Breaking News

ਪੰਜਾਬ ਦੀ ਭਾਈਚਾਰਕ ਸਾਂਝ ‘ਚ ਵਿਗਾੜ ਪੈਦਾ ਕਰੇਗੀ ਜਾਤ ਅਧਾਰਤ ਰਾਜਨੀਤੀ !

-ਗੁਰਮੀਤ ਸਿੰਘ ਪਲਾਹੀ;

ਪੰਜਾਬ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਬਹੁ-ਕੋਨੀ ਮੁਕਾਬਲੇ ਹੋਣਗੇ। ਕਾਂਗਰਸ ਇਕ ਧਿਰ, ਅਕਾਲੀ ਬਸਪਾ ਦੂਜੀ ਧਿਰ, ਆਮ ਆਦਮੀ ਪਾਰਟੀ ਤੀਜੀ ਧਿਰ, ਭਾਜਪਾ ਚੌਥੀ ਧਿਰ, ਖੱਬੀਆਂ ਧਿਰਾਂ ਪੰਜਵੀਂ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਕ ਹੋਰ ਧਿਰ ਵਜੋਂ ਚੋਣ ਮੈਦਾਨ ’ਚ ਨਿਤਰਨਗੇ। ਇਹਨਾ ਵਿਚੋਂ ਕੁਝ ਧਿਰਾਂ ਆਪਸ ਵਿਚ ਇਕੱਠੀਆਂ ਹੋ ਸਕਦੀਆਂ ਹਨ। ਪਰ ਇਕ ਗੱਲ ਸਪਸ਼ਟ ਹੈ ਕਿ ਘੱਟੋ-ਘੱਟ ਚਾਰ ਕੋਨੇ ਮੁਕਾਬਲੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੇਖਣ ਨੂੰ ਮਿਲਣਗੇ।

ਬਹੁ-ਕੋਨੀ ਮੁਕਾਬਲਿਆਂ ਵਿਚ ਪੰਜਾਬ ’ਚ ਕਾਂਗਰਸ ਦੇ ਜਿੱਤਣ ਦੀ ਚੰਗੀ ਸੰਭਾਵਨਾ ਹੈ, ਲੇਕਿਨ ਕਿਉਂਕਿ ਕਾਂਗਰਸ ਸਪਸ਼ਟ ਰੂਪ ਵਿਚ ਦੋ ਖੇਮਿਆਂ ’ਚ ਵੰਡੀ ਹੋਈ ਹੈ।ਇਕ ਧੜਾ ਕੈਪਟਨ ਅਮਰਿੰਦਰ ਸਿੰਘ ਦਾ ਅਤੇ ਦੂਜਾ ਧੜਾ ਨਵਜੋਤ ਸਿੰਘ ਸਿੱਧੂ ਦਾ। ਭਾਵੇਂ ਇਹ ਦੋਵੇਂ ਨੇਤਾ ਇਕੱਠੇ ਕੰਮ ਕਰਨ ਦਾ ਕੋਈ ਫਾਰਮੂਲਾ ਲੱਭ ਲੈਣ ਪਰ ਉਹਨਾ ਦੇ ਸਮਰਥਕਾਂ ਦਾ ਮੈਦਾਨ ਵਿਚ ਇਕ ਦੂਜੇ ਨਾਲ ਰਲ ਕੇ ਕੰਮ ਕਰਨਾ ਮੁਸ਼ਕਿਲ ਹੈ। ਇਸ ਲਈ ਇਸ ਸੰਕਟ ਦੇ ਕਾਰਨ ਇਹ ਤਹਿ ਨਹੀਂ ਹੈ ਕਿ ਪੰਜਾਬ ਵਿਚ ਕਾਂਗਰਸ ਲਈ ਅੱਗੋਂ ਕਿਹੋ ਜਿਹੇ ਹਾਲਾਤ ਬਨਣਗੇ?

ਜਾਤੀ-ਵੰਡ ਦੀ ਰਾਜਨੀਤੀ ਦੀ ਧਾਰਨਾ ਮੁੱਖ ਤੌਰ ’ਤੇ ਦੋ ਹਿੰਦੀ ਭਾਸ਼ੀ ਸੂਬਿਆਂ ਬਿਹਾਰ ਅਤੇ ਉਤਰ ਪ੍ਰਦੇਸ਼ ਨਾਲ ਜੁੜੀ ਹੋਈ ਹੈ। ਜਾਤੀ-ਵੰਡ ਰਾਜਨੀਤੀ ਦਾ ਪੱਤਾ ਪਹਿਲੀ ਵੇਰ ਪੰਜਾਬ ਵਿਚ ਭਾਜਪਾ ਨੇ 2022 ਵਿਧਾਨ ਸਭਾ ਚੋਣਾਂ ਜਿੱਤਣ ਲਈ ਖੇਡਿਆ ਹੈ ਅਤੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਅਗਲਾ ਮੁੱਖ ਮੰਤਰੀ ਦਲਿਤ ਹੋਏਗਾ, ਜਿਸਦੀ ਪੰਜਾਬ ਵਿਚ ਕੁਲ ਅਬਾਦੀ 32 ਫੀਸਦੀ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਹੁਜਨ ਸਮਾਜ ਪਾਰਟੀ ਨਾਲ ਇੱਕ ਪਾਸੇ ਸਾਂਝ ਪਾ ਕੇ ਪੰਜਾਬ ਦਾ ਇਕ ਉਪ ਮੁੱਖ ਮੰਤਰੀ ਦਲਿਤ ਅਤੇ ਇਕ ਹਿੰਦੂ ਹੋਣ ਦਾ ਐਲਾਨ ਕਰਕੇ ਇਹ ਦਰਸਾ ਦਿੱਤਾ ਕਿ ਪੰਜਾਬ ਵਿਚ ਉਹ ਵੀ ਜਾਤੀ-ਵੰਡ ਨੂੰ ਉਤਸ਼ਾਹਤ ਕਰਕੇ ਪੰਜਾਬ ’ਚ ਵੱਧ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤ ਕੇ ਰਾਜ ਭਾਗ ਹਥਿਆਏਗੀ। ਕਾਂਗਰਸ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ (ਜੱਟ) ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣ ਤੋਂ ਬਾਅਦ ਚਾਰ ਵੱਖੋ-ਵੱਖਰੀਆਂ ਜਾਤਾਂ ਦੇ ਕਾਰਜਕਾਰੀ ਪ੍ਰਧਾਨ ਬਣਾਏ ਹਨ, ਉਹ ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਕਾਂਗਰਸ ਪਾਰਟੀ ਵਿਚ ਅੰਦਰੂਨੀ ਸੱਤਾ ਸੰਘਰਸ਼ ਦੇ ਬਾਵਜੂਦ ਵੱਖੋ-ਵੱਖਰੀਆਂ ਜਾਤਾਂ ’ਚ ਆਪਣਾ ਜਨ ਅਧਾਰ ਬਣਾਈ ਰੱਖਣ ਲਈ ਯਤਨ ਕਰ ਰਹੀ ਹੈ, ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਵੀ ਜੱਟ ਸਿੱਖ ਹੈ।

ਸਾਲ 2011 ਦੀ ਮਰਦ ਮਸ਼ਮਾਰੀ ਅਨੁਸਾਰ ਪੰਜਾਬ ਦੀ ਕੁਲ ਆਬਾਦੀ ਵਿਚ 32 ਫੀਸਦੀ ਦਲਿਤ ਹਨ। 20 ਫੀਸਦੀ ਜੱਟ ਸਿੱਖ ਹਨ। ਬਾਕੀ ਹਿੰਦੂ ਅਤੇ ਹੋਰ ਪੱਛੜੀਆਂ ਜਾਤਾਂ ਨਾਲ ਸਬੰਧਤ ਲੋਕ ਹਨ।

ਪਿਛਲੀਆਂ ਚੋਣਾਂ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਲਗਭਗ ਸਾਰੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਵੋਟ ਸ਼ੇਅਰ 35 ਫੀਸਦੀ ਰਿਹਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਉਸਨੇ 38.5 ਫੀਸਦੀ ਵੋਟਾਂ ਲੈ ਕੇ ਜਿੱਤੀਆਂ। 2017 ਵਿਚ ਪੰਜਾਬ ਦੇ ਮਾਝਾ ਖਿੱਤੇ ਤੋਂ 46 ਫੀਸਦੀ, ਜਦਕਿ ਦੁਆਬਾ ਅਤੇ ਮਾਲਵਾ ਖਿੱਤੇ ਤੋਂ 36 ਫੀਸਦੀ ਵੋਟ ਕਾਂਗਰਸ ਨੂੰ ਮਿਲੇ ਸਨ। ਮਾਝਾ ਤੋਂ 25 ਵਿੱਚੋਂ 22, ਦੁਆਬਾ ਤੋਂ 23 ਵਿੱਚੋਂ 15 ਅਤੇ ਮਾਲਵਾ ਤੋਂ 69 ਵਿਚੋਂ 40 ਵਿਧਾਨ ਸਭਾ ਸੀਟਾਂ ਕਾਂਗਰਸ ਨੇ ਜਿੱਤੀਆਂ। ਉਹ ਆਪਣੇ ਵਿਰੋਧੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਹਰ ਖੇਤਰ ਵਿਚ ਵੱਧ ਵੋਟਾਂ ਲੈ ਕੇ ਜੇਤੂ ਰਹੇ ।ਭਾਜਪਾ ਤਾਂ ਕਿਧਰੇ ਮੁਕਾਬਲੇ ਵਿਚ ਦਿਖੀ ਹੀ ਨਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਆਮ ਆਦਮੀ ਪਾਰਟੀ ਵੱਧ ਸੀਟਾਂ ਜਿੱਤ ਗਈ।

ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 38.50 ਫੀਸਦੀ ਵੋਟਾਂ ਲੈ ਕੇ 77 ਸੀਟਾਂ ਜਿੱਤੀਆਂ। ਆਮ ਆਦਮੀ ਪਾਰਟੀ ਨੇ 23.72 ਫੀਸਦੀ ਵੋਟਾਂ ਲੈ ਕੇ 20 ਸੀਟਾਂ, ਸ਼੍ਰੋਮਣੀ ਅਕਾਲੀ ਦਲ (ਬ) ਨੇ 25.24 ਫੀਸਦੀ ਵੋਟਾਂ ਲੈ ਕੇ 15 ਸੀਟਾਂ, ਭਾਜਪਾ ਨੇ 5.39 ਫੀਸਦੀ ਵੋਟਾਂ ਲੈ ਕੇ 3 ਸੀਟਾਂ, ਲੋਕ ਇਨਸਾਫ ਪਾਰਟੀ ਨੇ 1.23 ਫੀਸਦੀ ਵੋਟਾਂ ਲੈ ਕੇ 2 ਸੀਟਾਂ ਜਿੱਤੀਆਂ। ਹੋਰ ਪਾਰਟੀਆਂ ਨੇ 6.92 ਫੀਸਦੀ ਵੋਟਾਂ ਤਾਂ ਲਈਆਂ ਪਰ ਕੋਈ ਵੀ ਸੀਟ ਨਹੀਂ ਜਿੱਤ ਸਕੀਆਂ।

ਆਮ ਤੌਰ ‘ਤੇ ਪੰਜਾਬ ਵਿਚ 1967 ਵਿਚ ਪੰਜਾਬੀ ਸੂਬਾ ਬਨਣ ਉਪਰੰਤ ਸੂਬੇ ਵਿਚ ਸਿਰਫ਼ ਇਕੋ ਵੇਰ ਹੀ ਉਸੇ ਪਾਰਟੀ ਦੀ ਸਰਕਾਰ ਬਣੀ, ਜਿਸ ਪਾਰਟੀ ਦੀ ਪਹਿਲਾਂ ਸੀ। ਨਹੀਂ ਤਾਂ ਇਕ ਵੇਰ ਕਾਂਗਰਸ ਅਤੇ ਦੂਜੀ ਵੇਰ ਸ਼੍ਰੋਮਣੀ ਦਲ (ਬਾਦਲ) ਜਾਂ ਉਸਦੇ ਭਾਈਵਾਲ ਪੰਜਾਬ ਸਰਕਾਰ ਤੇ ਕਾਬਜ਼ ਹੋਏ। ਸਿਰਫ਼ ਸਾਲ 2012 ’ਚ ਸ਼੍ਰੋਮਣੀ ਅਕਾਲੀ ਦਲ 2007 ਤੋਂ ਬਾਅਦ ਫਿਰ ਪੰਜ ਸਾਲਾਂ ਲਈ ਜਿੱਤ ਪ੍ਰਾਪਤ ਕਰ ਸਕਿਆ। ਹੁਣ ਸਵਾਲ ਪੈਂਦਾ ਹੁੰਦਾ ਹੈ ਕਿ ਕੀ ਦੋ ਧਿਰਾਂ ’ਚ ਵੰਡੀ ਕਾਂਗਰਸ, ਮੁੜ ਪੰਜਾਬ ਵਿਚ ਦੁਬਾਰਾ ਸਰਕਾਰ ਬਨਾਉਣ ਦਾ ਇਤਿਹਾਸ ਜਾਤੀ-ਵੰਡ ਦੀ ਰਾਜਨੀਤੀ ਅਪਨਾ ਕੇ ਸਿਰਜ ਸਕੇਗੀ? ਸ਼ਾਇਦ ਇਸੇ ਕਰਕੇ ਹੀ ਵੱਖੋਂ-ਵੱਖਰੀਆਂ ਸਮਾਜਿਕ ਪਿੱਠ ਭੂਮੀ ’ਚੋਂ ਵੋਟਰਾਂ ਨੂੰ ਆਪਣੇ ਨਾਲ ਕਰਨ ਲਈ ਉਸਨੇ ਚਾਰ ਵੱਖੋਂ-ਵੱਖਰੀਆਂ ਜਾਤਾਂ ’ਚੋਂ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨ ਨਿਯੁੱਕਤ ਕੀਤੇ ਹਨ।

ਆਉ ਜ਼ਰਾ ਨਜ਼ਰ ਮਾਰੀਏ ਕਿ ਵੱਖ-ਵੱਖ ਜਾਤਾਂ ਉੱਤੇ ਵੱਖੋਂ-ਵੱਖਰੀਆਂ ਰਾਜਸੀ ਪਾਰਟੀਆਂ ਦਾ ਕਿਹੋ ਜਿਹਾ ਪ੍ਰਭਾਵ ਚੋਣਾਂ ਦੌਰਾਨ ਵੇਖਣ ਨੂੰ ਮਿਲਦਾ ਰਿਹਾ ਹੈ।ਪੰਜਾਬ ਵਿਚ ਜੱਟ ਸਿੱਖਾਂ ਦੀ ਅਬਾਦੀ ਭਾਵੇਂ ਘੱਟ ਹੈ, ਲੇਕਿਨ ਆਰਥਿਕ, ਸਮਾਜਕ ਅਤੇ ਰਾਜਨੀਤਕ ਰੂਪ ਵਿਚ ਉਹਨਾ ਦਾ ਵੱਡਾ ਪ੍ਰਭਾਵ ਰਿਹਾ ਹੈ। ਪੰਜਾਬ ਵਿਚ 1967 ਤੋਂ ਬਾਅਦ ਬਣੇ ਮੁੱਖ ਮੰਤਰੀ ਬਹੁਤਾ ਕਰਕੇ ਜੱਟ ਸਿੱਖ ਹੀ ਰਹੇ ਹਨ। ਇਹਨਾਂ ਵਿਚ ਪ੍ਰਕਾਸ਼ ਸਿੰਘ ਬਾਦਲ ਪੰਜ ਵੇਰ, ਕੈਪਟਨ ਅਮਰਿੰਦਰ ਸਿੰਘ ਦੋ ਵੇਰ, ਜਸਟਿਸ, ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ, ਸ਼ਾਮਲ ਹਨ। ਸਿਰਫ਼ ਗਿਆਨੀ ਜੈਲ ਸਿੰਘ ਹੀ ਇਸ ਸਮੇਂ ਦੌਰਾਨ ਗੈਰ ਜੱਟ ਮੁੱਖ ਮੰਤਰੀ ਬਣੇ।

ਆਮ ਤੌਰ ‘ਤੇ ਜੱਟ ਸਿੱਖ ਅਕਾਲੀ ਦਲ ਦੇ ਸਮਰਥਕ ਰਹੇ ਹਨ। ਲੇਕਿਨ 2017 ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਉਹਨਾ ’ਚ ਪੈਂਠ ਬਣਾਈ। ਜੱਟ ਸਿੱਖਾਂ ਵਿਚ ਕਾਂਗਰਸ ਹਰਮਨ ਪਿਆਰੀ ਨਹੀਂ ਹੈ।ਸੂਬੇ ਦੇ ਹੋਰ ਪਿਛੜੀਆਂ ਜਾਤਾਂ (ਬੀ ਸੀ ਅਤੇ ੳ ਬੀ ਸੀ) ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ’ਚ ਵੰਡੇ ਜਾਂਦੇ ਰਹੇ ਹਨ।ਇਹਨਾ ਦੋਹਾਂ ਪਾਰਟੀਆਂ ਨੂੰ ਇਹਨਾ ਜਾਤਾਂ ਦੇ ਬਰਾਬਰ ਵੋਟ ਮਿਲਦੇ ਹਨ। ਕਾਂਗਰਸ ਦਲਿਤ ਸਿੱਖਾਂ ਅਤੇ ਹਿੰਦੂ ਦਲਿਤਾਂ ਵਿਚ ਆਪਣੀ ਸਾਖ ਬਨਾਉਣ ’ਚ ਕਾਮਯਾਬ ਰਹੀ ਹੈ।

ਦਲਿਤ ਹੋਣ ਜਾਂ ਗੈਰ ਦਲਿਤ, ਪੰਜਾਬ ਦੇ ਹਿੰਦੂਆਂ ਨੇ ਪਿਛਲੀਆਂ ਕੁਝ ਚੋਣਾਂ ’ਚ ਵੱਡੀ ਗਿਣਤੀ ’ਚ ਕਾਂਗਰਸ ਨੂੰ ਵੋਟ ਦਿਤਾ ਹੈ। ਇਹਨਾ ਸਿਆਸੀ ਸਮੀਕਰਨਾਂ ਦੇ ਮੱਦੇ ਨਜ਼ਰ ਕਾਂਗਰਸ ਨੇ ਕੁਲਜੀਤ ਸਿੰਘ ਨਾਗਰਾ ਜੋ ਜੱਟ ਸਿੱਖ ਹਨ, ਜੱਟ ਸਿੱਖਾਂ ਦੀਆਂ ਵੋਟਾਂ ਖਿੱਚਣ ਲਈ, ਪਵਨ ਗੋਇਲ ਨੂੰ ਹਿੰਦੂ ਵੋਟਾਂ ਤੇ ਪਕੜ ਬਣਾਈ ਰੱਖਣ ਲਈ, ਸੁਖਵਿੰਦਰ ਸਿੰਘ ਡੈਨੀ ਨੂੰ ਦਲਿਤਾਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਅਤੇ ਲੁਬਾਣਾ ਜਾਤ ਦੇ ਸੰਗਤ ਸਿੰਘ ਗਿਲਜੀਆਂ ਨੂੰ ਪੱਛੜੀਆਂ ਸ਼੍ਰੇਣੀਆਂ ਦੀਆਂ ਵੋਟਾਂ ਆਪਣੇ ਨਾਲ ਕਰਨ ਲਈ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਣਾਇਆ ਹੈ। ਸ਼ਾਇਦ ਕਾਂਗਰਸ ਦੇ ਇਤਹਾਸ ਵਿੱਚ ਇਹ ਪਹਿਲੀ ਵੇਰ ਵਾਪਰਿਆ ਹੋਵੇ।

2022 ਦੀਆਂ ਚੋਣਾਂ ‘ਚ ਜੇਕਰ ਦਲਿਤ, ਆਮ ਆਦਮੀ ਪਾਰਟੀ ਵੱਲ ਚਲੇ ਗਏ, ਜਿਵੇਂ 2017 ਦੀਆਂ ਚੋਣਾਂ ‘ਚ ਹੋਇਆ ਸੀ ਤਾਂ ਕਾਂਗਰਸ ਦਾ ਨੁਕਸਾਨ ਹੋਏਗਾ। 2022 ਦੀਆਂ ਚੋਣਾਂ ਜਿੱਤਣ ਲਈ ਉਸਨੂੰ ਹਿੰਦੂਆਂ ਅਤੇ ਦਲਿਤਾਂ ਉਤੇ ਪਕੜ ਬਣਾਈ ਰੱਖਣੀ ਹੋਏਗੀ। ਕਿਉਂਕਿ ਚੋਣ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਤਰਨ ਨਾਲ ਉਸਦੇ ਹਿੰਦੂ ਜਨ ਅਧਾਰ ਨੂੰ ਖ਼ਤਰਾ ਹੋਏਗਾ। ਭਾਜਪਾ ਭਲੇ ਹੀ ਪੰਜਾਬ ‘ਚ ਗੰਭੀਰ ਰਾਜਨੀਤਕ ਖਿਡਾਰੀ ਨਾ ਹੋਵੇ ਲੇਕਿਨ ਫਿਰ ਵੀ ਉਹ ਕੁਝ ਵੋਟ ਆਪਣੇ ਵੱਲ ਕਰ ਸਕਦੀ ਹੈ। ਇਸ ਵੇਰ ਕਿਸਾਨ ਅੰਦੋਲਨ ਨੂੰ ਢਾਅ ਲਾਉਣ ਲਈ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਰ ਹਰਬਾ ਵਰਤੇਗੀ, ਕਿਉਂਕਿ ਕਿਸਾਨਾਂ ਵਲੋਂ ਭਾਜਪਾ ਦਾ ਪੰਜਾਬ ਵਿੱਚ ਹੀ ਨਹੀਂ ਦੂਜੇ ਸੂਬਿਆਂ ਵਿੱਚ ਬਾਈਕਾਟ ਜਾਰੀ ਹੈ ਅਤੇ ਭਾਜਪਾ ਦੀ ਕੇਂਦਰੀ ਹਕੂਮਤ ਵੀ ਸਮਝਦੀ ਹੈ ਕਿ ਉਸਦੇ ਅਕਸ ਨੂੰ ਵਿਸ਼ਵ ਪੱਧਰ ‘ਤੇ ਖ਼ਰਾਬ ਕਰਨ ਲਈ ਖ਼ਾਸ ਕਰਕੇ ਪੰਜਾਬ ਦਾ ਕਿਸਾਨ ਅਤੇ ਕਿਸਾਨ ਨੇਤਾ ਜ਼ੁੰਮੇਵਾਰ ਹਨ।

2022 ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਜਾਤੀ ਸਮੀਕਰਨ ਵੱਡਾ ਰੋਲ ਅਦਾ ਕਰ ਸਕਦੇ ਹਨ, ਪਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਤੇ ਫ਼ਸਲਾਂ ਦੇ ਘੱਟੋ-ਘੱਟ ਮੁੱਲ ਨਿਰਧਾਰਤ ਕਰਨ ਲਈ ਕਾਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ ਆਰੰਭਿਆ ਕਿਸਾਨ ਅੰਦੋਲਨ ਵੀ ਇਹਨਾ ਚੋਣਾਂ ‘ਚ ਸਿੱਧੇ-ਅਸਿੱਧੇ ਤੌਰ ‘ਤੇ ਅਸਰ ਪਾਏਗਾ।

ਪੰਜਾਬ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦਲਿਤ ਪੱਤਾ ਖੇਡਕੇ ਸਿਆਸੀ ਤਾਕਤ ਹਥਿਆਉਣਾ ਚਾਹੁੰਦੀਆਂ ਹਨ। ਸਿਰਫ਼ ਦਲਿਤ ਸਮਾਜ ਹੀ ਨਹੀਂ, ਸਗੋਂ ਹਰ ਜਾਤ ਵਰਗ ਦੇ ਲੋਕ ਵੱਖੋ-ਵੱਖਰੀਆਂ ਪਾਰਟੀਆਂ ਨਾਲ ਜੁੜੇ ਹੋਏ ਹਨ ਅਤੇ ਆਪਣੀ ਭੂਮਿਕਾ ਨਿਭਾਉਣਗੇ।

ਪਰ ਜਾਤ ਧਰਮ ਅਧਾਰਤ ਰਾਜਨੀਤੀ, ਪੰਜਾਬ ਦੇ ਭਵਿੱਖ ਲਈ ਘਾਤਕ ਸਿੱਧ ਹੋਵੇਗੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ‘ਚ ਵਿਗਾੜ ਪੈਦਾ ਕਰੇਗੀ, ਇਸ ਗੱਲ ਦਾ ਖਦਸ਼ਾ ਹੈ।

ਸੰਪਰਕ: 9815802070

Check Also

ਭ੍ਰਿਸ਼ਟਾਚਾਰ ਅਤੇ ਡਰੱਗ ਦੇ ਮੁੱਦੇ ਉੱਪਰ ਟਕਰਾਅ ਕਿਉਂ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦਾ ਇੱਕ ਸਾਲ ਮੁਕੰਮਲ …

Leave a Reply

Your email address will not be published. Required fields are marked *