ਨੇਤਾ ਜੀ ਸੁਭਾਸ਼ ਚੰਦਰ ਬੋਸ: ਜੋਸ਼ੀਲੇ ਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਹਾਮੀ

TeamGlobalPunjab
4 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਦੇਸ਼ ਦੀ ਆਜ਼ਾਦੀ ਵਿੱਚ ਚਲੀਆਂ ਇਨਕਲਾਬੀ ਲਹਿਰਾਂ ਵਿੱਚ ਆਜ਼ਾਦ ਹਿੰਦ ਫੌਜ ਦਾ ਅਹਿਮ ਯੋਗਦਾਨ ਹੈ। ਇਸ ਦੇ ਮੋਹਨ ਸਿੰਘ ਤੇ ਸੁਭਾਸ਼ ਚੰਦਰ ਬੋਸ ਦੋ ਮੁੱਖ ਆਗੂ ਸਨ। “ਤੁਸੀਂ ਆਪਣਾ ਖੂਨ ਦੇਵੋ, ਮੈਂ ਆਜ਼ਾਦੀ ਲੈ ਕੇ ਦੇਵਾਂਗਾ” ਦਾ ਨਾਅਰਾ ਲਾਉਣ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਉੜੀਸਾ ਦੇ ਸ਼ਹਿਰ ਕੱਟਕ ਵਿੱਚ ਇਕ ਬੰਗਾਲੀ ਪਰਿਵਾਰ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਂ ਪਰਭਾਵਤੀ ਤੇ ਪਿਤਾ ਦਾ ਨਾਂ ਜਾਨਕੀਦਾਸ ਬੋਸ ਸੀ ਜੋ ਪ੍ਰਸਿੱਧ ਵਕੀਲ ਸਨ।

ਸੁਭਾਸ਼ ਚੰਦਰ ਬੋਸ 14 ਭੈਣ ਭਰਾ ਜਿਨ੍ਹਾਂ ਵਿੱਚੋਂ ਛੇ ਭੈਣਾਂ ਤੇ ਸੱਤ ਭਰਾ ਸਨ। ਨੇਤਾ ਜੀ ਨੇ ਮੁੱਢਲੀ ਵਿੱਦਿਆ ਕੱਟਕ ਦੇ ਸਕੂਲ ਤੇ ਕਲਕੱਤਾ ਦੇ ਪਰੈਜੀਡੈਂਸੀ ਕਾਲਜ ਤੋਂ ਕੀਤੀ। ਇਸ ਤੋਂ ਬਾਅਦ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਭੇਜ ਦਿੱਤਾ। 1921 ਵਿੱਚ ਅੰਗਰੇਜ਼ ਸਰਕਾਰ ਖਿਲਾਫ ਆਜ਼ਾਦੀ ਵਾਸਤੇ ਵੱਧ ਰਹੀਆਂ ਸਰਗਰਮੀਆਂ ਦੀਆਂ ਖਬਰਾਂ ਸੁਣ ਕੇ ਪੜ੍ਹਾਈ ਛੱਡ ਕੇ ਵਾਪਸ ਦੇਸ਼ ਪਰਤ ਆਏ। ਇਥੇ ਸਿਵਲ ਸਰਵਿਸ ਛੱਡ ਕੇ ਕਾਂਗਰਸ ਨਾਲ ਜੁੜ ਗਏ। ਉਨ੍ਹਾਂ ਦੇ ਉਦਾਰਵਾਦੀ ਵਿਚਾਰ ਮਹਾਤਮਾ ਗਾਂਧੀ ਨਾਲ ਨਹੀਂ ਰਲਦੇ ਸਨ ਕਿਉਕਿ ਉਹ ਜੋਸ਼ੀਲੇ ਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਸਨ।

ਪਹਿਲੇ ਵਿਸ਼ਵ ਯੁੱਧ ਦੌਰਾਨ ਕਾਮਰੇਡ ਲੈਨਿਨ ਦੀ ਅਗਵਾਈ ਹੇਠ ਰੂਸ ਦੀ ਜਨਤਾ ਨੇ ਜਾਰ ਸ਼ਾਹੀ ਤੋਂ ਮੁਕਤੀ ਪਾਈ ਸੀ ਤੇ ਹਰ ਮਰਦ ਔਰਤ ਦੇ ਰੋਜ਼ਗਾਰ ਲਈ ਜਿੰਮੇਵਾਰ ਸਰਕਾਰ ਬਣਾਈ ਸੀ। ਨੇਤਾ ਜੀ ਇਤਿਹਾਸ ਦੀ ਇਸ ਅਨੋਖੀ ਤੇ ਨਿਵੇਕਲੀ ਘਟਨਾ ਤੋਂ ਸਿੱਖਿਆ ਲੈ ਕੇ ਦੂਜੇ ਵਿਸ਼ਵ ਯੁੱਧ ਵਿੱਚ ਉਹੋ ਕੁੱਝ ਕਰਨਾ ਚਾਹੁੰਦੇ ਸਨ ਜੋ ਪਹਿਲੇ ਯੁੱਧ ਸਮੇਂ ਹੋਇਆ ਸੀ।

- Advertisement -

ਇਸ ਉਦੇਸ਼ ਲਈ ਉਨ੍ਹਾਂ ਨੇ ਪੰਜਾਬ ਦੀ ਕਿਰਤੀ ਪਾਰਟੀ ਨਾਲ ਸੰਪਰਕ ਕੀਤਾ ਸੀ। ਉਹ ਦੇਸ਼ ਵਿੱਚੋਂ ਨਿਕਲ ਕੇ ਰੂਸ ਨਾਲ ਸੰਪਰਕ ਕਰਨ ਲਈ ਕਾਬਲ ਪਹੁੰਚੇ। ਕੁਝ ਬੇਵੀਸੀ ਵਾਲੀਆਂ ਹਾਲਤਾਂ ਕਾਰਨ ਉਹ ਜਰਮਨੀ ਦੇ ਸੰਪਰਕ ਵਿਚ ਆ ਗਏ। ਜਦ ਉਹ1938 ਵਿੱਚ ਕਾਂਗਰਸ ਦੇ ਮੁਖੀ ਬਣੇ ਤਾਂ ਗਾਂਧੀ ਨੇ ਕਿਹਾ ਇਹ ਮੇਰੀ ਹਾਰ ਹੈ। ਗਾਂਧੀ ਦੇ ਵਿਰੋਧ ਵਿੱਚ ਕਾਂਗਰਸ ਛੱਡ ਦਿੱਤੀ। ਦੂਜੀ ਜੰਗ ਸ਼ੁਰੂ ਹੋਣ ‘ਤੇ ਉਨ੍ਹਾਂ ਅੰਗਰੇਜ਼ਾਂ ਦੇ ਦੁਸ਼ਮਣਾਂ ਨਾਲ ਰਲ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਪਰ ਉਹ ਆਪਣੇ ਭਤੀਜੇ ਦੀ ਮਦਦ ਨਾਲ ਫਰਾਰ ਹੋ ਗਏ। ਉਸ ਸਮੇਂ ਨਾਜੀਵਾਦ ਤੇ ਹਿਟਲਰ ਦਾ ਨਿਸ਼ਾਨਾ ਇੰਗਲੈਂਡ ਸੀ। 1943 ਵਿੱਚ ਜਰਮਨੀ ਤੇ ਫਿਰ ਜਪਾਨ ਪਹੁੰਚੇ। ਉਥੇ ਉਨ੍ਹਾਂ ਜਨਰਲ ਮੋਹਣ ਸਿੰਘ ਨਾਲ ਬਣਾਈ ਆਜ਼ਾਦ ਹਿੰਦ ਫੌਜ ਦੀ ਵਾਗਡੋਰ ਆਪਣੇ ਹੱਥ ਲੈ ਲਈ ਜੋ ਉਸ ਸਮੇਂ ਬੰਗਾਲੀ ਕ੍ਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਕੋਲ ਸੀ। ਉਨ੍ਹਾਂ ਕ੍ਰਾਂਤੀ ਨਾਲ ਆਜ਼ਾਦੀ ਲੈਣ ਵਾਸਤੇ 21 ਅਕਤੂਬਰ 1943 ਨੂੰ ਆਜਾਦ ਹਿੰਦ ਫੌਜ ਦਾ ਪੁਨਰ ਗਠਨ ਕੀਤਾ।

ਬਰਮਾ, ਸਿੰਗਾਪੁਰ, ਮਲੇਸ਼ੀਆ ਦੇਸ਼ਾਂ ਵਿੱਚ ਵਸਦੇ ਸੈਂਕੜੇ ਭਾਰਤੀ ਆਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਏ ਜੋ ਮੂਹਰਲੀਆਂ ਕਤਾਰਾਂ ਵਿੱਚ ਲੜੇ ਵੀ ਤੇ ਸ਼ਹੀਦ ਵੀ ਹੋਏ। ।4 ਜੁਲਾਈ 1944 ਨੂੰ ਨੇਤਾ ਜੀ ਸਾਥੀਆਂ ਨਾਲ ਬਰਮਾ ਪਹੁੰਚੇ। 18 ਅਗਸਤ 1945 ਨੂੰ ਟੋਕੀਓ ਜਾਂਦੇ ਹੋਏ ਹਵਾਈ ਜਹਾਜ਼ ਦੇ ਹਾਦਸੇ ਵਿਚ ਤਾਇਵਾਨ ਲਾਗੇ ਉਨ੍ਹਾਂ ਦੀ ‘ਸ਼ੱਕੀ’ ਹਾਲਤਾਂ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ‘ਮੌਤ’ ਅੱਜ ਤੱਕ ਬੁਝਾਰਤ ਬਣੀ ਹੋਈ ਹੈ। ਇਸ ਬਾਰੇ ਅੱਜ ਤੱਕ ਪੂਰੀ ਤੇ ਸਹੀ ਜਾਣਕਾਰੀ ਨਹੀਂ ਮਿਲ ਰਹੀ।

Share this Article
Leave a comment