ਬੇਅਦਬੀ ਮਾਮਲੇ – ਕਾਂਗਰਸੀ ਵਿਧਾਇਕਾਂ ਤੇ ਨਵਜੋਤ ਸਿੱਧੂ ਨੇ ਕੀਤੀ ਪੰਚਕੁਲਾ ‘ਚ ਗੁਪਤ ਮੀਟਿੰਗ,ਬਾਗੀ ਸੁਰ ਹੋਏ ਤੇਜ਼

TeamGlobalPunjab
3 Min Read

ਚੰਡੀਗੜ੍ਹ (ਬਿੰਦੂ ਸਿੰਘ)- ਲਗਦਾ ਹੈ ਪਿੱਛਲੀ ਅਕਾਲੀ ਸਰਕਾਰ ਦੇ ਵਾਂਗੂੰ ਮੌਜੂਦਾ ਕਾਂਗਰਸ ਸਰਕਾਰ ਤੇ ਵੀ ਬੇਅਦਬੀ ਦੇ ਮਾਮਲੇ ਭਾਰੂ ਰਹਿਣ ਵਾਲੇ ਹਨ। ਕੈਪਟਨ ਅਮਰਿੰਦਰ ਸਿੰਘ ਸਰਕਾਰ ਖਿਲਾਫ ਅੰਦਰੋਂ ਹੀ ਬਗਾਵਤੀ ਸੁਰ ਤੇਜ ਹੁੰਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਾਬਕਾ ਅਕਾਲੀ ਭਾਜਪਾ ਸਰਕਾਰ ਨੂੰ ਲਗਾਤਾਰ ਘੇਰਣ ਵਾਲੇ ਐਮਐਲਏ ਤੇ ਮੰਤਰੀਆਂ ਵਲੋਂ ਪੰਚਕੁਲਾ ਵਿੱਚ ਕੀਤੀ ਇਕ ਗੁਪਤ ਮੀਟਿੰਗ ਚਰਚਾ ‘ਚ ਹੈ।

ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਕੁਝ ਹੋਰ ਵਿਧਾਇਕ ਸ਼ਾਮਿਲ ਹੋਏ ਹਨ। ਸੂਤਰ ਦੱਸਦੇ ਹਨ ਕਿ ਪਿੱਛਲੇ ਦੋ ਦਿਨਾਂ ਤੋਂ ਵਿਧਾਇਕ ਅਲੱਗ ਅਲੱਗ ਗਰੁੱਪਾਂ ਚ ਮੀਟਿੰਗਾਂ ਕਰ ਰਹੇ ਹਨ ।ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀਂ ਕੋਟਕਪੂਰਾ ਗੋਲੀਕਾਂਡ ਤੇ ਹਾਈਕੋਰਟ ਦੇ ਆਏ ਫੈਸਲੇ ਤੋਂ ਬਾਅਦ ਇਹ ਮਾਮਲਾ ਫਿਰ ਇਕ ਵਾਰ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਾਈਕੋਰਟ ਨੇ ਐਸ ਆਈ ਟੀ ਵਲੋਂ ਕੀਤੀ ਗਈ ਜਾਂਚ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ  ਸਿੱਟ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਲਾਂਭੇ ਕੀਤਾ ਜਾਵੇ ਤੇ ਨਵੀਂ ਸਿੱਟ ਬਣਾਈ ਜਾਵੇ ਜਿਸ ਵਿੱਚ ਕੁੰਵਰ ਵਿਜੇ ਸ਼ਾਮਲ ਨਾ ਹੋਣ। ਇਸ ਤੋਂ ਬਾਅਦ ਹੀ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਰ ਐਸ (ਨੌਕਰੀ ਤੋਂ ਅਸਤੀਫਾ)  ਲੈਣ ਲਈ ਸਰਕਾਰ ਨੂੰ ਪੱਤਰ ਭੇਜਿਆ ਤੇ ਪੁਲਿਸ ਦੀ ਨੌਕਰੀ ਛੱਡ ਦਿੱਤੀ।

ਦੂਜੇ ਪਾਸੇ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਹਾਈਕੋਰਟ ਦੇ ਫੈਸਲੇ ਨੂੰ ਸਾਹਮਣੇ ਰੱਖ ਕੇ ਸਰਕਾਰ ਦੀ ਇਸ ਮਾਮਲੇ ‘ਚ ਮੰਸ਼ਾ ਤੇ ਸਵਾਲ ਚੁੱਕੇ ਤੇ ਸੁਖਜਿੰਦਰ ਰੰਧਾਵਾ, ਕਿੱਕੀ ਢਿੱਲੋਂ ਤੇ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਨਿਸ਼ਾਨੇ ਤੇ ਲਿਆ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਤਾਂ ਇਥੋਂ ਤੱਕ ਕਿਹਾ ਕਿ ਸਿੱਟ ਦੀ ਕਾਰਵਾਈ ‘ਚ ਸਿੱਧੇ ਤੌਰ ਤੇ ਸੁੱਖੀ ਰੰਧਾਵਾ ਤੇ ਕਿੱਕੀ ਢਿੱਲੋਂ ਤੇ ਇਕ ਦੋ ਹੋਰ ਵਿਧਾਇਕਾਂ ਦਾ ਦਖਲ ਰਿਹਾ ਹੈ।

ਇਸ ਦੇ ਬਾਅਦ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਵਿਧਾਇਕਾਂ ਦੀਆਂ ਲਗਾਤਾਰ ਦੋ ਦਿਨਾਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਨਿਵਾਸ ਤੇ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਜਿਸ ਵਿੱਚ ਵਿਧਾਇਕਾਂ ਵਲੋਂ ਇਕ ਵਾਰ ਫੇਰ ਇਸ ਮੁੱਦੇ ਤੇ ਇਨਸਾਫ ਨਾ ਮਿਲਣ ਦੀ ਨਰਾਜ਼ਗੀ ਜ਼ਾਹਰ ਕੀਤੀ ਗਈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਆਪਣੇ ਟਵੀਟਰ ਹੈਂਡਲ ਤੇ ਪੋਸਟਾਂ ਰਾਹੀ ਲਗਾਤਾਰ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹਨ। ਜਦੋਂ ਕਿ ਪਿੱਛਲੇ ਦਿਨੀਂ ਦਿੱਤੇ ਇਕ ਬਿਆਨ ‘ਚ ਕੈਪਟਨ ਨੇ  ਕਿਹਾ ਸੀ ਕਿ ਸਿੱਧੂ ਚਾਹੁਣ ਤਾਂ ਪਟਿਆਲਾ ਤੋਂ ਮੇਰੇ ਖਿਲਾਫ ਚੋਣ ਲੜ ਸਕਦੇ ਹਨ, ਪਰ ਸਿੱਧੂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇ.ਜੇ. ਸਿੰਘ ਵੀ ਮੇਰੇ ਖਿਲਾਫ ਚੋਣ ਲੜੇ ਸਨ, ਤੇ ਉਹਨਾਂ ਦੀ ਜਮਾਨਤ ਜ਼ਬਤ ਹੋ ਗਈ ਸੀ।

- Advertisement -

Share this Article
Leave a comment