ਅਣਖੀ, ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਤੇ ਪੁੱਤਰਾਂ ਨੂੰ ਇਹੋ ਹੈ ਕਿ ਕਿਉਂ ਰਾਜੇ ਜੰਮਣ ਵਾਲੀ ਔਰਤ ਨੂੰ ਉਸ ਦੇ ਵਾਰਿਸ ਕੁੱਖਾਂ ਵਿਚ ਮਾਰਦੇ ਨੇ, ਤੰਦੂਰ ਵਿਚ ਸਾੜ੍ਹਦੇ ਨੇ, ਕੱਲੀ ਨੂੰ ਘੇਰ ਕੇ ਸਮੂਹਕ ਬਲਾਤਕਾਰ ਕਰਦੇ ਨੇ, ਰਾਹਾਂ ’ਚ ਛੇੜਦੇ ਨੇ ਤੇ ਕਿਉਂ ਹਰ ਆਸਿਫਾ, ਦਾਮਿਨੀ, ਕਿਰਨਜੀਤ, ਕਿਰਨਦੀਪ, 9 ਮਹੀਨਿਆਂ ਦੀ ਸ਼ਬਨਮ ਦੀ ਚੀਕ ਖਲਾਅ ’ਚ ਤੈਰਦੀ ਹੈ ਪਰ ਅਣਖੀ ਵਾਰਿਸਾਂ ਦੇ ਬੋਲੇ ਕੰਨਾਂ ਨੂੰ ਛੂਹ ਕੇ ਸਿਰਫ਼ ਅਗਾਂਹ ਲੰਘ ਜਾਂਦੀ ਹੈ? ਕਿਉਂ ਜਲਸਿਆਂ, ਜੈਕਾਰਿਆਂ ਦੇ ਰੌਲੇ ਰੱਪਿਆਂ ਹੇਠ ਸਿਰਫ਼ ਔਰਤ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਅਖ਼ੀਰ ਵਿਚ ਸਲਾਮ ਹੈ ਉਨ੍ਹਾਂ ਸੱਚ, ਹੱਕ ਤੇ ਦਲੀਲ ਨਾਲ ਤੁਰਦੇ ਭਰਾ, ਪੁੱਤਰਾਂ ਤੇ ਵੀਰਾਂ ਨੂੰ, ਜਿਹੜੇ ਹਾਲੇ ਵੀ ਦਮ ਰੱਖਦੇ ਹਨ ਇਸ ਵਰਤਾਰੇ ਨੂੰ ਗਲਤ ਕਹਿਣ ਦਾ ਤੇ ਰੁਤਬਿਆਂ ਵਾਲਿਆਂ ਨੂੰ ਨੰਗੇ ਧੜ ਲਲਕਾਰਦੇ ਹਨ ਜਾਂ ਕਲਮ ਰਾਹੀਂ ਹਾਅ ਦਾ ਨਾਅਰਾ ਮਾਰਦੇ ਹਨ!

ਜੇ ਕਿਸੇ ਦੇ ਮਨ ਅੰਦਰ ਸਵਾਲ ਉੱਠਦਾ ਹੈ ਕਿ ਮੈਂ ਭਾਰਤ ਮਾਤਾ ਦੇ ਅਣਖੀ ਪੁੱਤਰਾਂ ਤਾਈਂ ਕਿਉਂ ਪਹੁੰਚ ਕਰ ਰਹੀ ਹਾਂ, ਤਾਂ ਮੇਰਾ ਸਿੱਧਾ ਸਾਦਾ ਜਵਾਬ ਹੈ-ਸੋਮਨਾਥ ਦੇ ਮੰਦਰ ਦੇ ਗਰਭ ਵਿਚ ਬੈਠੇ ਪੰਡਤਾਂ ਵੱਲੋਂ ਰਬ ਨੂੰ ਲੱਖ ਵਾਰ ਬੁਲਾਉਣ ‘ਤੇ ਵੀ ਉਨ੍ਹਾਂ ਨੂੰ ਬਚਾਉਣ ਰਬ ਨਹੀਂ ਬਹੁੜਿਆ ਸੀ। ਦਰਬਾਰ ਸਾਹਿਬ ਅੰਮਿ੍ਰਤਸਰ ਉੱਤੇ ਹੋਏ ਅਨੇਕਾਂ ਹੱਲਿਆਂ ਬਾਅਦ ਵੀ ਅਣਖੀ ਪੁੱਤਰ ਹੀ ਖੜ੍ਹੇ ਹੋਏ ਸਨ, ਅਰਸ਼ੋਂ ਕੋਈ ਨਹੀਂ ਉਤਰਿਆ ਸੀ। ਮੈਂ ਅਜਿਹੇ ਅਣਖੀ ਪੁੱਤਰਾਂ ਨੂੰ ਹੀ ਵੰਗਾਰ ਪਾਈ ਹੈ, ਹਲੂਣਾ ਦਿੱਤਾ ਹੈ ਕਿ ਜਾਗੋ ਤੇ ਔਰਤ ਜ਼ਾਤ ਦੇ ਹੱਕ ਵਿਚ ਨਿੱਤਰੋ! ਇਹ ਉਨ੍ਹਾਂ ਅਣਖੀ ਪੁੱਤਰਾਂ ਸਦਕਾ ਹੀ ਹੈ ਕਿ ਹਾਲੇ ਤਕ ਇਸ ਧਰਤੀ ’ਤੇ ਔਰਤ ਦਾ ਵਜੂਦ ਖ਼ਤਮ ਨਹੀਂ ਹੋਇਆ ਤੇ ਹਾਲੇ ਵੀ ਮਾਂ ਪੁੱਤਰ ਨੂੰ ਜੰਮਣਾ ਗੁਣਾਹ ਨਹੀਂ ਮੰਨ ਰਹੀ! ਜੇ ਵੱਡੀ ਗਿਣਤੀ ਲੋਕ ਹਾਲੇ ਵੀ ਨਾ ਜਾਗੇ ਤਾਂ ਮੰਨਣਾ ਪਵੇਗਾ ਕਿ ਔਰਤ ਰਾਜੇ ਮਹਾਰਾਜਿਆਂ ਨੂੰ ਨਹੀਂ ਸਿਰਫ਼ ਹਵਸੀ ਕੁੱਤਿਆਂ ਨੂੰ ਜਨਮ ਦੇਣ ਲੱਗ ਪਈ ਹੈ। ਮੈਂ ਸਾਰੇ ਕਿਸਮਾਂ ਤੇ ਨਸਲਾਂ ਦੇ ਕੁੱਤਿਆਂ ਤੋਂ ਖਿਮਾ ਮੰਗੇ ਬਗ਼ੈਰ ਇਸ ਲੇਖ ਦਾ ਅੰਤ ਨਹੀਂ ਕਰ ਸਕਦੀ ਕਿਉਂਕਿ ਮੈਂ ਹਵਸੀਆਂ ਨੂੰ ਉਨ੍ਹਾਂ ਨਾਲ ਮੇਚਿਆ ਹੈ। ਕਤੂਰੇ ਭਾਵੇਂ ਜਿਸ ਕੁੱਖੋਂ ਜੰਮੇ ਹੋਣ ਉਸੇ ਨਾਲ ਵੱਡੇ ਹੋ ਕੇ ਸਹਿਵਾਸ ਕਰ ਲੈਂਦੇ ਹਨ ਪਰ ਉਸ ਦੀ ਮਰਜ਼ੀ ਨਾਲ ਤੇ ਕਦੇ ਵੀ ਸਮੂਹਕ ਤੌਰ ’ਤੇ ਨਹੀਂ ਤੇ ਨਾ ਹੀ ਉਸ ਦਾ ਭਿਆਨਕ ਤਰੀਕੇ ਕਤਲ ਕਰਦੇ ਹਨ!

Share this Article
Leave a comment