ਇਨ੍ਹੀਂ ਦਿਨੀਂ ਪੰਜਾਬ ਤੇ ਹਰਿਆਣਾ ‘ਚ ਪਰਾਲੀ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਹੈ। ਪਿੱਛਲੇ ਕੁਝ ਦਿਨਾਂ ਤੋਂ ਕਿਸਾਨਾਂ ਵੱਲੋਂ ਖੇਤਾਂ ‘ਚ ਪਰਾਲੀ ਨੂੰ ਅੱਗ ਲਾਉਣ ਕਾਰਨ ਪੈਦਾ ਹੋਏ ਧੂਏ ਤੋਂ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਗਿਆ ਹੈ। ਜਿਸ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕ ਬਹੁਤ ਪਰੇਸ਼ਾਨ ਹਨ। ਜਿੱਥੇ ਇੱਕ ਪਾਸੇ ਪਰਾਲੀ ਦੇ ਹੱਲ ਲਈ ਸਰਕਾਰਾਂ ਗੰਭੀਰ ਹੁੰਦੀਆਂ ਨਜ਼ਰ ਆ ਰਹੀਆਂ ਹਨ ਉੱਥੇ ਦੂਜੇ ਪਾਸੇ ਆਮ ਲੋਕ ਵੀ ਇਸ ਦਾ ਹੱਲ ਲੱਭਣ ਲਈ ਸੋਚਣ ਲੱਗ ਪਏ ਹਨ।
ਇਸ ਸਮੱਸਿਆ ਦੇ ਚਲਦਿਆਂ ਫਾਜ਼ਿਲਕਾ ਵਾਸੀ ਸੰਜੀਵ ਨਾਗਪਾਲ ਨੇ ਪਰਾਲੀ ਦਾ ਹੱਲ ਲੱਭ ਲਿਆ ਹੈ। ਦੱਸਣਯੋਗ ਹੈ ਕਿ ਸੰਜੀਵ ਨਾਗਪਾਲ ਨੇ ਪਰਾਲੀ ਦੇ ਹੱਲ ਲਈ ਇੱਕ ਪ੍ਰਾਜੈਕਟ ਲਗਾਇਆ ਹੈ, ਜਿਸ ਨਾਲ ਕਿਸਾਨ ਭਰਾਵਾਂ ਨੂੰ ਵੀ ਲਾਭ ਹੁੰਦਾ ਨਜ਼ਰ ਆ ਰਿਹਾ ਹੈ।
ਸੰਜੀਵ ਨੇ ਕਿਹਾ ਕਿ 2011 ‘ਚ ਫਾਜ਼ਿਲਕਾ ‘ਚ ਅਸੀਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂ ‘ਚ ਤਾਂ ਉਨ੍ਹਾਂ ਨੂੰ ਤਿੰਨ ਚਾਰ ਸਾਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ 2015 ਤੋਂ ਆਈਆਈਟੀਜ਼ ਦਿੱਲੀ ਦੀ ਮਦਦ ਨਾਲ ਉਨ੍ਹਾਂ ਦਾ ਇਹ ਪ੍ਰਾਜੈਕਟ ਚੱਲ ਰਿਹਾ ਹੈ। ਇਸ ਪ੍ਰਾਜੈਕਟ ਰਾਹੀਂ ਪਰਾਲੀ ਤੋਂ ਬਾਇਓਗੈਸ, ਬਿਜਲੀ ਤੇ ਖਾਦ ਬਣਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਰਾਲੀ ਤੋਂ ਬਣੀ ਖਾਦ ਦਾ ਇਸਤੇਮਾਲ ਕਣਕ, ਝੋਨਾ ਤੇ ਹੋਰ ਕਈ ਤਰ੍ਹਾਂ ਦੀਆਂ ਫਸਲਾਂ ‘ਚ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਜੋ ਖਾਦ ਬਣਾਈ ਗਈ ਸੀ, ਉਸ ਦੀ ਵਰਤੋਂ ਨਾਲ 800 ਏਕੜ ‘ਚ ਬਾਸਮਤੀ ਦੀ ਖੇਤੀ ਕੀਤੀ ਗਈ। ਜਿਸ ‘ਚ ਖਾਦ ਤੋਂ ਬਿਨ੍ਹਾਂ ਕਿਸੇ ਵੀ ਪੈਸਟੀਸਾਈਡ ਦੀ ਵਰਤੋਂ ਨਹੀਂ ਕੀਤੀ ਗਈ ਸੀ। ਜਿਸ ਦਾ ਸਿੱਟਾ ਇਹ ਹੋਇਆ ਕਿ 800 ਏਕੜ ਦਾ ਝਾੜ ਬਾਕੀ ਇਲਾਕਿਆਂ ਦੇ ਝਾੜ ਨਾਲੋਂ 30 ਪ੍ਰਤੀਸ਼ਤ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਲਾਂ ਦਾ ਇੱਕ ਸੈਂਪਲ ਟੈਸਟ ਲਈ ਭੇਜਿਆ ਗਿਆ ਹੈ ਤੇ ਕੁਝ ਦਿਨਾਂ ਬਾਅਦ ਯੂਨੀਵਰਸਿਟੀ ਦੀ ਇੱਕ ਟੀਮ ਵੀ ਸਾਡੇ ਪ੍ਰਾਜੈਕਟ ਦਾ ਸਰਵੇ ਕਰਨ ਆ ਰਹੀ ਹੈ।
ਸੰਜੀਵ ਨਾਗਪਾਲ ਨੇ ਕਿਹਾ ਕਿ ਸਾਡੀ ਖਾਦ ਦੇ ਨਤੀਜ਼ਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪ੍ਰਾਜੈਕਟ ਦੀ ਸਮੱਰਥਾ ਦੁੱਗਣੀ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਵੀ ਵੱਡੀ ਗਿਣਤੀ ‘ਚ ਸਾਡੇ ਪ੍ਰਾਜੈਕਟ ਨਾਲ ਜੁੜ ਰਹੇ ਹਨ। ਦੱਸਣਯੋਗ ਹੈ ਕਿ ਇਸ ਪ੍ਰਾਜੈਕਟ ਤਹਿਤ ਬਾਇਓਗੈਸ ਤੋਂ ਬਿਜਲੀ ਬਣਾ ਕੇ ਪੰਜਾਬ ਸਰਕਾਰ ਨੂੰ ਵੇਚੀ ਜਾ ਰਹੀ ਹੈ। ਸੈਂਟਰ ਸਰਕਾਰ ਦੀ ਸਕੀਮ ਤਹਿਤ ਹੁਣ ਬਾਇਓਗੈਸ ਤੋਂ ਸੀਐੱਨਜੀ ਗੈਸ ਬਣਾਈ ਜਾਵੇਗੀ ਤੇ ਨਾਲ ਹੀ ਸੈਂਟਰ ਸਰਕਾਰ ਨੇ ਸੀਐੱਨਜੀ ਗੈਸ ਨੂੰ ਖਰੀਦਣ ਦੀ ਗਾਰੰਟੀ ਵੀ ਦਿੱਤੀ ਹੈ।
ਅਮਰੀਕਾ ਦੇ ਐੱਮਐੱਸ ਕਥੂਰੀਆ 25 ਹਜ਼ਾਰ ਕਰੋੜ ਰੁਪਏ ਇਸ ਤਰ੍ਹਾਂ ਦੇ ਪ੍ਰਾਜੈਕਟਾਂ ‘ਚ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਨਾਲ ਸਾਡੀ ਮੁਲਾਕਾਤ ਵੀ ਹੋਈ ਹੈ। ਇਸ ਲਈ ਉਨ੍ਹਾਂ ਨੂੰ ਜਿਹੜਾ ਪ੍ਰਾਜੈਕਟ ਵਧੀਆ ਲੱਗੇਗਾ, ਉਹ ਆਪਣਾ ਨਿਵੇਸ਼ ਉਸ ਪ੍ਰਾਜੈਕਟ ‘ਚ ਹੀ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਅਸੀਂ ਮਸ਼ੀਨਰੀ ਦਾ ਇੱਕ ਬੈਂਕ ਬਣਾਉਂਦੇ ਹਾਂ। ਜਿਹੜਾ ਜਿਮੀਦਾਰ ਇਸ ਬੈਂਕ ਨੂੰ ਚਲਾਉਂਦਾ ਹੈ ਤੇ ਦੂਜਾ ਜਿਸ ਕਿਸਾਨ ਦੀ ਆਪਣੀ ਪਰਾਲੀ ਹੁੰਦੀ ਹੈ ਅਸੀਂ ਉਨ੍ਹਾਂ ਦੋਹਾਂ ਨੂੰ ਇੱਕ ਰੁਪਏ ਕਿਲੋ ਦੇ ਹਿਸਾਬ ਨਾਲ ਪੈਸੇ ਦਿੰਦੇ ਹਾਂ। ਇਸ ਪ੍ਰਾਜੈਕਟ ਨਾਲ ਕਿਸਾਨਾਂ ਨੂੰ ਆਮਦਨ ਵੀ ਹੋਵੇਗੀ ਤੇ ਦੂਜਾ ਉਨ੍ਹਾਂ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ।
ਉਨ੍ਹਾਂ ਕਿਹਾ ਫਸਲਾਂ ਤੇ ਜ਼ਮੀਨਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮੈਂ ਇਸ ਵਿਸ਼ੇ ‘ਤੇ ਜੀਐੱਸ ਕਲਕਟ ਨਾਲ ਜੋ ਕਿ ਸਾਡੇ ਦੇਸ਼ ਦੇ ਸਭ ਤੋਂ ਵੱਡੇ ਖੇਤੀਬਾੜੀ ਮਾਹਿਰ ਸਨ ਨਾਲ ਵਿਚਾਰ ਵਟਾਂਦਰਾ ਕਰਦਾ ਰਹਿੰਦਾ ਸੀ। ਇਸ ਸਬੰਧ ‘ਚ ਅਸੀਂ ਹੋਰ ਕਈ ਦੇਸ਼ਾਂ ‘ਚ ਜਾ ਕੇ ਵੀ ਜਾਣਕਾਰੀ ਇਕੱਠੀ ਕੀਤੀ। ਜਿਸ ਤੋਂ ਬਾਅਦ ਅਸੀਂ ਇਹ ਪ੍ਰਾਜੈਕਟ ਲਗਾਇਆ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਹ ਦੁਨੀਆ ਦਾ ਪਹਿਲਾ ਪ੍ਰਾਜੈਕਟ ਹੈ ਜਿਸ ‘ਚ ਪਰਾਲੀ ਤੋਂ ਗੈਸ ਤੇ ਖਾਦ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਚੋਲ ਦੀ ਟੈਸਟ ਰਿਪੋਰਟ ਤੇ ਯੂਨੀਵਰਸਿਟੀ ਦੇ ਸਰਵੇ ਤੋਂ ਬਾਅਦ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਸਾਨੂੰ ਪੂਰਾ ਸਹਿਯੋਗ ਦੇਵੇਗੀ।