ਜਗਤਾਰ ਸਿੰਘ ਸਿੱਧੂ (ਐਡੀਟਰ)
ਪੰਜਾਬ ਵਿਧਾਨ ਸਭਾ ਦਾ ਭਲਕ ਤੋਂ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਰਾਜਸੀ ਪੱਖ ਤੋਂ ਬਹੁਤ ਅਹਿਮੀਅਤ ਰੱਖਦਾ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 2 ਸਾਲ ਪੂਰੇ ਹੋ ਰਹੇ ਹਨ। ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਦਾਅਵਿਆਂ ਉੱਪਰ ਸਰਕਾਰ ਦੀ ਹੋਏਗੀ ਜਵਾਬਦੇਹੀ। ਦੂਜੇ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਪੰਜਾਬੀ ਏਕਤਾ ਪਾਰਟੀ ਦੇ ਹਮਾਇਤੀ ਬੈਂਸ ਭਰਾ ਅਤੇ ਸੁਖਪਾਲ ਸਿੰਘ ਖਹਿਰਾ ਦੇ ਹਮਾਇਤੀ ਸਰਕਾਰ ਨੂੰ ਮੁੱਦਿਆਂ ‘ਤੇ ਘੇਰਨ ਦੇ ਨਾਲ ਨਾਲ ਇੱਕ ਦੂਜ਼ੇ ‘ਤੇ ਹਮਲੇ ਕਰਨ ਦਾ ਮੌਕਾ ਵੀ ਹੱਥੋਂ ਨਹੀਂ ਜਾਣ ਦੇਣਗੇ। ਸ਼ੈਸ਼ਨ ਬਿਲਕੁਲ ਉਸ ਮੌਕੇ ਹੋ ਰਿਹਾ ਹੈ ਜਦੋਂ ਅਧਿਆਪਕਾਂ ਸਮੇਤ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਵਿਰੁੱਧ ਗੁੱਸਾ ਅਤੇ ਰੋਹ ਦੀ ਲਹਿਰ ਪਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਵਿੱਚੋਂ ਅਸਤੀਫਾ ਦੇ ਕੇ ਗਏ ਐਚਐਸ ਫੂਲਕਾ ਵੀ ਸਦਨ ‘ਚ ਸਰਕਾਰ ਨੂੰ ਪਿਛਲੇ ਵਿਧਾਨ ਸਭਾ ਵੇਲੇ ਦਿੱਤੇ ਵਾਅਦਿਆਂ ਨੂੰ ਲੈ ਕੇ ਘੇਰਨਗੇ। ਗੱਲ ਸਹੀ ਹੈ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਗੋਲੀ ਨਾਲ ਮਾਰੇ ਗਏ 2 ਨਿਰਦੋਸ਼ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਭਰੋਸਾ ਦਿੱਤਾ ਸੀ। ਖਾਸ ਤੌਰ ‘ਤੇ ਕਾਂਗਰਸ ਸਰਕਾਰ ਦੇ ਮੈਂਬਰਾਂ ਅਤੇ ਮੰਤਰੀਆਂ ਨੇ ਇੱਕ ਦੂਜ਼ੇ ਤੋਂ ਅੱਗੇ ਵੱਧ ਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਅਤੇ ਸਾਬਕਾ ਕੈਬਨਿੱਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਬੇਅਦਬੀ ਅਤੇ ਬਹਿਬਲ ਕਲਾਂ ਦੇ 2 ਬੇਦੋਸ਼ੀਆਂ ਨੂੰ ਮਾਰਨ ਦੇ ਮਾਮਲੇ ਵਿੱਚ ਸ਼ਖਤ ਕਾਰਵਾਈ ਦੀ ਮੰਗ ਕੀਤੀ ਸੀ।
ਕੈਪਟਨ ਸਰਕਾਰ ਵੱਲੋਂ ਕੁਝ ਪੁਲਿਸ ਅਧਿਕਾਰੀਆਂ ਵਿਰੁੱਧ ਤਾਂ ਕਾਰਵਾਈ ਕੀਤੀ ਗਈ ਹੈ ਪਰ ਬਾਦਲਾਂ ਵਿਰੁੱਧ ਕਾਰਵਾਈ ਕਰਨ ਦਾ ਕੋਈ ਸੰਕੇਤ ਵੀ ਨਹੀਂ ਹੈ। ਇਸੇ ਤਰ੍ਹਾਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸਿਰ ‘ਤੇ ਗੁਟਕਾ ਸਾਹਿਬ ਰੱਖ ਕੇ ਸਹੁੰ ਚੁੱਕੀ ਸੀ। ਵਿਧਾਨ ਸਭਾ ਦੀਆਂ ਚੋਣਾਂ ਵੇਲੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਗਿਆ ਸੀ। ਹੁਣ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜ਼ਾਖੜ ਨੇ ਆਪਣੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਰੋਸ ਪ੍ਰਗਟ ਕੀਤਾ ਹੈ ਕਿ ਕਰਜ਼ਾ ਮਾਫੀ ਵਿੱਚ ਕਿਸਾਨਾਂ ਨੂੰ ਤਸੱਲੀ ਨਹੀਂ ਹੋਈ ਅਤੇ ਨਾ ਹੀ ਨਸ਼ਿਆਂ ਦੇ ਮਾਮਲੇ ਵਿੱਚ ਵੱਡੀਆਂ ਮੱਛੀਆਂ ਕਾਬੂ ਕੀਤੀਆਂ ਗਈਆਂ ਹਨ। ਜਾਖੜ ਦਾ ਇਹ ਵੀ ਰੋਸ ਹੈ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿੱਚ ਸਾਜਿਸ਼ ਘੜਨ ਵਾਲੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿੱਥੋਂ ਤੱਕ ਮੁਲਾਜ਼ਮ ਜਥੇਬੰਦੀਆਂ ਦਾ ਸਵਾਲ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਹਿਰ ਪਟਿਆਲਾ ਵਿੱਚ ਅਧਿਆਪਕਾਂ ਦਾ ਬੁਰੀ ਤਰ੍ਹਾਂ ਕੁਟਾਪਾ ਕੀਤਾ ਗਿਆ ਹੈ। ਸਥਾਨਕ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਪਿਛਲੇ ਕਈ ਦਿਨ ਤੋਂ ਦਿਨ ਰਾਤ ਰੋਸ਼ ਵਿਖਾਵਾ ਕਰ ਰਹੀਆਂ ਹਨ।
ਪੰਜਾਬ ਦੇ ਹੋਰਾਂ ਵਰਗਾਂ ਦੇ ਮੁਲਾਜ਼ਮਾਂ ਨੇ 13 ਫਰਵਰੀ ਨੂੰ ਸੂਬੇ ਵਿੱਚ ਹੜਤਾਲ ਦੀ ਧਮਕੀ ਦਿੱਤੀ ਹੈ। ਪਿਛਲੇ ਲੰਮੇ ਸਮੇਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਜ ਦੇ ਮੁਲਾਜ਼ਮ ਅਤੇ ਸਰਕਾਰ ਆਹਮੋ ਸਾਹਮਣੇ ਹਨ। ਮੁਲਾਜ਼ਮ ਡੀਏ ਦੀਆਂ ਕਿਸ਼ਤਾਂ, ਤਨਖਾਹ ਕਮੀਸ਼ਨ ਦੀਆਂ ਸ਼ਿਫਾਰਸ਼ਾਂ, ਪੈਨਸ਼ਨ ਅਤੇ ਪੱਕੇ ਹੋਣ ਵਰਗੇ ਕਈ ਅਹਿਮ ਮੁੱਦਿਆਂ ਤੇ ਸੜਕਾਂ ਉੱਪਰ ਰੋਸ਼ ਪ੍ਰਗਟਾਵਾ ਕਰ ਰਹੇ ਹਨ ਅਤੇ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ। ਪੰਜਾਬ ਦੇ ਰਾਜਪਾਲ ਵੱਲੋਂ ਰਵਾਇਤ ਅਨੁਸਾਰ ਨਵੇਂ ਸਾਲ ਦੇ ਪਹਿਲੇ ਸ਼ੈਸ਼ਨ ਵਿੱਚ ਭਲਕੇ ਸਰਕਾਰ ਦੀਆਂ ਨੀਤੀਆਂ ਤੇ ਅਧਾਰਿਤ ਰਾਜਪਾਲ ਦਾ ਭਾਸ਼ਣ ਪੇਸ਼ ਕੀਤਾ ਜਾਵੇਗਾ। 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਪੇਸ਼ ਕਰਨਗੇ ਅਤੇ ਪਹਿਲਾਂ ਹੋਏ ਤਹਿ ਪ੍ਰੋਗਰਾਮ ਮੁਤਾਬਕ ਸ਼ੈਸ਼ਨ 21 ਫਰਵਰੀ ਨੂੰ ਅਣ ਮਿੱਥੇ ਸਮੇਂ ਲਈ ਉੱਠ ਜਾਵੇਗਾ। ਇਹੋ ਜਹੀਆਂ ਪ੍ਰਸਥਿਤੀਆਂ ਵਿੱਚ ਬਜਟ ਸ਼ੈਸ਼ਨ ਕਿੰਨਾਂ ਕ ਸਾਰਥਕ ਹੋਵੇਗਾ ਅਤੇ ਲੋਕ ਮੁੱਦਿਆਂ ‘ਤੇ ਕਿੰਨੀ ਕੁ ਬਹਿਸ ਹੋਵੇਗੀ, ਇਸ ਦੀ ਜਿੰਮੇਵਾਰੀ ਸਰਕਾਰ ਅਤੇ ਵਿਰੋਧੀ ਧਿਰ ਦੀ ਵਤੀਰੇ ‘ਤੇ ਨਿਰਭਰ ਕਰਦੀ ਹੈ। ਇਹ ਸ਼ੈਸ਼ਨ ਸਭ ਤੋਂ ਵੱਡੇ ਇਸ ਸਵਾਲ ਨਾਲ ਸ਼ੁਰੂ ਹੋ ਰਿਹਾ ਹੈ ਕਿ ਕੀ ਸ਼ੈਸ਼ਨ ਸ਼ਾਤੀ ਨਾਲ ਚੱਲੇਗਾ ਵੀ ਜਾਂ ਨਹੀਂ?