ਜਗਤਾਰ ਸਿੰਘ ਸਿੱਧੂ;
ਪੰਜਾਬ ਵਿੱਚ ਜਦੋਂ ਚਾਰ ਵਿਧਾਨ ਸਭਾ ਦੀਆਂ ਉੱਪ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ ਤਾਂ ਉਸ ਵੇਲੇ ਪੰਜਾਬ ਦੇ ਹਜ਼ਾਰਾਂ ਕਿਸਾਨ ਮੰਡੀਆਂ ਵਿੱਚ ਆਪਣੇ ਝੋਨੇ ਦੀ ਖ਼ਰੀਦ ਦੀ ਇੰਤਜ਼ਾਰ ਵਿੱਚ ਧੁੰਦ ਵਾਲੀਆਂ ਰਾਤਾਂ ਦਾ ਸਾਹਮਣਾ ਕਰ ਰਹੇ ਹਨ। ਰਾਜਸੀ ਨੇਤਾਵਾਂ ਨੂੰ ਜਿਮਨੀ ਚੋਣਾਂ ਵਿੱਚ ਆਪੋ ਆਪਣੀ ਜਿੱਤ ਦਾ ਇੰਤਜ਼ਾਰ ਹੈ ਜਦੋਂ ਕਿ ਕਿਸਾਨ ਲ਼ੱਭ ਰਹੇ ਉੱਨਾਂ ਨੇਤਾਵਾਂ ਨੂੰ ਜਿਹੜੇ ਆਖਦੇ ਰਹੇ ਕਿ ਦਾਣਾ ਦਾਣਾ ਮੰਡੀਆਂ ਵਿੱਚੋਂ ਚੁੱਕਿਆ ਜਾਵੇਗਾ। ਗੱਲ ਕੇਵਲ ਇੱਥੇ ਨਹੀਂ ਮੁੱਕਦੀ । ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾਮਲਿਆਂ ਵਿੱਚ ਪੁਲਿਸ ਅਤੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਸ਼ਨਾਖ਼ਤ ਲਈ ਭਾਲ ਕੀਤੀ ਜਾਂਦੀ ਹੈ ਤਾਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੇ ਪਰਿਵਾਰਾਂ ਵਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਘਰਾਂ ਨੂੰ ਪਰਤਣਗੇ?
ਇਸ ਸਥਿਤੀ ਲਈ ਕੌਣ ਜਿੰਮੇਵਾਰ ਹੈ? ਜਿਹੜੀਆਂ ਰਾਜਸੀ ਧਿਰਾਂ ਕਿਸਾਨਾਂ ਦੀ ਹਮਦਰਦੀ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਤਾਂ ਕਿਸਾਨ ਦੀ ਮੰਡੀਆਂ ਵਿੱਚ ਹੋਈ ਮੰਦਹਾਲੀ ਦਾ ਦੇਣਗੀਆਂ ਜਵਾਬ? ਸਵਾਲ ਇਹ ਨਹੀਂ ਕਿ ਕਿਸਾਨ ਦੀ ਤ੍ਰਾਸਦੀ ਤੇ ਰਾਜਸੀ ਰੋਟੀਆਂ ਕੌਣ ਸਕਦਾ ਹੈ?ਸਵਾਲ ਤਾਂ ਇਹ ਹੈ ਰੋਟੀਆਂ ਸੇਕਣ ਲਈ ਤੰਦੂਰ ਵਿੱਚ ਬਾਲਣ ਕਿਸ ਨੇ ਪਾਇਆ ਹੈ?ਕਿਸਾਨ ਬੇਵੱਸ ਹੋ ਗਿਆ ਹੈ । ਪਿਛਲੇ ਦਿਨਾਂ ਵਿੱਚ ਚੋਣ ਮੁਹਿੰਮ ਦੌਰਾਨ ਵੱਡੇ ਵੱਡੇ ਨੇਤਾਵਾਂ ਨੇ ਕਿਸਾਨਾਂ ਦੇ ਹੱਕ ਵਿੱਚ ਲੱਛੇਦਾਰ ਭਾਸ਼ਣ ਦਿੱਤੇ । ਚੋਣ ਵਾਲੇ ਹਲਕਿਆਂ ਵਿੱਚ ਆਗੂਆਂ ਦੇ ਵਾਅਦਿਆਂ ਦੇ ਰੰਗ ਬਰੰਗੇ ਪੋਸਟਰ ਅਤੇ ਹੋਰਡਿੰਗ ਲੱਗੇ ਹੋਏ ਹਨ। ਮੀਡੀਆ ਅੰਦਰਲੇ ਇਕ ਦੂਜੇ ਖਿਲਾਫ ਵੱਡੀਆਂ ਸੁਰਖੀਆਂ ਬਟੋਰ ਰਹੇ ਹਨ ।ਰਾਜਸੀ ਨੇਤਾ ਰੈਲੀਆਂ ਅਤੇ ਸ਼ੋਅ ਕਰਕੇ ਪੰਜਾਬੀਆਂ ਦੇ ਸੁਨਹਿਰੇ ਭਵਿੱਖ ਦਾ ਦਾਅਵਾ ਕਰਦੇ ਹਨ ਪਰ ਮੰਡੀਆਂ ਵਿੱਚ ਬੈਠੇ ਪੰਜਾਬ ਦੇ ਧੁਆਂਖੇ ਭਵਿੱਖ ਦੀ ਤਸਵੀਰ ਸੁਨਹਿਰੇ ਭਵਿੱਖ ਦਾ ਮੂੰਹ ਚੜਾੳਂਦੀ ਹੈ । ਪਿਛਲੇ ਦਿਨੀ ਇਕ ਰਾਜਸੀ ਨੇਤਾ ਨੇ ਝੋਨੇ ਦੀਆਂ ਢੇਰੀਆਂ ਵਿੱਚ ਇਕ ਰਾਤ ਕੱਟੀ ਸੀ ਤਾਂ ਮੀਡੀਆ ਨੇ ਇਕ ਦੂਜੇ ਤੋਂ ਅੱਗੇ ਜਾਕੇ ਨੇਤਾ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਸੀ ਪਰ ਹਜ਼ਾਰਾਂ ਕਿਸਾਨਾਂ ਦੀਆਂ ਰਾਤਾਂ ਨੂੰ ਝੋਨੇ ਦੀਆਂ ਢੇਰੀਆਂ ਵਿੱਚ ਲੱਗ ਰਹੀਆਂ ਮੰਜੀਆਂ ਦਾ ਜ਼ਿਕਰ ਕਿਉ ਨਹੀ?
ਮੰਡੀਆਂ ਦੀਆਂ ਧੁਆਂਖੀਆਂ ਰਾਤਾਂ ਪੰਜਾਬ ਦੀ ਤ੍ਰਾਸਦੀ ਦੀ ਤਸਵੀਰ ਹਨ। ਵੋਟਾਂ ਦੀ ਫੈਸਲਾਕੁਨ ਲੜਾਈ ਲੜ ਰਹੇ ਨੇਤਾ ਦਾ ਭਰੋਸਾ ਕਿਸਾਨਾਂ ਦੀ ਸਮਝ ਤੋਂ ਬਾਹਰ ਹੈ ਕਿ ਕਿਵੇਂ ਧੁਆਂਖਿਆ ਪੰਜਾਬ ਬਣੇਗਾ ਰੰਗਲਾ ਪੰਜਾਬ?
ਕਦੇ ਕਿਸੇ ਨੇਤਾ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੀਆਂ ਧੁਆਂਖੀਆਂ ਰਾਤਾਂ ਦੇ ਬੇਚੈਨੀ ਦਾ ਜ਼ਿਕਰ ਕੀਤਾ ਹੈ? ਮੰਡੀਆਂ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਮੰਡੀਆਂ ਵਿੱਚ ਕੰਮ ਕਰ ਰਹੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਨਵੰਬਰ ਦੇ ਤੀਜੇ ਹਫ਼ਤੇ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਲਗਦਾ ਹੈ ਕਿ ਅੱਧ ਦਸੰਬਰ ਤੱਕ ਮੰਡੀਆਂ ਵਿੱਚੋਂ ਝੋਨਾ ਨਹੀਂ ਚੁੱਕਿਆ ਜਾਵੇਗਾ। ਰਾਤ ਨੂੰ ਮੰਡੀਆਂ ਵਿੱਚ ਬੇਚੈਨ ਪੰਜਾਬ ਜਾਗਦਾ ਹੈ ਅਤੇ ਨੇਤਾ ਦਿਨ ਭਰ ਦੀਆਂ ਰੈਲੀਆਂ ਦੀ ਰਾਤ ਨੂੰ ਥਕਾਨ ਉਤਾਰਦਾ ਹੈ।
ਇੱਕ ਖਤਰਨਾਕ ਸਥਿਤੀ ਪੈਦਾ ਹੋ ਗਈ ਹੈ। ਮੰਡੀਆਂ ਵਿੱਚ ਆਏ ਝੋਨੇ ਦੀ ਨਮੀ ਧੁੰਦ ਅਤੇ ਸਰਦੀ ਦਾ ਮੌਸਮ ਹੋਣ ਕਾਰਨ ਘੱਟ ਨਹੀਂ ਰਹੀ ਅਤੇ ਖਰੀਦ ਏਜੰਸੀਆਂ ਸਤਾਰਾਂ ਫੀ ਸਦੀ ਤੋਂ ਉੱਪਰ ਝੋਨਾ ਨਹੀਂ ਖਰੀਦ ਰਹੀਆਂ। ਕਿਸਾਨ ਆਖਦੇ ਹਨ ਕਿ ਫ਼ਸਲ ਨਾ ਵਿਕਣ ਕਰਕੇ ਉਨਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਕਲ ਕਿਸਾਨ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਰੌਣਕ ਲੱਗੀ ਹੁੰਦੀ ਸੀ ਪਰ ਹੁਣ ਬੈਂਕ ਭਾਅ ਭਾਅ ਕਰ ਰਹੇ ਹਨ। ਅਜਿਹੀ ਸਥਿਤੀ ਦੇ ਪੰਜਾਬ ਲਈ ਦੂਰ ਰਸ ਸਿੱਟੇ ਨਿਕਲਣਗੇ।
ਸੰਪਰਕ/ 9814002186