Home / ਓਪੀਨੀਅਨ / ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ! ਕੈਪਟਨ ਦੀ ਯੂ ਟਰਨ

ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ! ਕੈਪਟਨ ਦੀ ਯੂ ਟਰਨ

-ਜਗਤਾਰ ਸਿੰਘ ਸਿੱਧੂ, (ਐਡੀਟਰ);

ਹੁਣ ਸਭ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਲਕੇ ਚੰਡੀਗੜ੍ਹ ਵਿਚ ਹੋਣ ਜਾ ਰਹੇ ਤਾਜਪੋਸ਼ੀ ਸਮਾਗਮ ‘ਤੇ ਲੱਗੀਆਂ ਹੋਈਆਂ ਹਨ। ਜਿੱਥੇ ਸਿੱਧੂ ਦੇ ਹਮਾਇਤੀਆਂ ਦਾ ਸਮਾਗਮ ਲਈ ਉਤਸ਼ਾਹ ਅਤੇ ਜੋਸ਼ ਹੈ ਉਥੇ ਇਹ ਸਵਾਲ ਵੀ ਸਵਾਲ ਵੀ ਹੱਲ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਭਵਨ ਸਿੱਧੂ ਨੂੰ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾਉਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ?

ਇਸ ਦੀ ਅਹਿਮੀਅਤ ਇਸ ਕਰਕੇ ਵੀ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ ਦੇ ਆਪਣੇ ਹੀ ਪਾਰਟੀ ਪ੍ਰਧਾਨ ਦੇ ਕੁਰਸੀ ਸੰਭਾਲਣ ਦੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਣ ਬਾਰੇ ਸਵਾਲੀਆ ਚਿੰਨ੍ਹ ਲੱਗਾ ਹੋਇਆ ਸੀ। ਹਾਲਾਂਕਿ ਕਾਂਗਰਸ ਦੇ ਸੂਤਰਾਂ ਅਨੁਸਾਰ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਵਲੋ ਮੁੱਖ ਮੰਤਰੀ ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਵਤੀਰੇ ਵਿਚ ਵੀ ਤਬਦੀਲੀ ਦਿਖਾਈ ਗਏ ਹੈ। ਮੁੱਖ ਮੰਤਰੀ ਦਾ ਜਿਹੜਾ ਮੀਡੀਆ ਵਿਚ ਬਿਆਨ ਸਾਹਮਣੇ ਆਇਆ ਹੈ, ਉਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਕਦੇ ਵੀ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਵਿਰੁੱਧ ਵਰਤੀ ਸ਼ਬਦਾਵਾਲੀ ਲਈ ਸਿੱਧੂ ਨੂੰ ਮਾਫੀ ਮੰਗਣ ਲਈ ਕਿਹਾ ਹੈ।

ਉਂਜ ਪਾਰਟੀ ਦੇ ਕੁੱਝ ਵਿਧਾਇਕਾਂ ਅਤੇ ਆਗੂਆਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਭਲਕ ਦੇ ਸਮਾਗਮ ਤੋਂ ਪਹਿਲਾਂ ਪਹਿਲਾਂ ਕਿਵੇਂ ਅਮਰਿੰਦਰ ਦੀ ਨਰਾਜ਼ਗੀ ਦੂਰ ਕਰਨ ਲਈ ਕੋਈ ਰਾਹ ਕੱਢ ਲਿਆ ਜਾਵੇ। ਪਾਰਟੀ ਦੇ ਸੀਨੀਅਰ ਆਗੂ ਵੀ ਇਹ ਮੰਨਦੇ ਹਨ ਕਿ ਜੇਕਰ ਕੈਪਟਨ ਅਤੇ ਸਿੱਧੂ ਦਾ ਟਕਰਾਅ ਬਣਿਆ ਰਿਹਾ ਤਾਂ ਇਹ ਪਾਰਟੀ ਲਈ ਨੁਕਸਾਨਦੇਹ ਹੋਏਗਾ।ਪ੍ਰਧਾਨਗੀ ਦਾ ਐਲਾਨ ਹੋਣ ਤੋਂ ਬਾਅਦ ਨਵਜੋਤ ਸਿੱਧੂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਏ ਅਤੇ ਬਹੁਤ ਸਾਰੇ ਆਗੂਆਂ ਤੇ ਵਿਧਾਇਕਾਂ ਨਾਲ ਮੁਲਾਕਾਤਾਂ ਕੀਤੀਆਂ ਹਨ। ਇਸ ਸਾਰੇ ਸਮੇਂ ਦੌਰਾਨ ਕੈਪਟਨ ਵੱਲੋਂ ਸਿੱਧੂ ਤੋਂ ਦੂਰੀ ਬਣਾਈ ਗਈ ਹੈ ਪਰ ਸਿੱਧੂ ਦੇ ਅਹੁਦਾ ਸੰਭਾਲਣ ਦੇ ਪ੍ਰੋਗਰਾਮ ਸਬੰਧੀ ਮੁੱਖ ਮੰਤਰੀ ਦਾ ਹਾਂ-ਪੱਖੀ ਰਵਈਆ ਪੰਜਾਬ ਵਿਚ ਕਾਂਗਰਸ ਦਾ ਭਵਿਖ ਤੈਅ ਕਰੇਗਾ।

ਇਹ ਸਹੀ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਨੇ ਭਰਵੀਂ ਹਮਾਇਤ ਦਿੱਤੀ ਹੈ ਪਰ ਵਿਧਾਨ ਸਭਾ ਚੋਣ ਜਿੱਤਣ ਲਈ ਪਾਰਟੀ ਦਾ ਇਕਮੁੱਠ ਚੇਹਰਾ ਬਹੁਤ ਅਹਿਮੀਅਤ ਰਖਦਾ ਹੈ। ਦੂਜੇ ਪਾਸੇ ਪਾਰਟੀ ਹਾਈ ਕਮਾਂਡ ਨੇ ਵੀ ਸ਼ਪਸ਼ਟ ਕਰ ਦਿੱਤਾ ਹੈ ਕਿ ਸਿੱਧੂ ਦੀ ਅਹਿਮ ਭੁਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸੇ ਲਈ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜ਼ੀਆ ਨੇ ਫਾਰਮ ਹਾਊਸ ‘ਤੇ ਜਾ ਕੇ ਮੁੱਖ ਮੰਤਰੀ ਨੂੰ ਸਮਾਗਮ ਦਾ ਸੱਦਾ ਦਿੱਤਾ ਹੈ। ਨਵਜੋਤ ਸਿੱਧੂ ਅਤੇ ਕੈਪਟਨ ਨੂੰ ਲੈ ਕੇ ਕਾਂਗਰਸ ਦੇ ਮਾਮਲੀਆਂ ਬਾਰੇ ਮੀਡੀਆ ਅਤੇ ਰਾਜਸੀ ਹਲਕਿਆਂ ਵਿਚ ਬਹੁਤ ਚਰਚਾ ਹੋਈ ਹੈ ਅਤੇ ਹੋ ਰਹੀ ਹੈ। ਇਸ ਸਾਰੇ ਘਟਨਾਕ੍ਰਮ ਵਿਚ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਭੁਮਿਕਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਖਾਸ ਤੌਰ ਤੇ ‘ਮਾਝਾ ਬਿਗ੍ਰੇਡ’ ਪਿਛਲੇ ਕੁਝ ਸਾਲਾਂ ਤੋਂ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਬਹੁਤ ਪ੍ਰਭਾਵ ਰੱਖ ਰਹੀ ਹੈ।

ਪ੍ਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਬਣੇ ਸਨ ਤਾਂ ਇਸ ਮਾਝਾ ਬ੍ਰਿਗੇਡ ਨੇ ਆਪਣਾ ਰੰਗ ਵਿਖਾਇਆ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿਚ ਪਿੱਛੇ ਕਰਕੇ ਸਿੱਧੂ ਨੂੰ ਪ੍ਰਧਾਨ ਬਨਾਉਣ ਵਿਚ ਵੀ ਇਹ ਧਿਰ ਡੱਟ ਕੇ ਨਾਲ ਖੜ੍ਹੀ ਹੈ। ਇਨ੍ਹਾਂ ਵਿਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਝੇ ਦੇ ਕਈ ਹੋਰ ਨੇਤਾ ਸ਼ਾਮਲ ਹਨ। ਹਾਲਾਂਕਿ ਪਹਿਲਾਂ ਇਹ ਸਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਸਨ। ਮੌਜ਼ੂਦਾ ਪ੍ਰਸਥਿਤੀਆਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਦੇ ਅੰਦਰ ਅਤੇ ਵਿਧਾਇਕਾਂ ਵਿਚ ਹਮਾਇਤ ਨੂੰ ਵੀ ਤੱਗੜਾ ਝਟਕਾ ਲੱਗ ਚੁੱਕਾ ਹੈ। ਕਾਂਗਰਸ ਹਾਈ ਕਮਾਂਡ ਨੇ ਕੈਪਟਨ ਦੇ ਸਿੱਧੂ ਬਾਰੇ ਵਿਰੋਧ ਨੂੰ ਪਾਸੇ ਰੱਖ ਕੇ ਨਿਯੁਕਤੀ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਲਈ ਵੀ ਟਕਰਾਅ ਵਾਲਾ ਮਾਹੌਲ ਵਧੇਰੇ ਮੁਸ਼ਕਲਾਂ ਖੜੀਆਂ ਕਰ ਸਕਦਾ ਸੀ। ਇਹ ਵੀ ਸਾਫ ਹੈ ਕਿ ਸਿੱਧੂ ਦੀ ਨਿਯੁਕਤੀ ਤੋਂ ਬਾਅਦ ਅਗਲੇ ਕੁਝ ਦਿਨ ਕਾਂਗਰਸ ਦੇ ਭਵਿੱਖ ਲਈ ਬਹੁਤ ਅਹਿਮ ਹਨ ਜਿਹੜੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾਮਲਾ ਤੈਅ ਕਰਨਗੇ। ਕਾਂਗਰਸ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਮੁੱਖ ਮੰਤਰੀ ਦਫਤਰ ਵਲੋਂ ਪਾਰਟੀ ਵਿਧਾਇਕਾਂ ਨੂੰ ਕੱਲ੍ਹ ਸਵੇਰੇ 10 ਵਜੇ ਪੰਜਾਬ ਭਵਨ ਚੰਡੀਗੜ੍ਹ ਵਿੱਚ ਚਾਹ ‘ਤੇ ਬੁਲਾ ਲਿਆ ਹੈ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕਾਂ ਦਾ ਕਾਫਲਾ ਕਾਂਗਰਸ ਭਵਨ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਏਗਾ।

ਸੰਪਰਕ: 9814002186

Check Also

ਡਿਜੀਟਲ ਮੀਡੀਆ ਲਈ ਐਥਿਕਸ ਕੋਡ (ਨੈਤਿਕ ਜ਼ਾਬਤਾ): ਸਹੀ ਦਿਸ਼ਾ ਵੱਲ ਇੱਕ ਕਦਮ

-ਰਾਜੀਵ ਰੰਜਨ ਰਾਏ; ਇਹ ਯਕੀਨੀ ਬਣਾਉਣਾ ਬਹੁਤ ਅਹਿਮ ਹੈ ਕਿ ਡਿਜੀਟਲ ਮੀਡੀਆ ਪਲੈਟਫਾਰਮਸ ਆਪਣੀ ਟਿਕਾਊ …

Leave a Reply

Your email address will not be published. Required fields are marked *