“ਭੁਲਾ ਨਾ ਜਾਣੀਏ ਜੇ ਸ਼ਾਮ ਨੂੰ ਘਰ ਮੁੜ ਆਵੇ”

TeamGlobalPunjab
8 Min Read

-ਪਰਨੀਤ ਕੌਰ

 

ਅੱਜ ਜਦੋਂ ਸਾਰੀ ਮਨੁੱਖਤਾ ਹੀ ਕੋਰੋਨਾ ਵਾਇਰਸ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ, ਤਾਂ ਅਜਿਹੇ ਸਮੇਂ ਪੰਜਾਬ ‘ਚ ਆਪਸੀ ਪਰਿਵਾਰਕ ਸਾਂਝ ਵਧੀ ਹੈ। ਨੌਜਵਾਨਾਂ ਨੂੰ ਲੌਕਡਾਊਨ ਕਾਰਨ ਘਰ ਰਹਿੰਦੇ ਹੋਏ ਆਪਣੇ ਮਾਂ-ਬਾਪ ਦੀਆਂ ਪ੍ਰੇਸ਼ਾਨੀਆਂ ਦਾ ਪਤਾ ਲੱਗਾ ਹੈ, ਕਿ ਕਿਵੇਂ ਉਹ ਆਪਣੇ ਬੱਚਿਆਂ ਲਈ ਪੈਸੇ ਇਕੱਠੇ ਕਰਦੇ ਹਨ? ਕਿਵੇਂ ਘਰਾਂ ਦਾ ਰਾਸਣ-ਪਾਣੀ ਚੱਲਦਾ? ਕਿਵੇਂ ਖੇਤਾਂ ਦਾ ਕੰਮ ਚਲਦਾ ਹੈ? ਨਹੀਂ ਤਾਂ ਪਹਿਲਾਂ ਉਨ੍ਹਾਂ ਕੋਲ ਨਾ ਮਾਂ-ਬਾਪ ਲਈ ਸਮਾਂ ਸੀ, ਨਾ ਉਨ੍ਹਾਂ ਨੂੰ ਘਰ ਦੇ ਹਾਲਾਤਾਂ ਦਾ ਪਤਾ ਸੀ। ਬਸ ਮੌਜ-ਮਸਤੀ ਅਤੇ ਫੋਨ ਦੇ ਰੁਝਾਨ ਵਿੱਚ ਹੀ ਜ਼ਿੰਦਗੀ ਬਤੀਤ ਹੋ ਰਹੀ ਸੀ। ਕੋਰੋਨਾ ਵਾਇਰਸ ਨਾਲ ਜਿਥੇ ਨੁਕਸਾਨ ਹੋਇਆ ਹੈ, ਉਥੇ ਇਸ ਦਾ ਫਾਇਦਾ ਵੀ ਹੋਇਆ। ਅੱਜ ਕੁੱਝ ਕੁ ਨੌਜਵਾਨਾਂ ਨੂੰ ਤਾਂ ਘਰ ਰਹਿ ਕੇ ਇਹ ਵੀ ਪਤਾ ਚੱਲਿਆ ਕਿ, ਉਨ੍ਹਾਂ ਦੇ ਘਰਦੇ ਦੋ ਵਕਤ ਦੀ ਰੋਟੀ ਕਿਵੇਂ ਖਾਂਦੇ ਨੇ? ਘਰ ਵਿੱਚ ਪੈਸੇ ਕਿੱਥੋਂ ਆਉਂਦੇ ਹਨ? ਜਦੋਂ ਕਿ ਕੁੱਝ ਸਮਾਂ ਪਹਿਲਾਂ ਉਹਨਾ ਬੱਚਿਆਂ ਨੇ ਮੋਬਾਇਲ ਫੋਨ ਲਈ ਆਪਣੇ ਮਾਪਿਆਂ ਨੂੰ ਕਿੰਨਾ ਹੀ ਤੰਗ ਕੀਤਾ ਸੀ, ਜਿਸ ਉੱਤੇ ਉਹ ਵੱਟਸਐਪ ਚਲਾ ਸਕਣ ਅਤੇ ਟਿਕ-ਟੌਕ ਵਿਡੀਉ ਬਣਾ ਸਕਣ, ਕਿਉਂਕਿ ਜਨਤਾ ਦੇ ਸਿਰ ਟਿਕ-ਟੌਕ ਦਾ ਭੂਤ ਜ਼ਿਆਦਾ ਹੀ ਸਵਾਰ ਸੀ। ਹੁਣ ਜਦੋਂ ਲੌਕਡਊਨ ਕਰਕੇ ਉਹ ਘਰ ਰਹਿ ਰਹੇ ਹਨ, ਤੇ ਆਪਣੇ ਮਾਪਿਆਂ ਦੇ ਹਾਲਾਤਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਹੋਇਆ, ਕਿ ਅੱਜ ਤੱਕ ਅਸੀਂ ਕੀ-ਕੀ ਗਲਤੀਆਂ ਕਰਦੇ ਰਹੇ ਹਾਂ? ਕਹਿੰਦੇ ਹਨ “ਭੁਲਾ ਨਾ ਜਾਣੀਏ ਜੇ ਸ਼ਾਮ ਨੂੰ ਘਰ ਮੁੜ ਆਵੇ” ਚਲੋ ਅਜੇ ਵੀ ਵਕਤ ਰਹਿੰਦੇ ਅਕਲ ਆ ਗਈ। ਇਸ ਤੋਂ ਇਲਾਵਾ ਕਿਸਾਨਾਂ ਦੇ ਪੁੱਤਰ ਵੀ ਜੋ ਮੌਜ-ਮਸਤੀ ਵਿੱਚ ਰੁੱਝੇ ਰਹਿੰਦੇ ਸਨ ਤੇ ਖੇਤਾਂ ਵਿੱਚ ਜਾ ਕੇ ਕੰਮ ਦਾ ਢੱਕਾ ਨਹੀਂ ਸਨ ਤੋੜਦੇ, ਹੁਣ ਜਦੋਂ ਲੌਕਡਾਊਨ ਕਾਰਨ ਘਰ ਬੈਠੇ ਹਨ, ਤਾਂ ਲੇਬਰ ਦੇ ਨਾ ਮਿਲਣ ਤੇ ਉਨ੍ਹਾਂ ਨੇ ਵੀ ਆਪਣੇ ਘਰ ਦੇ ਮੈਂਬਰਾਂ ਨਾਲ ਰਲ ਕੇ ਵਾਢੀ ਕਰਵਾਈ। ਆਖੀਰ ਬਾਹਰ ਜਾਣ ਦਾ ਰੁਝਾਨ ਕੁੱਝ ਦੇਰ ਛੱਡ ਉਨ੍ਹਾਂ ਨੇ ਵੀ ਆਪਣੇ ਮਾਪਿਆਂ ਦਾ ਕੰਮ ਚ ਹੱਥ ਵਟਾਇਆ। ਫੋਨ ਵਿੱਚ 1gb ਇਕ ਦਿਨ ਲਈ ਮਿਲਣ ਕਰਕੇ ਇੰਟਰਨੈੱਟ ਦੀ ਸੁਵਿਧਾ ਹੌਲੀ ਹੋਣ ਉਪਰੰਤ ਨੌਜਵਾਨ ਕੁੱਝ ਦੇਰ ਖੇਤ ਵਗੈਰਾ ਚਲੇ ਜਾਂਦੇ ਹਨ, ਅੱਗੇ ਘਰਦਿਆਂ ਨੂੰ ਕੰਮ ਕਰਦੇ ਦੇਖ ਖੁਦ ਵੀ ਕੰਮ ਕਰਨ ਲੱਗਦੇ ਹਨ, ਸ਼ਾਮ ਨੂੰ ਸਾਰੇ ਮੈਂਬਰ ਕੁੱਝ ਦੇਰ ਇਕੱਠੇ ਬੈਠਦੇ ਅਤੇ ਗੱਲਾਂ ਬਾਤਾਂ ਕਰਦੇ ਹਨ। ਅੱਜ ਪੁਰਾਣਾ ਸਮਾਂ ਵਾਪਿਸ ਆ ਗਿਆ ਲੱਗਦਾ ਹੈ, ਜੋ ਮੋਬਾਇਲ ਫੋਨ ਆਉਣ ਤੋਂ ਪਹਿਲਾਂ ਸੀ। ਅੱਜ ਜੋ ਇਨਸਾਨ ਆਪਣੇ ਕੰਮ ਵਿੱਚ ਇੰਨ੍ਹਾਂ ਵਿਅਸਤ ਸੀ ਜਿੰਨ੍ਹਾਂ ਕੋਲ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਸਮਾਂ ਨਹੀਂ ਸੀ। ਜਿਹੜੇ ਕਦੇ ਇਹ ਕਹਿੰਦੇ ਸੀ ਵੀ ਸਾਡੇ ਕੋਲ ਮਰਨ ਦਾ ਵੀ ਸਮਾਂ ਨਹੀਂ, ਅੱਜ ਮੌਤ ਦੇ ਡਰ ਕਾਰਨ ਘਰਾਂ ਵਿੱਚੋ ਬਾਹਰ ਨਹੀਂ ਨਿਕਲ ਰਹੇ। ਬੱਚੇ ਰੱਬ ਦਾ ਸ਼ੁੱਕਰ ਮਨਾ ਰਹੇ ਨੇ ਕਿ ਉਹਨਾਂ ਦੇ ਮਾਪਿਆਂ ਕੋਲ ਵੀ ਉਹਨਾਂ ਲਈ ਸਮਾਂ ਹੈ। ਉਹ ਬਹੁਤ ਖੁਸ਼ ਹਨ। ਇਹ ਸਭ ਵੇਖ ਕੇ ਸੱਚੀ ਮੇਰੀ ਰੂਹ ਖੁਸ਼ ਹੋ ਗਈ ਕਿ ਚਲੋ “ਦੇਰ ਆਏ ਦਰੁਸਤ ਆਏ”। ਸ਼ੁੱਕਰ ਰੱਬ ਦਾ ਲੋਕਾਂ ਨੂੰ  ਸਮਝ ਤਾਂ ਆਈ। ਜਿੱਥੇ ਲੋਕਾਂ ਵਿੱਚ ਕੋਰੋਨਾ ਵਾਇਰਸ ਨੂੰ  ਲੈ ਕੇ ਇਹ ਕਿਹਾ ਜਾ ਰਿਹਾ ਹੈ, “ਸੱਪ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ। ਆਹ ਤਪਕਉਏ ਨੇ ਮਾਰੀ”। ਭਾਵ ਕਿ ਕੋਰੋਨਾ ਕਰਕੇ ਜਿੱਥੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ। ਸਭ ਬੱਸਾਂ, ਗੱਡੀਆਂ, ਰੇਲਮਾਰਗ ਅਤੇ  ਹਵਾਈ ਯਾਤਰਾ ਆਦਿ ਬੰਦ ਹਨ। ਅੱਜ ਉਹ ਲੋਕ ਵੀ ਘਰਾਂ ਵਿਚ ਬੰਦ ਹਨ, ਜਿੰਨ੍ਹਾਂ ਨੇ ਸਾਰੇ ਕੁਦਰਤੀ ਪਸ਼ੂ-ਪੰਛੀਆਂ ਨੂੰ ਕੈਦ ਕੀਤਾ ਹੋਇਆ ਸੀ, ਵੱਡੀਆਂ-ਵੱਡੀਆਂ ਫੈਕਟਰੀਆਂ ਲਗਾ ਕੇ ਸਾਰੀ ਬਨਸਪਤੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਸੀ। ਵੱਡੀਆਂ-ਵੱਡੀਆਂ ਗੱਡੀਆਂ ਬਣਾ ਲਈਆਂ ਅਤੇ ਟੈਕਨਾਲੋਜੀ ਨਾਲ ਵੱਡ-ਵੱਡੇ ਪ੍ਰੋਜੈਕਟ ਲਗਾ ਲਏ। ਜੋ ਕਹਿੰਦੇ ਸੀ ਕਿ ਅਸੀਂ ਤਾਂ ਦੁਨੀਆਂ ਵਸ ਵਿਚ ਕਰਨੀ ਹੈ। ਕਦੇ ਵੱਡੇ-ਵੱਡੇ ਉਦਯੋਗਪਤੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਉਤਪਾਦਨ ਬਿਨਾਂ ਲੋਕ ਜੀਅ ਨਹੀਂ ਸਕਦੇ। ਪਰ ਲੌਕਡਾਊਨ ਨਾਲ ਇਹ ਗੱਲ ਵੀ ਸਾਫ਼ ਹੋ ਗਈ ਕਿ ਲੋਕੀ ਉਦਯੋਗਿਕ ਉਤਪਾਦਨ ਤੋਂ ਬਿਨਾਂ ਤਾਂ ਸਾਰ ਸਕਦੇ ਹਨ, ਪਰ ਕਿਸਾਨਾਂ ਦੀਆਂ ਫਸਲਾਂ ਦੇ ਉਤਪਾਦਨ ਤੋਂ ਬਿਨਾਂ ਨਹੀਂ ਸਾਰ ਸਕਦੇ। ਦੇਖੋ ਕੁਦਰਤ ਦੇ ਰੰਗ ਅੱਜ ਬੇ-ਜਵਾਨ ਪਸ਼ੂ-ਪੰਛੀ ਆਜ਼ਾਦ ਨੇ ਅਤੇ ਮਨੁੱਖ ਘਰਾਂ ਵਿੱਚ ਕੈਦ। ਸਾਰਾ ਪੌਣ-ਪਾਣੀ ਸਾਫ਼ ਹੋ ਚੁੱਕਿਆ ਹੈ। ਪਹਿਲਾਂ ਗਰੀਬ ਲੋਕ ਅਤੇ ਕਰਜ਼ੇ ਨਾਲ ਦਬੇ ਕਿਸਾਨ ਆਤਮ ਹੱਤਿਆ ਕਰਕੇ ਮਰਦੇ ਸਨ, ਜਾਂ ਫਿਰ ਜ਼ਿਆਦਾਤਰ ਐਕਸੀਡੈਂਟਾਂ ਵਿੱਚ। ਪਰ ਹੁਣ ਐਕਸੀਡੈਂਟ ਤੇ ਆਤਮ ਹੱਤਿਆ ਦੀਆਂ ਖਬਰਾਂ ਬੰਦ ਹਨ ਅਤੇ ਸਿਰਫ ਕੋਰੋਨਾ ਵਾਇਰਸ ਹੀ ਹਰ ਪਾਸੇ ਛਾਇਆ ਹੈ। ਜਿਵੇਂ ਇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ।

ਇਸੇ ਤਰ੍ਹਾਂ ਜਿੱਥੇ ਲੋਕ ਕੋਰੋਨਾ ਦੇ ਡਰ ਨਾਲ ਘਰਾਂ ਵਿੱਚ ਤਾਲਾਬੰਦ ਨੇ ਅਤੇ ਕੋਰੋਨਾ ਵਾਇਰਸ ਇੱਕ ਤਰ੍ਹਾਂ ਨਾਲ ਸਾਡੇ ਲਈ ਨੁਕਸਾਨਦਾਇਕ ਅਤੇ  ਚਿੰਤਾ ਭਰਪੂਰ ਹੈ, ਉੱਥੇ ਨਾਲ ਹੀ ਇਹ ਸਾਡੇ ਲਈ ਫਾਇਦੇਮੰਦ ਵੀ ਹੈ। ਇਕ ਕਹਾਵਤ ਹੈ ਕਿ “ਕੁੱਬੇ ਦੇ ਮਾਰੀ ਲੱਤ ਰਾਸ ਆਗੀ, ਕਹਿੰਦਾ ਮੇਰਾ ਕੁੱਬ ਨਿਕਲ ਗਿਆ।” ਇਸ ਤਰ੍ਹਾਂ ਹੀ ਅੱਜ ਦੇ ਮੌਜੂਦਾ ਹਾਲਾਤ ਹਨ। ਕੋਰੋਨਾ ਵਾਇਰਸ ਨਾਲ ਕੁਝ ਲੋਕਾਂ ਨੂੰ ਜਿਸ ਤਰ੍ਹਾਂ ਕਿ ਕਿਸਾਨ, ਗਰੀਬ ਲੋਕ ਅਤੇ ਉਨ੍ਹਾਂ ਦੇ ਨੌਜਵਾਨ ਬੱਚੇ ਕੰਮ ਕਰਨ ਲੱਗ ਗਏ ਹਨ। ਬਾਕੀ ਲੋਕਾਂ ਦੇ ਪਰਿਵਾਰ ਵਾਲੇ ਵੀ ਮਿਲ-ਜੁਲ ਕੇ ਘਰਾਂ ਵਿੱਚ ਇਕੱਠੇ ਸਮਾਂ ਬਿਤਾ ਰਹੇ ਹਨ। ਉਨ੍ਹਾਂ ਲਈ ਕੋਰੋਨਾ ਵਾਇਰਸ  ਕਰਕੇ ਕੀਤਾ ਲੌਕਡਾਊਨ ਫਾਇਦੇਮੰਦ ਹੈ, ਅਤੇ ਨਾਲ ਹੀ ਨਾਲ ਮਹਾਮਾਰੀ ਕਾਰਨ ਨੁਕਸਾਨਦਾਇਕ ਵੀ। ਅੱਜ ਬਹੁਤ ਸਾਰੇ ਲੋਕ ਏਦਾਂ ਦੇ ਨੇ ਜਿਹੜੇ ਬਿਨਾਂ ਕੰਮ ਤੋਂ ਹਾਲੇ ਵੀ ਘਰਾਂ ਤੋਂ ਬਾਹਰ ਨਿਕਲਦੇ ਨੇ। ਜੋ ਸਰਕਾਰ ਦੀ ਗੱਲ ਨਹੀਂ ਮੰਨਦੇ ਅਤੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਉਨ੍ਹਾਂ ਦਾ ਤਾਂ ਉਹ ਹਾਲ ਹੈ ਕਿ, “ਮੱਝ ਅੱਗੇ ਬੀਨ ਬਜਾਈ ਨਾ ਵਜਾਈ, ਇੱਕ ਬਰਾਬਰ” ਜਾਂ “ਪੱਥਰ ਤੇ ਬੂੰਦ ਪਈ ਨਾ ਪਈ, ਇਕ ਬਰਾਬਰ ਹੈ। ਉਨ੍ਹਾਂ ਨੇ ਕਦੇ ਵੀ ਕਿਸੇ ਦੀ ਵੀ ਸੁਣਨੀ ਨਹੀਂ ਹੁੰਦੀ, ਉਹ ਮਨਮਾਨੀ ਕਰਦੇ ਹੋਏ ਮੌਤ ਨੂੰ ਸਹੇੜਦੇ ਹਨ ਅਤੇ ਦੂਜਿਆਂ ਨੂੰ ਵੀ ਮੌਤ ਦੇ ਮੂੰਹ ਵਿੱਚ ਝੋਕਦੇ ਹਨ। ਸੋ ਅਜੇ ਵੀ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਘਰ ਰਹੋ, ਸੁਰੱਖਿਅਤ ਰਹੋ।

- Advertisement -

ਇੱਕ ਧੰਨਵਾਦ ਮੇਰਾ ਡਾਕਟਰਾਂ ਨੂੰ, ਨਰਸਾ ਨੂੰ ਤੇ ਹੈਲਥਵਰਕਰਾਂ ਜਿਹੜੇ ਇਸ ਸਮੇਂ ਮੌਤ ਦੇ ਮੂੰਹ ‘ਚ ਰਹਿ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।

ਯੁੱਗ-ਯੁੱਗ ਜੀਣ ਮੇਰੇ ਪੁਲੀਸ ਵਾਲੇ ਭੈਣ ਅਤੇ ਵੀਰ

ਜਿਨ੍ਹਾਂ ਦਿਨ-ਰਾਤ ਇਕ ਕੀਤੀ ਐ ਲੋਕਾਂ ਨੂੰ ਬਚਾਉਣ ਲਈ। ਚੜ੍ਹ ਗਏ ਜੋ ਸੂਲੀ ਸਾਨੂੰ ਕੋਰੋਨਾ ਤੋਂ ਬਚਾਉਣ ਲਈ।

ਇਕ ਧੰਨਵਾਦ ਮੇਰਾ ਉਨ੍ਹਾਂ ਪੱਤਰਕਾਰਾ ਨੂੰ, ਜਿੰਨ੍ਹਾਂ ਪਲ-ਪਲ ਖਬਰ ਦਿੱਤੀ ਐ ਸੰਸਾਰ ਦੀ।

ਪਰ ਅਫਸੋਸ ਮਰ ਚੁੱਕੀ ਲੋਕਾਂ ਦੀ ਜਮੀਰ

- Advertisement -

ਖੁਦ ਦੇ ਫਾਇਦੇ ਲਈ ਇਨ੍ਹਾਂ ਪਾਰ ਕੀਤੀ ਹਰ ਹੱਦ ਤੇ ਲਕੀਰ।

ਭੁੱਖੇ ਨੂੰ ਦੋ ਵਕਤ ਦੀ ਰੋਟੀ ਨਹੀਂ ਮਿਲ ਰਹੀ,

ਪਰ ਇਹ ਦੁਨੀਆ ਰੱਜੇ ਨੂੰ ਹੋਰ ਰਜਾ ਰਹੀ ਐ।

ਇੱਥੇ ਪੈਸੇ ਨਾਲ ਸਭ ਦੀ ਯਾਰੀ ਐ।

ਕਦੇ ਸੁਣਿਆ! ਫਲਾਣੇ ਦਾ ਦੋਸਤ ਭਿਖਾਰੀ ਐ।

ਇੱਥੇ ਡੰਡਾ ਗੁਰੂ ਐ ਸਭ ਦਾ।

ਪਤਾ ਨਹੀਂ ਕਿਉਂ ਮੱਤ ਰੱਬ ਨੇ ਲੋਕਾਂ ਦੀ ਮਾਰੀ ਐ?

ਜਦੋਂ ਸਿਰ ‘ਤੇ ਪੈਂਦੀ ਤਾਂ ਭੱਜ ਦੇ ਨੇ,

ਕਦੋਂ ਤੱਕ ਬਚੋਗੇ! ਆਉਂਦੀ ਇਕ ਦਿਨ ਸਭ ਦੀ ਵਾਰੀ ਐ।

ਸੌ ਦਿਨ ਚੋਰ ਦੇ ਇੱਕ ਦਿਨ ਸਾਧ ਦਾ,

ਏਹ ਕਹਿੰਦੀ ਦੁਨੀਆਂ ਸਾਰੀ ਐ।

ਦੂਜਿਆਂ ਦੇ ਘਰ ਅੱਗ ਲੱਗੀ ਤੋਂ ਤਮਾਸ਼ਾ ਵੇਖਣ ਵਾਲਿਓ!

ਇੱਕ ਦਿਨ ਤਾਂ ਅੱਗ ਖੁਦ ਦੇ ਘਰ ਵੱਲ ਵੀ ਆਉਂਦੀ ਐ।

9872178404

Share this Article
Leave a comment