Home / ਸਿਆਸਤ / ਬੇਅਦਬੀ ਮਾਮਲਿਆਂ ਨੂੰ ਲੈ ਕੇ ਸੁਨਾਮ ਤੋਂ ਖੁੱਲ੍ਹਿਆ ਵੱਡਾ ਰਾਜ਼, ਸੀਬੀਆਈ ਨੂੰ ਕੇਸ ‘ਤੇ ਕਰਨਾ ਪਵੇਗਾ ਮੁੜ ਵਿਚਾਰ?

ਬੇਅਦਬੀ ਮਾਮਲਿਆਂ ਨੂੰ ਲੈ ਕੇ ਸੁਨਾਮ ਤੋਂ ਖੁੱਲ੍ਹਿਆ ਵੱਡਾ ਰਾਜ਼, ਸੀਬੀਆਈ ਨੂੰ ਕੇਸ ‘ਤੇ ਕਰਨਾ ਪਵੇਗਾ ਮੁੜ ਵਿਚਾਰ?

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ‘ਤੇ ਹੋ ਰਹੀ ਸਿਆਸਤ ਇੱਕ ਵਾਰ ਫਿਰ ਤੋਂ ਸਿਖਰਾਂ ‘ਤੇ ਪਹੁੰਚ ਗਈ ਹੈ। ਇਸ ਵਾਰ ਇਹ ਮੁੱਦਾ ਸੀਬੀਆਈ ਵੱਲੋਂ ਬੇਅਦਬੀ ਮਾਮਲਿਆਂ ਸਬੰਧੀ ਕੇਸਾਂ ਨੂੰ ਬੰਦ ਕਰਨ ਦੀ ਰਿਪੋਰਟ ਮੁਹਾਲੀ ਦੀ ਸੀਬੀਆਈ ਅਦਾਲਤ ‘ਚ ਦਾਖਲ ਕਰਨ ਤੋਂ ਬਾਅਦ ਭਖਿਆ ਹੈ । ਇਸ ਮਾਮਲੇ ‘ਤੇ ਤਾਂ ਆਮ ਆਦਮੀ ਪਾਰਟੀ ਨੇ ਸਖਤ ਰੁੱਖ ਅਖਤਿਆਰ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਬੇਅਦਬੀਆਂ ਦੇ ਅਸਲ ਦੋਸੀ ਕੌਣ ਸਨ ਇਹ ਅੱਜ ਤੱਕ ਪਤਾ ਨਹੀਂ ਚੱਲ ਸਕਿਆ ਬੱਸ ਇਸ ਮਾਮਲੇ ‘ਤੇ ਪੰਜਾਬ ਅੰਦਰ ਲੋਕ ਰਾਜਨੀਤੀ ਕਰਦਿਆਂ ਸਿਰਫ ਸਿਆਸੀ ਰੋਟੀਆਂ ਸੇਕਦੇ ਆ ਰਹੇ ਹਨ। ਅਦਾਲਤ ਅੰਦਰ ਸੀਬੀਆਈ ਵੱਲੋਂ ਬੇਅਦਬੀ ਕੇਸਾਂ ‘ਚ ਫੜੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀਆਂ ਵਿਰੁੱਧ ਅੱਗੇ ਜਾਂਚ ਬੰਦ ਕਰਨ ਲਈ ਪਾਈ ਗਈ ਕਲੋਜ਼ਰ ਰਿਪੋਰਟ ‘ਤੇ ਪ੍ਰਤੀਕਿਰਆ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਬੇਅਦਬੀ ਦੀਆਂ ਘਟਨਾਵਾਂ ਘਟੇ ਨੂੰ 4 ਸਾਲ ਦਾ ਸਮਾਂ ਲੰਘ ਚੁੱਕਿਆ ਹੈ ਪਰ ਇੰਝ ਜਾਪਦਾ ਹੈ ਜਿਵੇਂ ਇਸ ਮਾਮਲੇ ਦਾ ਅਸਲ ਸੱਚ ਕੱਢ ਕੇ ਲਿਆਉਣ ਲਈ ਸਾਰੀਆਂ ਏਜੰਸੀਆਂ ਨੇ ਹੀ ਹੁਣ ਹਾਰ ਮੰਨ ਲਈ ਹੈ।  ਜਾਂਚ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਫੇਲ੍ਹ ਕਰਾਰ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਅਜੇ ਤੱਕ ਗੁਨਾਹਗਾਰਾਂ ਦਾ ਪਤਾ ਲਗਾਉਣ ਵਿੱਚ ਇਹ ਲੋਕ ਨਾਕਾਮ ਰਹੇ ਹਨ। ਇੱਕ ਸਵਾਲ ਦੇ  ਜਵਾਬ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਅਸਲ ਦੋਸ਼ੀ ਕੌਣ ਹਨ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਕੰਮ ਜਾਂਚ ਏਜੰਸੀਆਂ ਦਾ ਹੁੰਦਾ ਹੈ, ਪਰ ਹਾਂ! ਉਹ ਇੰਨਾ ਜਰੂਰ ਕਹਿ ਸਕਦੇ ਹਨ ਕਿ ਇਸ ਜਾਂਚ ਦਾ ਪਰਨਾਲਾ ਅੱਜ ਵੀ ਉੱਥੇ ਹੀ ਵਗ ਰਿਹਾ ਹੈ ਜਿੱਥੇ ਪਹਿਲਾਂ ਵਗਦਾ ਸੀ। ਅਰੋੜਾ ਨੇ ਕਿਹਾ ਕਿ ਅੱਜ ਹਾਲਤ ਇਹ ਹੈ ਕਿ ਜਿੱਥੇ 4 ਸਾਲ ਪਹਿਲਾਂ ਖੜ੍ਹੇ ਸੀ ਅੱਜ ਵੀ ਉੱਥੇ ਖੜ੍ਹੇ ਹਾਂ ਕਿਉਂਕਿ ਇਸ ਦੌਰਾਨ ਕਿੰਨੀਆਂ ਹੀ ਐਸਆਈਟੀਆਂ ਤੇ ਕਮਿਸ਼ਨ ਬਣੇ ਪਰ ਨਤੀਜਾ ਸਿਫਰ ਦਾ ਸਿਫਰ ਹੀ ਹੈ। ਉਨ੍ਹਾਂ ਕਿਹਾ ਕਿ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਅਦਬੀ ਵਰਗੀ ਘਣੌਨੀ ਹਰਕਤ ਆਖਰ ਕਿਸੇ ਨੇ ਤਾਂ ਕੀਤੀ ਹੀ ਹੋਵੇਗੀ, ਫਿਰ ਅਜਿਹਾ ਕਿਉਂ ਹੈ ਕਿ ਅਸੀਂ ਸੱਚਾਈ ਤੱਕ ਪਹੁੰਚ ਨਹੀਂ ਪਾ ਰਹੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਧਰਮ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ ਹੈ, ਸੱਨਅਤਾਂ ਬਾਹਰ ਜਾ ਰਹੀਆਂ ਹਨ, ਪਾਣੀ ਤੋਂ ਬਿਨਾਂ ਧਰਤੀ ਬੰਜਰ ਹੋ ਰਹੀ ਹੈ ਅਤੇ ਬਿਜਲੀ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ। ਅਮਨ ਅਰੋੜਾ ਅਨੁਸਾਰ ਪੰਜਾਬ ‘ਚ ਹਰ ਧਰਮ ਦੇ ਲੋਕ ਵਸਦੇ ਹਨ, ਪਰ ਵਿਵਸਥਾ ਨੂੰ ਇੱਥੋਂ ਦਾ ਸਿਸਟਮ ਖਰਾਬ ਕਰ ਰਿਹਾ ਹੈ। ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਜਾਗਰੂਕ ਹੋ ਜਾਣ ਕਿਉਂਕਿ ਮਲੇਰਕੋਟਲਾ ਬੇਅਦਬੀ ਮਾਮਲੇ ਵਿੱਚ ਪੁਲਿਸ ਵੱਲੋਂ ਇਸ ਕੇਸ ਵਿੱਚ ਮੁੱਖ ਮੁਲਜ਼ਮ ਬਣਾਏ ਗਏ ਵਿਜੇ ਕੁਮਾਰ ਦੇ ਖੁਲਾਸਿਆਂ ਨੇ ਸਾਰਾ ਭੇਦ ਖੋਲ੍ਹ ਕੇ ਰੱਖ ਦਿੱਤਾ ਹੈ, ਜਿਸ ਦਾ ਕਹਿਣਾ ਹੈ ਕਿ ਉਸ ‘ਤੇ ਤਸੱਦਦ ਕਰਕੇ ਆਪ ਵਿਧਾਇਕ ਨਰੇਸ਼ ਯਾਦਵ ਦਾ ਨਾਮ ਇਸ ਬੇਅਦਬੀ ਮਾਮਲੇ ‘ਚ ਬੁਲਵਾਇਆ ਗਿਆ ਸੀ।  ਅਰੋੜਾ ਨੇ ਕਿਹਾ ਕਿ ਅਜਿਹੇ ਵਿੱਚ ਭਲੀ ਭਾਂਤ ਸਮਝਿਆ ਜਾ ਸਕਦਾ ਹੈ ਕਿ ਅਜਿਹੇ ਗੰਭੀਰ ਮਸਲਿਆਂ ‘ਤੇ ਵੀ ਅਸਲ ਸੱਚਾਈ ਤੱਕ ਪਹੁੰਚਣ ਦੀ ਬਜਾਏ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੁਣ ਸੀਬੀਆਈ ‘ਤੇ ਵੀ ਸਵਾਲ ਉਠਦਾ ਹੈ ਕਿ ਕਿੰਨੇ ਮਾਮਲਿਆਂ ਦੀ ਜਾਂਚ ਉਸ ਕੋਲ ਅਜਿਹੀ ਹੈ ਜਿਹੜੀ ਕਿ ਅਜੇ ਪੂਰੀ ਨਹੀਂ ਹੋਈ।

Check Also

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜੰਮੂ ਕਸ਼ਮੀਰ ਦੇ ਕਰੀਬ 600 ਪ੍ਰਵਾਸੀ ਮਜ਼ਦੂਰਾਂ ਦੀ ਕਰਫਿਊ ਦੌਰਾਨ ਠਹਿਰਣ ਲਈ ਕੀਤੀ ਗਈ ਵਿਵਸਥਾ

ਪਠਾਨਕੋਟ :  ਜ਼ਿਲ੍ਹਾ ਪਠਾਨਕੋਟ ਦੇ ਨਾਲ ਲਗਦੀ ਜੰਮੂ ਕਸਮੀਰ ਦੀ ਸਰਹੱਦ ਦੇ ਭਾਰੀ ਸੰਖਿਆ ਵਿੱਚ …

Leave a Reply

Your email address will not be published. Required fields are marked *