ਚੰਡੀਗੜ੍ਹ : ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਆਪ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਨੂੰ
ਭਾਵੇਂ ਜਿੰਨਾ ਮਰਜ਼ੀ ਬੁਰਾ ਭਲਾ ਆਖ ਕੇ ਛੱਡ ਦਿੱਤਾ ਹੋਵੇ ਪਰ ਇਸ ਦੇ ਬਾਵਜੂਦ ਪਾਰਟੀ ਆਗੂ ਫੂਲਕਾ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹਨ। ਇਸ ਸਬੰਧ ਚ ਕੀ ਹਰਪਾਲ ਚੀਮਾ ਤੇ ਕੀ ਡਾਕਟਰ ਬਲਵੀਰ ਇੱਕ ਸੁਰ ਵਿੱਚ ਬਿਆਨ ਦੇ ਰਹੇ ਹਨ ਕਿ ਫੂਲਕਾ ਵੱਲੋਂ ਜਿਹੜਾ ਨਵਾਂ ਸੰਗਠਨ ਖੜ੍ਹਾ ਕੀਤਾ ਜਾਵੇਗਾ ਤੇ ਉਹ ਜਿਹੜਾ ਵੀ ਅੰਦੋਲਨ ਖੜ੍ਹਾ ਕਰਨਗੇ ਉਹ ਲੋਕ ਫੂਲਕਾ ਦਾ ਡਟ ਕੇ ਸਾਥ ਦੇਣਗੇ। ਆਪ ਆਗੂਆਂ ਦੇ ਇਹ ਬਿਆਨ ਜਿਉਂ ਹੀ ਮੀਡੀਆ ਦੀਆਂ ਸੁਰਖੀਆਂ ਬਣੇ ਤਿਉਂ ਹੀ ਲੋਕਾਂ ਵੱਲੋਂ ਇਲਜ਼ਾਮਾ ਦੀ ਝੜ੍ਹੀ ਲਗਾ ਦਿੱਤੀ ਗਈ ਕਿ ਫੂਲਕਾ ਨੇ ਭਾਵੇਂ ਆਪ ਛੱਡ ਦਿੱਤੀ ਹੋਵੇ ਪਰ ਪਾਰਟੀ ਅਜੇ ਵੀ ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਿਆਸੀ ਲਾਹਾ ਲੈਣੋ ਅਜੇ ਵੀ ਬਾਜ਼ ਨਹੀਂ ਆ ਰਹੀ।
ਦੱਸ ਦਈਏ ਕਿ ਫੂਲਕਾ ਨੇ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਅੰਦਰ ਨਸ਼ਿਆਂ ਅਤੇ ਜਬਾਨੀ ਦੀ ਹੋ ਰਹੀ ਬਰਬਾਦੀ ਅਤੇ ਸਿੱਖ ਪੰਥ ਵਿੱਚ ਆਏ ਨਿਘਾਰ ਵਿਰੁਧ ਅੰਨਾ ਹਜ਼ਾਰੇ ਵਰਗਾ ਅੰਦੋਲਨ ਖੜ੍ਹਾ ਕਰਨ ਦਾ ਐਲਾਨ ਕੀਤਾ ਹੈ। ਜਿਸ ਲਈ ਫੂਲਕਾ ਨੇ ਇੱਕ ਅਜਿਹਾ ਗੈਰ ਸਿਆਸੀ ਸੰਗਠਨ ਬਣਾਏ ਜਾਣ ਦੀ ਗੱਲ ਆਖੀ ਹੈ ਜੋ ਸਿਰਫ ਲੋਕ ਹਿੱਤਾਂ ਦੀ ਗੱਲ ਕਰੇਗਾ। ਇਸ ਲਈ ਫੂਲਕਾ ਨੇ ਸਾਰੀਆਂ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਹੋਇਆ ਹੈ। ਫੂਲਕਾ ਦੇ ਇਸ ਐਲਾਨ ਤੋਂ ਬਾਅਦ ਜਿੱਥੇ ਉਸ ਆਪ ਦੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਇਹ ਕਿਹਾ ਹੈ ਕਿ ਉਹ ਐਸਜੀਪੀਸੀ ਚੋਣਾਂ ਦੌਰਾਨ ਫੂਲਕਾ ਦਾ ਸਾਥ ਦੇਣਗੇ ਜਿਸ ਆਪ ਦੇ ਸੰਵਿਧਾਨ ਅੰਦਰ ਹੀ ਧਰਮ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਗੱਲ ਆਖੀ ਹੋਈ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਫੂਲਕਾ ਜਿਹੜੀ ਵੀ ਲਹਿਰ ਛੇੜਨਗੇ ਉਹ ਉਸ ਦਾ ਸਮਰਥਨ ਕਰਨਗੇ। ਡਾਕਟਰ ਬਲਬੀਰ ਅਨੁਸਾਰ ਫੂਲਕਾ ਇੱਕ ਸੰਘਰਸ਼ਸ਼ੀਲ ਵਿਅਕਤੀ ਹਨ ਜੋ ਕਿ ਹਮੇਸ਼ਾ ਅਸੂਲਾਂ ਤੇ ਚਲਦੇ ਹਨ। ਉਨ੍ਹਾਂ ਕਿਹਾ ਕਿ ਐਚ ਐਸ ਫੂਲਕਾ ਅੰਨਾ ਹਜ਼ਾਰੇ ਅੰਦੋਲਨ ਵੇਲੇ ਤੋਂ ਆਮ ਆਦਮੀ ਪਾਰਟੀ ਦਾ ਹਿੱਸਾ ਹਨ ਤੇ ਜੇਕਰ ਉਹ ਇਹ ਅੰਦੋਲਨ ਇੱਕ ਵਾਰ ਫਿਰ ਸ਼ੁਰੂ ਕਰਦੇ ਹਨ ਤਾਂ ਹਰ ਇਨਸਾਫ ਪਸੰਦ ਬੰਦਾ ਉਨ੍ਹਾਂ ਨਾਲ ਜ਼ਰੂਰ ਜੁੜੇਗਾ ਤੇ ਉਹ ਖੁਦ ਵੀ ਇਸ ਅੰਦੋਲਨ ਦਾ ਹਿੱਸਾ ਜ਼ਰੂਰ ਬਣਨਗੇ। ਉਨ੍ਹਾਂ ਕਿਹਾ ਕਿ ਇਹ ਉਹ ਮੁੱਦੇ ਹਨ ਜਿਹੜੇ ਕਿ ਆਮ ਆਦਮੀ ਪਾਰਟੀ ਚੁੱਕਦੀ ਆਈ ਹੈ। ਡਾਕਟਰ ਬਲਬੀਰ ਅਨੁਸਾਰ ਚੰਗਾ ਹੁੰਦਾ ਜੇਕਰ ਫੂਲਕਾ ਇਹ ਮੁੱਦੇ ਪਾਰਟੀ ਅੰਦਰ ਰਹਿ ਕੇ ਚੁੱਕਦੇ ਪਰ ਹੁਣ ਵੀ ਉਹ ਫੂਲਕਾ ਦਾ ਸਾਥ ਨਹੀਂ ਛੱਡਣਗੇ ਕਿਉਂਕਿ ਫੂਲਕਾ ਵਰਗੇ ਬੰਦਿਆਂ ਦੀ ਸਮਾਜ ਨੂੰ ਸਖਤ ਲੋੜ ਹੈ।