ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਬੀਤੀ ਕੱਲ੍ਹ ਯਾਨੀਕਿ ਮੰਗਲਵਾਰ ਨੂੰ ਆਪਣੇ ਟਵੀਟਰ ਹੈਂਡਲ ‘ਤੇ ਟਵੀਟ ਕਰਕੇ ਸਿਆਸੀ ਮਾਹਰਾਂ ਅਨੁਸਾਰ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ, “ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਹੋਰ ਮੰਤਰੀਆਂ ਦੁਆਰਾ ਉਨ੍ਹਾਂ ਦੇ ਕੀਤੇ ਜਾ ਰਹੇ ਵਿਰੋਧ ਤੋਂ ਉਹ ਘਬਰਾਉਣ ਵਾਲੇ ਨਹੀਂ, ਬਲਕਿ ਉਹ ਇਸ ਦਾ ਬੜੀ ਹੀ ਹਿੰਮਤ ਨਾਲ ਮੁਕਾਬਲਾ ਕਰਨ ਨੂੰ ਤਿਆਰ ਹਨ ।”
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟਰ ਹੈਂਡਲ ‘ਤੇ ਬੀਤੀ ਸ਼ਾਮ ਇੱਕ ਟਵੀਟ ਕਰਦਿਆਂ ਲਿਖਿਆ ਕਿ, “ਜਿੰਦਗੀ ਆਪਣੇ ਦਮ ‘ਤੇ ਜੀਅ ਜਾਂਦੀ ਹੈ.. ਔਰੋਂ ਕੋ ਕੰਧੇ ਪੇ ਤੋ ਜਨਾਜੇ ਉਠਾ ਕਰਤੇ ਹੈ” ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਟਵੀਟਰ ਹੈਂਡਲ ‘ਤੇ ਪੈਂਦਿਆਂ ਹੀ ਹਰ ਬੰਦੇ ਨੇ ਇਸ ਦਾ ਆਪੋ ਆਪਣੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਹੈ। ਕਿਸੇ ਨੇ ਇਸ ਟਵੀਟ ਨੂੰ ਸਿੱਧੂ ਦਾ ਕੈਪਟਨ ਅਤੇ ਉਸ ਦੇ ਮੰਤਰੀਆਂ ਨੂੰ ਇਹ ਜਵਾਬ ਮੰਨਿਆ ਹੈ ਕਿ, “ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਂ।” ਤੇ ਕਿਸੇ ਨੇ ਇਸ ਨੂੰ ਸਿੱਧੂ ਵੱਲੋਂ ਨਵੀਂ ਪਾਰਟੀ ਜਾਂ ਗੱਠਜੋੜ ਬਣਾਏ ਜਾਣ ਦਾ ਸੰਕੇਤ ਮੰਨਿਆ ਹੈ। ਇਸ ਟਵੀਟ ਦੀ ਅਸਲ ਸੱਚਾਈ ਕੀ ਹੈ? ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਸਾਫ ਹੋ ਪਾਵੇਗਾ, ਪਰ ਇੰਨਾ ਜਰੂਰ ਹੈ ਕਿ ਸਿੱਧੂ ਦੇ ਇਸ ਟੀਵਟ ਨੇ ਪੰਜਾਬ ਦਾ ਸਿਆਸੀ ਪਾਰਾ ਜਰੂਰ ਵਧਾ ਦਿੱਤਾ ਹੈ।