ਨਵਜੋਤ ਸਿੱਧੂ ਹੋਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ? ਕੈਪਟਨ ਵੱਲੋਂ ਬੈਠਕਾਂ ਦਾ ਦੌਰ ਤੇਜ਼, ਪਲਟ ਜਾਵੇਗੀ ਸੂਬੇ ਦੀ ਸਿਆਸਤ

TeamGlobalPunjab
16 Min Read

ਕੁਲਵੰਤ ਸਿੰਘ

ਚੰਡੀਗੜ੍ਹ : ਅੱਜ ਸਵੇਰ ਹੋਣ ਸਾਰ ਜਿਹੜੀ ਸਭ ਤੋਂ ਪਹਿਲੀ ਖ਼ਬਰ ਉੱਡੀ ਉਹ ਇਹ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਗੱਲ ਦਾ ਰੌਲਾ ਪੈਂਦਿਆਂ ਹੀ ਕੀ ਮੀਡੀਆ ਜਗਤ ਤੇ ਕੀ ਸਿਆਸਤਦਾਨ ਸਾਰਿਆਂ ਨੇ ਹੀ ਆਪੋ ਆਪਣੇ ਸੂਤਰਾਂ ਕੋਲ ਘੰਟੀਆਂ ਖੜਕਾ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਆਖ਼ਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ। ਇਸ ਗੱਲ ਦਾ ਕੁੱਲ ਮਿਲਾ ਕੇ ਨਿਚੋੜ ਇਹ ਨਿੱਕਲਿਆ ਕਿ ਸਿੱਧੂ ਦੀ ਪ੍ਰਧਾਨਗੀ ਵਾਲੀ ਖ਼ਬਰ ਦੀ ਤਾਂ ਕਿਸੇ ਪਾਸੋਂ ਪੁਸ਼ਟੀ ਨਹੀਂ ਹੋ ਪਾਈ ਪਰ ਇਸ ਗੱਲ ਦੀ ਪੰਜਾਬ ਅੰਦਰ ਚਰਚਾ ਜਰੂਰ ਛਿੜ ਗਈ ਕਿ ਆਖ਼ਰ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਗੱਲ ਉੱਡੀ ਕਿੱਥੋਂ, ਕਿਉਂ ਤੇ ਕਿਵੇਂ? ਇਸ ਦੌਰਾਨ ਜਿੰਨੇ ਮੂੰਹ ਉੰਨੀਆਂ ਗੱਲਾਂ ਨੇ ਇਹ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਹਾਈ ਕਮਾਂਡ ਦੀ ਇੱਕ ਵੀ ਨਹੀਂ ਚੱਲਣ ਦਿੱਤੀ ਤੇ ਆਖਰਕਾਰ ਰਾਹੁਲ ਤੇ ਪ੍ਰਿਯੰਕਾ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਖੁੱਡੇ ਲਾਇਨ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਹਾਈ ਕਮਾਂਡ ਨੇ ਕਿਤੇ ਤਾਂ ਆਪਣੀ ਪਾਵਰ ਦਿਖਾਉਣੀ ਹੀ ਸੀ। ਲਿਹਾਜਾ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾ ਕੇ ਕੈਪਟਨ ਦੇ ਉੱਤੋਂ ਬਿਠਾਉਣ ਤੋਂ ਇਲਾਵਾ ਹਾਈ ਕਮਾਂਡ ਕੋਲ ਹੋਰ ਕੋਈ ਚਾਰਾ ਨਹੀਂ ਸੀ। ਇਸ ਦੌਰਾਨ ਸਵਾਲ ਇਹ ਉੱਠੇ ਕਿ ਜੇਕਰ ਸਿੱਧੂ ਨੂੰ ਪ੍ਰਧਾਨ ਲਾਉਣ ਵਾਲੀ ਗੱਲ ਸੱਚ ਹੋਈ ਤਾਂ ਕੈਪਟਨ ਧੜੇ ਨੂੰ ਇਹ ਗੱਲ ਹਜ਼ਮ ਕਿਵੇਂ ਹੋਵੇਗੀ ਤੇ ਕੀ ਆਉਂਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਨੀ ਚਾਹੀਦੀ ਹੈ? ਤੇ ਜੇਕਰ ਉਹ ਪ੍ਰਧਾਨਗੀ ਸੰਭਾਲਦੇ ਹਨ ਤਾਂ ਉਨ੍ਹਾਂ ਹਾਲਾਤਾਂ ਵਿੱਚ ਵੀ ਕੀ  ਕੈਪਟਨ ਧੜ੍ਹਾ ਜਿਮਨੀ ਚੋਣਾਂ ਜਿੱਤਣ ਲਈ ਉੰਨਾ ਹੀ ਜੋਰ ਲਾਵੇਗਾ ਜਿੰਨਾ ਜਿਮਨੀ ਚੋਣਾਂ ਦੌਰਾਨ ਸੱਤਾਧਾਰੀ ਪਾਰਟੀਆਂ ਅਕਸਰ ਲਾਇਆ ਕਰਦੀਆਂ ਹਨ?

ਇਹ ਸਾਰੇ ਸਵਾਲ ਇਸ ਲਈ ਉੱਠ ਖੜ੍ਹੇ ਹੋਏ ਹਨ ਕਿਉਂਕਿ ਜਿੰਨੇ ਮੂੰਹ ਉੰਨੀਆਂ ਗੱਲਾਂ ਵਾਲੇ ਲੋਕਾਂ ਅਨੁਸਾਰ  ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ‘ਚ ਹੀ ਨਹੀਂ ਹੋਰ ਵੀ ਕਈ ਅਜਿਹੇ ਫੈਸਲੇ ਲਏ ਹਨ ਜਿੰਨਾ ਬਾਰੇ ਦੋਸ਼ ਹੈ ਕਿ ਉਨ੍ਹਾਂ ਫੈਸਲਿਆਂ ਨਾਲ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਨਹੀਂ ਸੀ। ਇਹ ਜਿੰਨੇ ਮੂੰਹ ਉੰਨੀਆਂ ਗੱਲਾਂ ਵਾਲੇ ਲੋਕ ਕਹਿੰਦੇ ਹਨ ਕਿ ਸ਼ਾਇਦ ਇਹੋ ਕਾਰਨ ਹੈ ਕਿ ਹਾਈ ਕਮਾਂਡ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਪੂਰੀ ਖੁੱਲ੍ਹ ਦੇ ਰਿਹਾ ਹੈ ਕਿ ਜੇ ਆਪਣੀ ਹੀ ਮਰਜੀ ਹੈ ਤਾਂ ਫਿਰ ਜੋ ਦਿਲ ਆਉਂਦਾ ਹੈ ਉਹ ਕਰੋ। ਇੱਧਰ ਜਦੋਂ ਇਨ੍ਹਾਂ ਜਿੰਨੇ ਮੂੰਹ ਉੰਨੀਆਂ ਗੱਲਾਂ ਵਾਲੇ ਲੋਕਾਂ ਦੀਆਂ ਗੱਲਾਂ ਸੁਣੀਦੀਆਂ ਨੇ ਤਾਂ ਦਿਮਾਗ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਆਖ਼ਰ ਇਹ ਸਿਆਸੀ ਚੁਗਲਬਾਜ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹਨ? ਤੇ ਕੀ ਇਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਵਿੱਚ ਕੋਈ ਸੱਚਾਈ ਵੀ ਹੈ ਜਾਂ ਫਿਰ ਇਹ ਉੰਝ ਹੀ ਭਕਾਈ ਮਾਰ ਕੇ ਕੈਪਟਨ ਧੜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਇਸ ਦੌਰਾਨ ਦਿਮਾਗ ਫਲੈਸ਼ਬੈਕ ‘ਚ ਚਲਾ ਜਾਂਦਾ ਹੈ ਜਿੱਥੇ ਉਸ ਨੂੰ ਨਜਰ ਆਉਂਦਾ ਹੈ ਨਵਜੋਤ ਸਿੰਘ ਸਿੱਧੂ ਦਾ ਸਾਲ 2017 ਦੌਰਾਨ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣਾ। ਜਿੱਥੇ ਕੈਪਟਨ ਅਮਰਿੰਦਰ ਸਿੰਘ ਮੀਡੀਆ ਨੂੰ ਇਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਸਿੱਧੂ ਦਾ ਕਾਂਗਰਸ ਅੰਦਰ ਕੀ ਕੰਮ ਜਿਹੜਾ ਟੀ.ਵੀ ਅੱਗੇ ਬੈਠ ਕੇ ਹੱਸੀ ਜਾਂਦੈ।  ਇਸ ਫਲੈਸ਼ਬੈਕ ‘ਚ ਤਸਵੀਰ ਬਦਲਦੀ ਹੈ ਤੇ ਸਿੱਧੂ ਦੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਲੱਗਿਆਂ ਰਾਹੁਲ ਗਾਂਧੀ ਨਾਲ ਹੱਸਦੇ ਦੀ ਤਸਵੀਰ ਦਿਖਾਈ ਦਿੰਦੀ ਹੈ। ਇਸ ਦੌਰਾਨ ਤਸਵੀਰਾਂ ‘ਚ ਬੜੀ ਤੇਜੀ ਨਾਲ ਘਾਲਾ ਮਾਲਾ ਹੁੰਦਾ ਹੈ ਜਿਸ ਵਿੱਚ ਇੱਕ ਸੈਕਿੰਡ ਵਿੱਚ ਬਦਲੀਆਂ ਕਈ ਤਸਵੀਰਾਂ ਦਿਖਾਉਂਦੀਆਂ ਹਨ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਹਨ ਜਿੱਥੇ ਕਾਂਗਰਸ ਪਾਰਟੀ ਨੂੰ ਸੱਤਾ ਹਾਸਲ ਹੋ ਗਈ ਹੈ। ਫਿਰ ਕਿਸੇ ਅਖ਼ਬਾਰ ਦੀ ਕਟਿੰਗ ਦੀ ਤਸਵੀਰ ਸਾਹਮਣੇ ਆਉਂਦੀ ਹੈ ਜਿਸ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਸਿੱਧੂ ਨੂੰ ਪੰਜਾਬ ਦਾ ਉੱਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਜਿਸ ਦਾ ਕਿ ਕੈਪਟਨ ਅਮਰਿੰਦਰ ਸਿੰਘ ਹੁਰੀਂ ਵਿਰੋਧ ‘ਚ ਸਿਰ ਮਾਰਦੇ ਦਿਖਾਈ ਦਿੰਦੇ ਹਨ ਤੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਮੰਤਰੀ ਦਾ ਆਹੁਦਾ ਮਿਲਦਾ ਹੈ। ਫਲੈਸ਼ਬੈਕ ‘ਚ ਤਸਵੀਰਾਂ ਫਿਰ ਬਦਲਦੀਆਂ ਹਨ ਤੇ ਇਸ ਦੌਰਾਨ ਨਵਜੋਤ ਸਿੰਘ ਇੱਕ ਪੱਤਰਕਾਰ ਸੰਮੇਲਨ ਕਰਦੇ ਦਿਖਾਈ ਦਿੰਦੇ ਹਨ ਜਿਸ ਵਿੱਚ ਉਹ ਫਾਸਟਵੇਅ ਕੇਬਲ ਵਾਲਿਆਂ ‘ਤੇ ਸੈਂਕੜੇ ਕਰੋੜਾਂ ਦੀ ਟੈਕਸ ਚੋਰੀ ਦਾ ਸਬੂਤਾਂ ਸਮੇਤ ਦੋਸ਼ ਲਾਉਣ ਦਾ ਦਾਅਵਾ ਕਰਦੇ ਹਨ ਤੇ ਕਹਿੰਦੇ ਹਨ ਕਿ ਜਲਦੀ ਹੀ ਇਨ੍ਹਾਂ ਕੇਬਲ ਵਾਲਿਆਂ ਨੂੰ ਇਹ ਟੈਕਸ ਭਰੇ ਜਾਣ ਲਈ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਫਲੈਸ਼ਬੈਕ ‘ਚ ਕੁਝ ਅਜਿਹੀਆਂ ਤਸਵੀਰਾਂ ਦਿਖਾਈ ਦਿੰਦੀਆਂ ਹਨ ਜਿਸ ਵਿੱਚ ਲੋਕ ਅਖ਼ਬਾਰਾਂ ਅਤੇ ਕੁਝ ਟੀਵੀ ਚੈਨਲਾਂ ‘ਤੇ ਅਜਿਹੀਆਂ ਖ਼ਬਰਾਂ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਫਾਸਟਵੇਅ ਕੇਬਲ ਨੂੰ ਦਿੱਤੇ ਗਏ ਨੋਟਿਸ ਦੀਆਂ ਖਬਰਾਂ ਲੱਭ ਰਹੇ ਹਨ ਪਰ ਉਨ੍ਹਾਂ ਨੂੰ ਕਿਧਰੇ ਕੋਈ ਖਬਰ ਤਾਂ ਨਹੀਂ ਲੱਭਦੀ, ਹਾਂ ਉਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਜਰੂਰ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਸ ਵਿੱਚ ਉਹ ਬੜੇ ਮਜਬੂਰ ਖੜ੍ਹੇ ਦਿਖਾਈ ਦਿੰਦੇ ਹਨ।

ਇਸ ਦੌਰਾਨ ਦਿਮਾਗ ਕੁਝ ਦੇਰ ਲਈ ਜਾਮ ਹੋ ਜਾਂਦਾ ਹੈ ਤੇ ਜਦੋ਼ਂ ਸੋਚ ਦੀ ਚੱਕਰੀ ਦੁਬਾਰਾ ਘੁੰਮਦੀ ਹੈ ਤਾਂ ਫਲੈਸ਼ਬੈਕ ਦੀਆਂ ਤਸਵੀਰਾਂ ਫਿਰ ਉੱਭਰ ਉੱਭਰ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਾਰ ਨਜਾਰਾ ਗੁਆਂਢੀ ਮੁਲਕ ‘ਚ ਬਦਲੀ ਸੱਤਾ ਦੀ ਤਸਵੀਰ ਪੇਸ਼ ਕਰਦਾ ਹੈ ਜਿੱਥੇ ਸਿੱਧੂ ਨੂੰ ਇਮਰਾਨ ਖਾਨ ਦੇ ਸਹੁੰ ਚੁਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਮਿਲਣ ‘ਤੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਦੇ ਰਹੇ ਹਨ। ਅਗਲੀ ਤਸਵੀਰ ਵਿੱਚ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਦਿਖਾਈ ਦਿੰਦੇ ਹਨ ਤੇ ਦੂਜੇ ਪਾਸੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਗੱਦਾਰ ਕਹਿੰਦਿਆਂ ਹਾਏ! ਹਾਏ! ਕਰ ਦਿਖਾਈ ਦਿੰਦੇ ਹਨ। ਇੱਥੇ ਬਦਲੇ ਨਜਾਰੇ ਵਿੱਚ ਦਿਖਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੀ ਇਹ ਕਹਿ ਕੇ ਨਿੰਦਾ ਕਰ ਰਹੇ ਹਨ ਕਿ ਸਿੱਧੂ ਨੂੰ ਬਾਜਵਾ ਨਾਲ ਜੱਫੀ ਨਹੀਂ ਪਾਉਣੀ ਚਾਹੀਦੀ ਸੀ ਕਿਉਂਕਿ ਬਾਜਵਾ ਦੇਸ਼ ਦੀਆਂ ਸਰਹੱਦਾਂ ‘ਤੇ ਸਾਡੇ ਜਵਾਨਾਂ ਨੂੰ ਮਾਰਨ ਦੇ ਹੁਕਮ ਦਿੰਦਾ ਹੈ। ਇਨ੍ਹਾਂ ਹੀ ਤਸਵੀਰਾਂ ਦਾ ਬਦਲਿਆ ਰੁੱਖ ਵਿਖਾਉ਼ਦਾ ਹੈ ਨਵਜੋਤ ਸਿੰਘ ਸਿੱਧੂ ਦਾ ਉਹ ਬਿਆਨ ਜਿਸ ਵਿੱਚ ਉਹ ਕਹਿੰਦੇ ਹਨ ਕਿ ਬਾਜਵਾ ਨੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੀ ਖ਼ਬਰ ਸੁਣਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਤੋਂ ਖੁਸ਼ੀ ਵਿੱਚ ਰਿਹਾ ਨਹੀਂ ਗਿਆ ਤੇ ਉਨ੍ਹਾਂ ਨੇ ਬਾਜਵਾ ਨੂੰ ਜੱਫੀ ਪਾ ਲਈ। ਇੱਥੇ ਫਲੈਸ਼ਬੈਕ ਵਿੱਚ ਕੁਝ ਕਾਂਗਰਸੀਆਂ ਅਤੇ ਅਕਾਲੀਆਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ ਕਿ ਸਾਨੂੰ ਕੀ ਪਤੈ ਬਾਜਵਾ ਨੇ ਸਿੱਧੂ ਦੇ ਕੰਨ ਵਿੱਚ ਕੀ ਕਿਹਾ ਸੀ ਇਸ ਦਾ ਕੀ ਸਬੂਤ ਹੈ ਕਿ ਬਾਜਵਾ ਨੇ ਕੰਨ ਵਿੱਚ ਲਾਂਘਾ ਖੋਲ੍ਹੇ ਜਾਣ ਦੀ ਗੱਲ ਕਹੀ ਸੀ ਸਿੱਧੂ ਝੂਠ ਵੀ ਬੋਲਦੇ ਹੋ ਸਕਦੇ ਹਨ। ਫਿਰ ਤੇਜ ਰੌਸ਼ਨੀ ਅੱਖਾਂ ਨੂੰ ਚੰਧਿਆ ਦਿੰਦੀ ਹੈ ਤੇ ਜਦੋਂ ਉਹ ਰੌਸ਼ਨੀ ਘਟਦੀ ਹੈ ਤਾਂ ਜਿਹੜੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ ਉਸ ਵਿੱਚ ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਅਹਿਮਦ ਇਹ ਬਿਆਨ ਦਿੰਦੇ ਦਿਖਾਈ ਦਿੰਦੇ ਹਨ ਕਿ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਲਈ ਇੱਛੁੱਕ ਹੈ ਜੇ ਇਸ ਲਈ ਭਾਰਤ ਸਰਕਾਰ ਉਨ੍ਹਾਂ ਨੂੰ ਸਹਿਯੋਗ ਦੇਵੇ। ਇੰਨਾ ਸੁਣਦਿਆਂ ਹੀ ਭਾਰਤ ਵਾਲੇ ਪਾਸੇ ਦੀਆਂ ਤਸਵੀਰਾਂ ਤਾਂ ਸਾਹਮਣੇ ਆਉ਼ਦੀਆਂ ਹਨ ਪਰ ਉਨ੍ਹਾਂ ਵਿੱਚ ਦਿਖਾਈ ਕੋਈ ਨਹੀਂ ਦਿੰਦਾ, ਸੰਨਾਟਾ ਹੁੰਦਾ ਹੈ ਤੇ ਇਕੱਲੇ ਨਵਜੋਤ ਸਿੰਘ ਸਿੱਧੂ ਦੀ ਅਵਾਜ ਆਉਂਦੀ ਹੈ ਕਿ ਉਨ੍ਹਾਂ ਨੇ ਬਾਬੇ ਨਾਨਕ ਦੇ ਨਾਮ ‘ਤੇ ਕਿਸੇ ਕਿਸਮ ਦਾ ਕੋਈ ਸਿਹਰਾ ਨਹੀਂ ਲੈਣਾ ਹੈ ਜਿੰਨ੍ਹਾਂ ਨੇ ਲੈਣਾ ਹੈ ਉਹ ਲੈ ਲੈਣ। ਇੱਥੇ ਫਿਰ ਰੌਲਾ ਸੁਣਾਈ ਦਿੰਦਾ ਹੈ ਕਿ ਇਹ ਲਾਂਘਾ ਖੋਲ੍ਹਣ ਲਈ ਅਕਾਲੀਆਂ ਨੇ ਕਿੰਨਾਂ ਯਤਨ ਕੀਤਾ ਸੀ, ਬੀਜੇਪੀ ਵਾਲਿਆਂ ਨੇ ਕਿੰਨਾ ਯਤਨ ਕੀਤਾ ਸੀ ਤੇ ਕੈਪਟਨ ਦੇ ਪੁਰਖਿਆਂ ਨੇ ਕਿੰਨਾ ਯਤਨ ਕੀਤਾ ਸੀ?

ਇਸ ਦੌਰਾਨ ਜਦੋਂ ਤਸਵੀਰਾਂ ਫਿਰ ਬਦਲਦੀਆਂ ਹਨ ਤਾਂ ਨਵਜੋਤ ਸਿੰਘ ਸਿੱਧੂ ਇੱਕ ਕੋਨੇ ਵਿੱਚ ਚੁੱਪ ਖੜ੍ਹੇ ਦਿਖਾਈ ਦਿੰਦੇ ਹਨ ਜਦਕਿ ਕੋਈ ਇਸ ਲਾਂਘੇ ਦੀ ਉਸਾਰੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੀਤੇ ਗਏ ਸਮਾਗਮ ਵਿੱਚ ਨੀਂਹ ਪੱਥਰ ‘ਤੇ ਚੇਪੀਆਂ ਲਾਉ਼ਦਾ ਦਿਖਾਈ ਦੇ ਰਿਹਾ ਹੈ ਕੋਈ ਪੰਡਾਲ ‘ਚ ਬੈਠਾ ਹਾਏ ਹਾਏ ਕਰਦਾ ਦਿਖਾਈ ਦਿੰਦਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਇਸ ਵੇਲੇ ਵੀ ਪਾਕਿਸਤਾਨੀ ਜਨਰਲ ਬਾਜਵਾ ਨੂੰ ਇਹ ਧਮਕੀ ਦਿੰਦੇ ਦਿਖਾਈ ਦਿੰਦੇ ਹਨ ਕਿ ਜੇਕਰ ਉਨ੍ਹਾਂ ਨੇ ਪੰਜਾਬ ਵਿੱਚ ਮੁੜ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਚੰਗਾ ਸਬਕ ਸਿਖਾਏਗੀ।

- Advertisement -

ਇਸ ਤੋਂ ਬਾਅਦ ਦਿਖਾਈ ਦਿੰਦੀਆਂ ਤਸਵੀਰਾਂ ਪੰਜਾਬ ਵਿਧਾਨ ਸਭਾ ਦੀਆਂ ਹਨ ਜਿੱਥੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਨਾਲ ਦੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀਆਂ ਕਰਦੇ ਬਾਦਲਾਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ‘ਤੇ ਕਾਰਵਾਈ ਦੀ ਮੰਗ ਕਰਦੇ ਦਿਖਾਈ ਦਿੰਦੇ ਹਨ। ਇਸ ਵਿੱਚੋਂ ਜ਼ੂਮ ਹੋ ਕੇ ਸਾਹਮਣੇ ਆਈ ਇੱਕ ਤਸਵੀਰ ‘ਚ ਦਿਖਾਈ ਦਿੰਦਾ ਹੈ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅੱਗੇ ਝੋਲੀ ਅੱਡੀ ਹੋਈ ਹੈ ਤੇ ਉਹ ਉੱਚੀ ਉੱਚੀ ਬੋਲ ਕੇ ਕਹਿ ਰਹੇ ਹਨ ਕਿ ਸੀਐਮ ਸਾਬ੍ਹ ਬੇਅਦਬੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਬਾਦਲਾਂ ‘ਤੇ ਕਾਰਵਾਈ ਕਰੋ। ਇਹ ਤਸਵੀਰ ਜ਼ੂਮ ਹੋ ਕੇ ਜਿਉਂ ਹੀ ਪਿੱਛੇ ਹੁੰਦੀ ਹੈ ਤਾਂ ਵਿਧਾਨ ਸਭਾ ‘ਚ ਬੈਠੇ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਂਤ ਚਿਹਰਾ ਦਿਖਾਈ ਦਿੰਦਾ ਹੈ ਤੇ ਜਿਸ ਦੌਰਾਨ ਉਹ ਆਪਣੀ ਸੀਟ ਤੋਂ ਉਠਦੇ ਹਨ ਤੇ ਬੇਅਦਬੀ ਕੇਸ ਸੀਬੀਆਈ ਤੋਂ ਵਾਪਸ ਲੈਣ ਅਤੇ ਇਨ੍ਹਾਂ ਕੇਸਾਂ ਦੀ ਜਾਂਚ ਪੰਜਾਬ ਪੁਲਿਸ ਦੀ ਐਸਆਈਟੀ ਅੱਗੇ ਪੇਸ਼ ਕਰਨ ਦਾ ਐਲਾਨ ਕਰਦੇ ਵਿਧਾਨ ਸਭਾ ਦੀ ਕਾਰਵਾਈ ਖਤਮ ਕਰਦੇ ਦਿਖਾਈ ਦਿੰਦੇ ਹਨ।

ਸੋਚ ਦੀ ਚਕਰੀ ਫਿਰ ਘੁੰਮਦੀ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਸਾਰੇ ਬੈਠ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਮ ਫਾਇਨਲ ਕਰ ਰਹੇ ਹਨ, ਤੇ ਕੈਪਟਨ ਅਮਰਿੰਦਰ ਸਿੰਘ ਬਾਰੇ ਇੱਕ ਅਖ਼ਬਾਰ ਦੀ ਕਟਿੰਗ ਵਾਲੀ ਇੱਕ ਤਸਵੀਰ ਇਹ ਦਿਖਾਉਂਦੀ ਹੈ ਕਿ ਉਮੀਦਵਾਰਾਂ ਦੇ ਨਾਮ ਫਾਇਨਲ ਕਰਨ ਲੱਗਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਦੀ ਇੱਕ ਨਹੀਂ ਚੱਲਣ ਦਿੱਤੀ ਤੇ ਆਪਣੇ ਮਨ ਮਰਜੀ ਦੇ ਸਾਰੇ ਉਮੀਦਵਾਰਾਂ ਨੂੰ ਟਿਕਟਾਂ ਦਵਾ ਦਿੱਤੀਆਂ। ਦਿਮਾਗ ਦਾ ਫਲੈਸ਼ਬੈਕ ਇਸ ਤੋਂ ਅੱਗੇ ਜਿਹੜੀ ਤਸਵੀਰ ਦਿਖਾਉ਼ਦਾ ਹੈ ਉਹ ਤਸਵੀਰਾਂ ਹਨ ਟੈਲੀਵੀਜ਼ਨ ‘ਤੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੀ ਬਠਿੰਡਾ ਰੈਲੀ  ਦੀਆਂ ਜਿੱਥੇ ਸਿੱਧੂ ਕੋਕਾਕੋਲਾ ਰੰਗ ਦਾ ਕੁੜਤਾ ਪਜ਼ਾਮਾ ਪਾਈ ਬਾਹਾਂ ਖਿਲਾਰ ਖਿਲਾਰ ਕੇ ਵੋਟਰਾਂ ਨੂੰ ਬੇਨਤੀ ਕਰ ਰਹੇ ਹਨ ਕਿ ਜਿੰਨ੍ਹਾਂ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ ਹੈ ਉਨ੍ਹਾਂ ਨੂੰ ਤੇ 75-25 ਵਾਲੀ ਸਾਂਝੀਦਾਰੀ ਵਾਲਿਆਂ ਨੂੰ ਠੋਕ ਦਿਓ। ਸਾਫ ਦਿਖਾਈ ਦਿੰਦਾ ਹੈ ਕਿ ਕੈਪਟਨ ਧੜ੍ਹੇ ਦੇ ਜਿਹੜੇ ਲੋਕ ਟੀਵੀ ‘ਤੇ ਇਹ ਬਿਆਨ ਦੇਖ ਰਹੇ ਹਨ ਉਨ੍ਹਾਂ ਨੂੰ ਬਹੁਤ ਬੁਰਾ ਲਗਦਾ ਹੈ ਤੇ ਉਹ ਜਾ ਕੇ ਕੈਪਟਨ ਨੂੰ ਇਸ ਦੀ ਸ਼ਿਕਾਇਤ ਕਰਦੇ ਹਨ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਸ ਵਿੱਚ ਉਹ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਪੱਤਰਕਾਰਾਂ ਕੋਲ ਬਿਆਨ ਦਿੰਦੇ ਕਹਿ ਰਹੇ ਹਨ ਕਿ ਸਿੱਧੂ ਦੇ ਸਥਾਨਕ ਸਰਕਾਰਾਂ ਮਹਿਕਮੇਂ ਦੀ ਮਾੜੀ ਕਾਰਗੁਜਾਰੀ ਕਾਰਨ ਹੀ ਸ਼ਹਿਰਾਂ ਅੰਦਰ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ। ਇਸ ਦੌਰਾਨ ਕੁਝ ਲੋਕ ਮੋਬਾਇਲ ਖੋਲ੍ਹੀ ਬੈਠੇ ਦਿਖਾਈ ਦਿੰਦੇ ਹਨ ਜਿਸ ਵਿੱਚ ਚੱਲ ਰਹੀਆਂ ਤਸਵੀਰਾਂ ਅੰਦਰ ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਹਨ ਕਿ ਸ਼ਹਿਰਾਂ ਅੰਦਰ ਕਾਂਗਰਸ ਦੀ ਹਾਰ ਸਿੱਧੂ ਦੇ ਮਹਿਕਮੇਂ ਕਾਰਨ ਨਹੀਂ ਹੋਈ। ਇਸ ਦੌਰਾਨ ਇੱਕ ਅਜਿਹਾ ਵਿਅਕਤੀ ਦਿਖਾਈ ਦਿੰਦਾ ਹੈ ਜਿਹੜਾ ਕਿ ਆਪਣੇ ਨਾਲ ਵਾਲੇ ਨੂੰ ਕਹਿ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਮਹਿਕਮਾਂ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾਂ ਦੇ ਦਿੱਤਾ ਹੈ ਜਿਹੜਾ ਕਿ ਫਟਾਫਟ ਆਪਣਾ ਕੰਪਿਉਟਰ ਖੋਲ੍ਹਦਾ ਹੈ ਤੇ ਉੱਥੇ ਟਵੀਟਰ ‘ਤੇ ਸਿੱਧੂ ਰਾਹੁਲ ਗਾਂਧੀ, ਪ੍ਰਿਅੰਕਾ ਤੇ ਅਹਿਮਦ ਪਟੇਲ ਨਾਲ ਖੜ੍ਹੇ ਦਿਖਾਈ ਦਿੰਦੇ ਹਨ ਤੇ ਹੇਠਾਂ ਲਿਖਿਆ ਹੁੰਦਾ ਹੈ ਕਿ ਸਿੱਧੂ ਨੇ ਹਾਂਈ ਕਮਾਂਡ ਨੂੰ ਮਿਲ ਕੇ ਸਾਰੇ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਹੈ ਤੇ ਹੁਣ ਅਹਿਮਦ ਪਟੇਲ ਇਸ ਮਸਲੇ ਦਾ ਹੱਲ ਕੱਢਣਗੇ।

ਇਸ ਤੋਂ ਬਾਅਦ ਤਸਵੀਰਾਂ ਦਿਖਾਈ ਦੇਣੀਆਂ ਬੰਦ ਹੋ ਜਾਂਦੀਆਂ ਹਨ ਸਿਰਫ ਕੁਝ ਚੁਗਲੀਆਂ ਦਿਖਾਈ ਦਿੰਦੀਆਂ ਹਨ ਜਿਹੜੀਆਂ ਕਿ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਤੇ ਕੁਝ ਨਵਜੋਤ ਸਿੰਘ ਸਿੱਧੂ ਖਿਲਾਫ ਹੋ ਰਹੀਆਂ ਹਨ ਜਿਸ ਵਿੱਚ ਕੋਈ ਕੈਪਟਨ ਨੂੰ ਤੇ ਕੋਈ ਨਵਜੋਤ ਸਿੰਘ ਸਿੱਧੂ ਨੂੰ ਦੋਸ਼ੀ ਕਰਾਰ ਦੇ ਰਿਹਾ ਹੈ। ਇੰਨੇ ਨੂੰ ਇੱਕ ਅਵਾਜ ਆਉ਼ਦੀ ਹੈ ਕਿ ਫਟਾਫਟ ਟਵੀਟਰ ਖੋਲ੍ਹੋ ਨਵਜੋਤ ਸਿੰਘ ਸਿੱਧੂ ਨੇ 10 ਜੂਨ ਨੂੰ ਜਿਹੜਾ ਅਸਤੀਫਾ ਰਾਹੁਲ ਗਾਂਧੀ ਨੂੰ ਦਿੱਤਾ ਸੀ ਉਨ੍ਹਾਂ ਨੇ ਉਹ ਅਸਤੀਫਾ ਟਵੀਟਰ ‘ਤੇ ਪਾ ਦਿੱਤਾ ਹੈ। ਇੱਥੇ ਆ ਕੇ ਅੱਗੇ ਕੋਈ ਜਣਾਂ ਫਲੈਸ਼ਬੈਕ ‘ਚ ਗਏ ਵਿਅਕਤੀ ਨੂੰ ਝੰਜੋੜ ਕੇ ਹਲਾ ਦਿੰਦਾ ਹੈ ਤੇ ਉਹ ਹਕੀਕਤ ਵਿੱਚ ਵਾਪਸ ਪਰਤਣ ਤੋਂ ਬਾਅਦ ਇਹ ਸੋਚਦਾ ਹੈ ਕਿ ਆਖਰ ਇਸ ਸਾਰੇ ਮਾਮਲੇ ‘ਚ ਸਿੱਧੂ ਦਾ ਕੀ ਕਸੂਰ ਸੀ? ਇਹ ਫਲੈਸ਼ਬੈਕ ‘ਚ ਗਏ ਬੰਦੇ ਦੇ ਮਨ ‘ਚ ਸਵਾਲ ਆਉ਼ਦੇ ਹਨ ਕਿ ਕੁੱਲ ਮਿਲਾ ਕੇ ਇੰਝ ਤਾਂ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਹਾਈ ਕਮਾਂਡ ਨੂੰ ਪੂਰੀ ਤਰ੍ਹਾਂ ਨਾਰਾਜ਼ ਕਰ ਲਿਆ ਹੈ ਤੇ ਉਹ ਇਹ ਸੋਚ ਕੇ ਕਈ ਵਾਰ ਹਾਂ ‘ਚ ਸਿਰ ਮਾਰਦਾ ਹੈ ਕਿ ਇਹ ਸੱਚ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਰਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੋਵੇ। ਇਸ ਤੋਂ ਪਹਿਲਾਂ ਕਿ ਇਹ ਬੰਦਾ ਮਨ ਹੀ ਮਨ ਕੋਈ ਹੋਰ ਖਿਆਲੀ ਪਕੌੜਾ ਬਣਾਉਦਾ ਪਿੱਛੋਂ ਉਸ ਦਾ ਸਾਥੀ ਉਸ ਨੂੰ ਕਹਿੰਦਾ ਹੈ ਕਿ ਮਿੱਤਰਾ ਸਿਆਸਤ ਹਮੇਸ਼ਾ ਉਸੇ ਬੰਦੇ ਦਾ ਸਾਥ ਨਹੀਂ ਦਿੰਦੀ ਜਿਹੜਾ ਸੱਚਾ ਹੋਵੇ। ਐਵੇਂ ਖਿਆਲੀ ਪਕੌੜੇ ਨਾ ਪਕਾ ਜ਼ਮੀਨੀ ਹਕੀਕਤ ‘ਤੇ ਆ ਕਿਉਂਕਿ ਅਜੇ ਅਜਿਹੀ ਕਿਸੇ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੋਵੇ  ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਹੈ ਤੇ ਇਸ ਦੌਰਾਨ ਉਹ ਫਲੈਸ਼ਬੈਕ ‘ਚ ਗਿਆ ਬੰਦਾ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਆਖ਼ਰ ਇਸ ਨੂੰ ਕੀ ਪਤਾ ਕਿ ਮੈਂ ਕੀ ਸੋਚ ਰਿਹਾ ਸੀ?

Share this Article
Leave a comment