ਸੰਗਰੂਰ : ਢੀਂਡਸਾ ਪਰਿਵਾਰ ਨੇ ਅਕਾਲੀ ਦਲ ਵਿਰੁੱਧ ਸਖਤ ਰੁੱਖ ਅਪਣਾਇਆ ਹੈ ਅਤੇ ਉਹ ਲਗਾਤਾਰ ਪਾਰਟੀ ਵਿਰੁੱਧ ਬਿਆਨਬਾਜੀਆਂ ਕਰ ਰਹੇ ਹਨ। ਜਿਸ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਛੋਟੇ ਢੀਂਡਸਾ ਯਾਨੀ ਪਰਮਿੰਦਰ ਸਿੰਘ ਢੀਂਡਸਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਛੋਟੇ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਬਲਕਿ ਉਨ੍ਹਾਂ ਨੂੰ ਅਕਾਲੀ ਦਲ ‘ਚੋਂ ਕੱਢਿਆ ਗਿਆ ਹੈ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਪਾਰਟੀ ਦੇ ਨਾਮ ਤੋਂ ਵਿਧਾਇਕ ਨਹੀਂ ਬਣੇ ਬਲਕਿ ਲੋਕਾਂ ਨੇ ਉਨ੍ਹਾਂ ਦੇ ਹੱਕ ‘ਚ ਫਤਵਾ ਦਿੱਤਾ ਹੈ ਅਤੇ ਜੇਕਰ ਉਹ ਪਾਰਟੀ ਦੇ ਨਾਮ ਤੋਂ ਵਿਧਾਇਕ ਬਣੇ ਹੁੰਦੇ ਤਾਂ ਅਕਾਲੀ ਦਲ ਦੀਆਂ 117 ‘ਚੋਂ 100 ਸੀਟਾਂ ਆਉਂਣੀਆਂ ਚਾਹੀਦੀਆਂ ਸਨ। ਇੱਥੇ ਹੀ ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਲੋਕ ਤੱਕੜੀ ਚੋਣ ਨਿਸ਼ਾਨ ਨਾਲ ਜੁੜੇ ਹੋਏ ਹਨ ਅਤੇ ਇਹ ਚੋਣ ਨਿਸ਼ਾਨ ਕਿਸ ਕੋਲ ਰਹੇਗਾ ਤਾਂ ਉਨ੍ਹਾਂ ਕਿਹਾ ਕਿ ਲੋਕ ਚੋਣ ਨਿਸ਼ਾਨ ਨਾਲ ਨਹੀਂ ਬਲਕਿ ਸੋਚ ਨਾਲ ਜੁੜੇ ਹੋਏ ਹਨ।
ਛੋਟੇ ਢੀਂਡਸਾ ਨੇ ਬੋਲਦਿਆਂ ਕਿਹਾ ਕਿ ਜਿਹੜੀ ਬਿਆਨਬਾਜੀ ਸੁਖਬੀਰ ਬਾਦਲ ਵੱਲੋਂ ਸੰਗਰੂਰ ਰੈਲੀ ‘ਚ ਕੀਤੀ ਗਈ ਉਹ ਉਨ੍ਹਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ ਪਰ ਉਨ੍ਹਾਂ ਨੂੰ ਕੋਈ ਵੀ ਅੱਜ ਸੀਰੀਅਸ ਨਹੀਂ ਲੈਂਦਾ।