ਪੰਜਾਬ ਦਾ ਨੌਜਵਾਨ ਨਾਰਾਜ਼ ਹੈ, ਕਿਸਾਨ ਗ਼ਮ ‘ਚ ਡੁੱਬਿਆ ਨਜ਼ਰ ਆ ਰਿਹਾ ਅਤੇ ਆਮ ਲੋਕਾਂ ਦੇ ਚਿਹਰੇ ਉਪਰ ਉਦਾਸੀ ਝਲਕ ਰਹੀ ਹੈ। ਸੂਬੇ ਵਿਚ ਜੋ ਕੁਝ ਅੱਜ ਕੱਲ੍ਹ ਵਾਪਰ ਰਿਹਾ ਹੈ ਸਮਝ ਤੋਂ ਬਾਹਰ ਹੈ। ਬੇਰੁਜ਼ਗਾਰੀ ਕਾਰਨ ਹਰ ਨੌਜਵਾਨ ਵਿਦੇਸ਼ ਜਾਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ। ਜਿਹੜੇ ਪਰਿਵਾਰ ਉਹਨਾਂ ਨੂੰ ਬਾਹਰ ਜਾਣ ਤੋਂ ਵਰਜਦੇ ਉਥੇ ਨਿੱਤ ਦਿਨ ਝਗੜੇ ਹੁੰਦੇ ਸੁਣੀਦੇ ਹਨ। ਪੜ੍ਹੇ ਲਿਖੇ ਨੂੰ ਆਪਣਾ ਭਵਿੱਖ ਧੁੰਦਲਾ ਲੱਗ ਰਿਹਾ ਹੈ। ਖੇਤੀ ਦੇ ਮੰਦੇ ਹਾਲ ਹਨ। ਕਿਸਾਨ ਕਰਜ਼ੇ ਨਾਲ ਨੂੜਿਆ ਪਿਆ ਹੈ। ਉਸਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਕਦੇ ਪੂਰਬੀ ਰਾਜਾਂ ਵਿੱਚ ਹੁੰਦੀਆਂ ਘਟਨਾਵਾਂ ਪੰਜਾਬ ਵਿੱਚ ਵਾਪਰ ਰਹੀਆਂ ਹਨ। ਸੂਬੇ ਵਿਚ ਸ਼ਰੇਆਮ ਥਾਣੇਦਾਰ ਨੂੰ ਮਾਰਨ ਵਾਲੀ ਘਟਨਾ ਨੂੰ ਵੀ ਲੋਕ ਨਹੀਂ ਭੁੱਲੇ। ਹੁਣ ਅਵਾਮ ਦਾ ਰੋਹ ਇਥੋਂ ਤਕ ਪ੍ਰਚੰਡ ਹੁੰਦਾ ਨਜ਼ਰ ਆ ਰਿਹਾ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਦੇ ਗਲਾਂ ਨੂੰ ਹੱਥ ਪਾਉਣ ਤੇ ਉਤਰ ਪਏ ਹਨ।
ਕੁਝ ਹੀ ਦਿਨ ਪਹਿਲਾਂ ਜ਼ਿਲਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਵਿੱਚ ਦਲਿਤ ਭਾਈਚਾਰੇ ਦੇ ਜਗਮੇਲ ਸਿੰਘ ਨਾਲ ਵਾਪਰੀ ਤਸ਼ੱਦਦ ਵਾਲੀ ਘਟਨਾ ਅਜੇ ਤਕ ਲੋਕਾਂ ਦੇ ਮੂੰਹਾਂ ਤੋਂ ਲੱਥੀ ਨਹੀਂ ਸੀ, ਅਖਬਾਰਾਂ ਦੀਆਂ ਸੁਰਖੀਆਂ ਅਜੇ ਮੁੱਕੀਆਂ ਨਹੀਂ ਸਨ ਕਿ ਬੀਤੇ ਸ਼ਨਿਚਰਵਾਰ ਰਾਤ ਨੂੰ ਜ਼ਿਲਾ ਮੋਗਾ ਦੇ ਪਿੰਡ ਮਸਤੇਵਾਲ ਦੇ ਇਕ ਵਿਆਹ ਸਮਾਗਮ ਵਿੱਚ ਗੋਲੀ ਚੱਲਣ ਨਾਲ ਡੀਜੇ ਦੀ ਮੌਤ ਹੋ ਗਈ। ਡੀ ਜੇ ਗਰੁੱਪ ਦਾ ਮਰਨ ਵਾਲਾ 18 ਸਾਲਾ ਕਰਨ ਦਲਿਤ ਭਾਈਚਾਰੇ ਨਾਲ ਸੰਬੰਧਤ ਸੀ। ਸਮਾਗਮਾਂ ਵਿੱਚ ਪ੍ਰੋਗ੍ਰਾਮ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ। ਦਲਿਤ ਨੌਜਵਾਨ ਦੀ ਮੌਤ ਹੋਣ ਤੋਂ ਭੜਕੇ ਨੌਜਵਾਨਾਂ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਵਿੱਚ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਗੱਡੀ ਦੀ ਭੰਨ-ਤੋੜ ਕਰ ਦਿੱਤੀ। ਵਿਧਾਇਕ ਨੇ ਭੱਜ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ। ਇਸ ਦੌਰਾਨ ਜਨਤਕ ਜਥੇਬੰਦੀਆਂ ਨੇ ਪੀੜਤ ਪਰਿਵਾਰ ਦੇ ਹੱਕ ’ਚ ਜ਼ਿਲ੍ਹਾ ਸਕੱਤਰੇਤ ਅੱਗੇ ਧਰਨਾ ਲਾ ਕੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਰਿਪੋਰਟਾਂ ਮੁਤਾਬਿਕ ਮੁਲਜ਼ਮ ਲਾਸ਼ ਹਸਪਤਾਲ ਰੱਖ ਕੇ ਭੱਜ ਗਏ ਸਨ। ਸਿਵਲ ਹਸਪਤਾਲ ਵਿੱਚ ਦਲਿਤ ਨੌਜਵਾਨ ਕਰਨ (18) ਵਾਸੀ ਕੋਟ ਈਸੇ ਖਾਂ ਦੀ ਲਾਸ਼ ਪੋਸਟ ਮਾਰਟਮ ਲਈ ਰੱਖੀ ਗਈ ਸੀ। ਪੀੜਤ ਪਰਿਵਾਰ ਪੋਸਟ ਮਾਰਟਮ ਤੋਂ ਪਹਿਲਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਸੀ। ਪਰਿਵਾਰ ਦੇ ਹੱਕ ’ਚ ਜਨਤਕ ਜਥੇਬੰਦੀ ਦੇ ਆਗੂ ਵੀ ਆ ਗਏ। ਐਕਸ਼ਨ ਕਮੇਟੀ ਬਣਾ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਿਵਲ ਹਸਪਤਾਲ ਵਿੱਚ ਵੱਡੀ ਗਿਣਤੀ ਲੋਕ ਪਹੁੰਚ ਗਏ।
ਇਸੇ ਦੌਰਾਨ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੀ ਸਿਵਲ ਹਸਪਤਾਲ ਪਹੁੰਚ ਗਏ। ਉਹ ਪਰਿਵਾਰ ਨਾਲ ਹਮਦਰਦੀ ਵਜੋਂ ਸਮਝਾਉਣ ਲੱਗੇ ਕਿ ਐੱਫ਼ਆਈਆਰ ਦਰਜ ਹੋ ਚੁੱਕੀ ਹੈ ਅਤੇ ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਗੱਲ ਕਰਦਿਆਂ ਕਰਦਿਆਂ ਉਨ੍ਹਾਂ ਦੇ ਮੂੰਹੋਂ ਇਹ ਨਿਕਲ ਗਿਆ ਕਿ ਹਾਦਸੇ ਤਾਂ ਹੁੰਦੇ ਹੀ ਰਹਿੰਦੇ। ਇਸ ਤੋਂ ਬਾਅਦ ਪੀੜਤ ਪਰਿਵਾਰ ਤੇ ਲੋਕ ਭੜਕ ਉੱਠੇ ਅਤੇ ਉਨ੍ਹਾਂ ਵਿਧਾਇਕ ’ਤੇ ਹੱਲਾ ਬੋਲ ਦਿੱਤਾ। ਹਜੂਮ ਨੇ ਵਿਧਾਇਕ ਦੀ ਗੱਡੀ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਡਰਾਈਵਰ ਨੇ ਤੇਜ਼ੀ ਨਾਲ ਗੱਡੀ ਪਿਛੇ ਵੱਲ ਭਜਾ ਲਈ। ਲੋਕਾਂ ਵਿੱਚ ਐਨਾ ਗੁੱਸਾ ਸੀ ਕਿ ਉਹ ਵਿਧਾਇਕ ਦੀ ਗੱਡੀ ਦੇ ਪਿੱਛੇ ਭੱਜੇ ਅਤੇ ਅਖ਼ੀਰ ਵਿਧਾਇਕ ਨੇ ਗੱਡੀ ’ਚੋਂ ਭੱਜ ਕੇ ਜਾਨ ਬਚਾਈ। ਧਰਨਾਕਾਰੀਆਂ ਨੇ ਐਲਾਨ ਕੀਤਾ ਹੋਇਆ ਕਿ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਐੱਫ਼ਆਈਆਰ ਵਿੱਚ ਐੱਸਸੀ/ਐੱਸਟੀ ਐਕਟ ਦੀ ਧਾਰਾ ਸ਼ਾਮਲ ਕਰਨ ਦੀ ਮੰਗ ਪੂਰੀ ਹੋਣ ਤੋਂ ਪਹਿਲਾਂ ਉਹ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਪੰਜਾਬ ਵਿਚ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਪੁਲਿਸ, ਪ੍ਰਸ਼ਾਸ਼ਨ ਅਤੇ ਸੂਬੇ ਦੇ ਹਾਕਮਾਂ ‘ਤੇ ਪ੍ਰਸ਼ਨਚਿੰਨ੍ਹ ਲਾਉਂਦੀਆਂ ਹਨ। ਖੁਸ਼ਹਾਲ ਸੂਬਾ ਨਿਵਾਣਾਂ ਵੱਲ ਜਾ ਰਿਹਾ ਹੈ।
ਅਵਤਾਰ ਸਿੰਘ
ਸੀਨੀਅਰ ਪੱਤਰਕਾਰ