ਧਰਤੀ ਦੀ ਰਾਖੀ ਲਈ ਸਮੁੱਚੇ ਮਨੁੱਖੀ ਜਗਤ ਨੂੰ ਇੱਕਜੁੱਟ ਹੋਣ ਦੀ ਲੋੜ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਅੱਜ 22 ਅਪ੍ਰੈਲ ਦੇ ਦਿਨ ਪੂਰੀ ਦੁਨੀਆਂ ਵਿੱਚ ‘ਧਰਤੀ ਮਾਂ ਦਿਵਸ ’ ਮਨਾਇਆ ਜਾ ਰਿਹਾ ਹੈ ਤੇ ਸੰਯੁਕਤ ਰਾਸ਼ਟਰ ਸੰਘ ਦਾ ਇਹ ਮੰਨਣਾ ਹੈ ਕਿ ਧਰਤੀ ਸਮੂਹ ਮਨੁੱਖਾਂ, ਪਸ਼ੂ-ਪੰਛੀਆਂ ਅਤੇ ਬਨਸਪਤੀ ਦਾ ਘਰ ਹੈ ਤੇ ਧਰਤੀ ਲਈ ਮਾਂ ਸ਼ਬਦ ਇਹ ਦਰਸਾਉਂਦਾ ਹੈ ਕਿ ਸਮੁੱਚੀ ਲੋਕਾਈ ਦੀ ਪਾਲਣਹਾਰ ਇਹ ਧਰਤੀ ਹੀ ਹੈ। ਸਾਨੂੰ ਸਭ ਨੂੰ ਮਿਲਜੁਲ ਕੇ ਧਰਤੀ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਹੈ ਜੋ ਧਰਤੀ ਮਾਂ ਤੇ ਇਸਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ।

‘ਵਿਸ਼ਵ ਧਰਤੀ ਮਾਂ ਦਿਵਸ’ ਮਨਾਉਣ ਦਾ ਮਤਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ ਸੰਨ 2009 ਵਿੱਚ ਪਾਸ ਕੀਤਾ ਗਿਆ ਸੀ। ਇਸ ਮਤੇ ਨੂੰ ਬੋਲੀਵਿਆ ਦੇਸ਼ ਵੱਲੋਂ ਮੁੱਖ ਤੌਰ ‘ਤੇ ਪੇਸ਼ ਕੀਤਾ ਗਿਆ ਸੀ। ਉਂਜ ਇਸ ਤੋਂ ਪਹਿਲਾਂ ਸੰਨ 1970 ਵਿੱਚ ‘ ਧਰਤੀ ਦਿਵਸ ’ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਤੱਕ ਇਹ ਦੁਨੀਆਂ ਦੇ 193 ਮੁਲਕਾਂ ਵਿੱਚ ਮਨਾਇਆ ਜਾਂਦਾ ਹੈ। ਦਰਅਸਲ ਸੰਨ 1969 ਵਿੱਚ ਸੈਨਫਰਾਂਸਿਸਕੋ ਵਿਖੇ ਹੋਈ ਯੂਨੈਸਕੋ ਦੀ ਇੱਕ ਕਾਨਫਰੰਸ ਦੌਰਾਨ ਜੌਨ ਮਕੌਨਲ ਨੇ ਸੁਝਾਅ ਦਿੱਤਾ ਸੀ ਕਿ ਜਿਸ ਧਰਤੀ ‘ਤੇ ਵੱਸਦੇ ਹਾਂ ਤੇ ਜਿਸਦਾ ਦਿੱਤਾ ਅਸੀਂ ਖਾਂਦੇ ਤੇ ਵਰਤਦੇ ਹਾਂ, ਉਸਦੇ ਸਨਮਾਨ ਵਿੱਚ ਸਾਲ ਦਾ ਘੱਟੋ ਘੱਟ ਇੱਕ ਦਿਨ ਤਾਂ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ ਤੇ ਸੰਨ 1970 ਵਿੱਚ ਅਮਰੀਕੀ ਸੈਨੇਟਰ ਗੇਰਾਲਡ ਨੈਲਸਨ ਦੇ ੳੁੱਦਮ ਸਦਕਾ ਇਹ ਪ੍ਰੰਪਰਾ ਅਰੰਭ ਹੋ ਗਈ ਸੀ। ਸ੍ਰੀ ਨੈਲਸਨ ਨੂੰ ਬਾਅਦ ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਇਸ ਦਿਵਸ ਦਾ ਇਤਿਹਾਸ ਦੱਸਦਾ ਹੈ ਕਿ ਸੰਨ 1972 ਵਿੱਚ ਸੰਯੁਕਤ ਰਾਸ਼ਟਰ ਦੀ ਮਨੁੱਖੀ ਵਾਤਾਵਰਣ ਸਬੰਧੀ ਇੱਕ ਅਹਿਮ ਕਾਨਫਰੰਸ ਸਟਾਕਹੋਮ ਵਿਖੇ ਹੋਈ ਸੀ ਜਿਸ ਵਿੱਚ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਧਰਤੀ ਦੇ ਸਮੂਹ ਮਨੁੱਖ ਅਤੇ ਬਾਕੀ ਜੀਵ-ਜੰਤੂ ਇੱਕ ਦੂਜੇ ‘ਤੇ ਨਿਰਭਰ ਕਰਦੇ ਹਨ। ਸੰਨ 1990 ਵਿੱਚ ਧਰਤੀ ਅਤੇ ਇਸਦੇ ਵਾਤਾਵਰਣ ਤੇ ਜੀਵਾਂ ਦੀ ਰਾਖੀ ਲਈ ਪਹਿਲੀ ਵਾਰ ‘ ਰੀਸਾਈਕਲ’ ਭਾਵ ‘ ਮੁੜ ਵਰਤੋਂ ’ ਦਾ ਸੰਕਲਪ ਪੇਸ਼ ਕੀਤਾ ਗਿਆ ਸੀ। ਸੰਨ 1992 ਵਿੱਚ ਰੀਓ-ਡੀ-ਜਨੇਰਿਓ ਵਿਖੇ ਕੀਤੇ ਗਏ ਐਲਾਨਨਾਮੇ ਵਿੱਚ ਕਿਹਾ ਗਿਆ ਸੀ ਕਿ ਕੁਦਰਤ ਅਤੇ ਪ੍ਰਿਥਵੀ ਦਰਮਿਆਨ ਵਧੀਆ ਸਬੰਧ ਸਥਾਪਿਤ ਕਰਨੇ ਬਣਦੇ ਹਨ ਤਾਂ ਜੋ ਵਰਤਮਾਨ ਅਤੇ ਭਵਿੱਖ ਦੀਆਂ ਮਨੁੱਖੀ ਪੀੜ੍ਹੀਆਂ ਦੀਆਂ ਸਮਾਜਿਕ,ਆਰਥਿਕ ਅਤੇ ਵਾਤਾਵਰਣਿਕ ਲੋੜਾਂ ਵਿਚਕਾਰ ਸਹੀ ਸੰਤੁਲਨ ਹਾਸਿਲ ਕੀਤਾ ਜਾ ਸਕੇ। ਸੰਨ 2016 ਵਿੱਚ ਇਤਿਹਾਸਕ ‘ਪੈਰਿਸ ਸਮਝੌਤਾ’ ਸਾਹਮਣੇ ਆਇਆ ਸੀ ਜਿਸ ਉੱਤੇ ਵਿਸ਼ਵ ਸ਼ਕਤੀਆਂ ਅਮਰੀਕਾ ਅਤੇ ਚੀਨ ਸਮੇਤ 120 ਮੁਲਕਾਂ ਨੇ ਦਸਤਖ਼ਤ ਕੀਤੇ ਸਨ। ਇਸ ਸਮਝੌਤੇ ਦਾ ਆਧਾਰ ਉਹ ‘ਵਾਤਾਵਰਣ ਬਚਾਓ ਸੰਧੀ’ ਸੀ ਜੋ ਸੰਨ 2015 ਵਿੱਚ ਤਿਆਰ ਕੀਤੀ ਗਈ ਸੀ।

- Advertisement -

ਸਾਲ 2020 ਵਿੱਚ ਵਿਸ਼ਵ ਧਰਤੀ ਦਿਵਸ ਦੀ ਗੋਲਡਨ ਜੁਬਲੀ ਮਨਾਈ ਗਈ ਸੀ ਤੇ ਸੰਯੁਕਤ ਰਾਸ਼ਟਰ ਸੰਘ ਵੱਲੋਂ ਜਿਹੜਾ ਥੀਮ ਦਿੱਤਾ ਗਿਆ ਸੀ ਉਹ ਸੀ ‘ਕਲਾਈਮੇਟ ਐਕਸ਼ਨ ’ ਭਾਵ ‘ਵਾਤਾਵਰਣ ਸੰਭਾਲ ਸਬੰਧੀ ਸੁਚੱਜੀ ਕਾਰਵਾਈ’। ਇਸ ਸਾਲ ਦੌਰਾਨ ਜਿਨ੍ਹਾ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਸਨ-ਕੌਮਾਤਰੀ ਪੱਧਰ ‘ਤੇ ਸਵੱਛਤਾ ਰੱਖਣਾ ਤੇ ਸਵੱਛਤਾ ਸਬੰਧੀ ਕੰਮ ਕਰਨਾ, ਨਾਗਰਿਕ ਵਿਗਿਆਨ ਅਤੇ ਸਿੱਖਿਆ ਤੇ ਕਲਾ ਰਾਹੀਂ ਧਰਤੀ,ਇਸਦੇ ਵਾਤਾਵਰਣ,ਇਸਦੇ ਜੀਵਾਂ ਦੀ ਰਾਖੀ ਸਬੰਧੀ ਕਾਰਜ ਕਰਨਾ।

ਅੰਤ ਵਿੱਚ ਆਓ ਆਪਣੀ ਧਰਤੀ ਮਾਂ ਸਬੰਧੀ ਕੁਝ ਅਹਿਮ ਤੱਥਾਂ ਦੀ ਜਾਣਕਾਰੀ ਹਾਸਿਲ ਕਰੀਏ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮਨੁੱਖੀ ਵੱਸੋਂ ਵਾਲੀ ਧਰਤੀ ਦੀ 33 ਫ਼ੀਸਦੀ ਮਿੱਟੀ ਗ਼ੈਰ-ਮਿਆਰੀ ਹੋ ਚੁੱਕੀ ਹੈ ਤੇ ਮਨੁੱਖੀ ਅਣਗਹਿਲੀ ਤੇ ਅਗਿਆਨਤਾ ਕਰਕੇ ਸਾਲ 2050 ਵਿੱਚ ਇਹ ਅੰਕੜਾ 90 ਫ਼ੀਸਦੀ ਤੱਕ ਪੁੱਜ ਸਕਦਾ ਹੈ। ਧਰਤੀ ਦਾ ਤਾਪਮਾਨ ਜਿਸ ਰਫ਼ਤਾਰ ਨਾਲ ਵਧ ਰਿਹਾ ਹੈ ਉਸ ਅਨੁਸਾਰ ਜੇਕਰ ਔਸਤਨ 1.5 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਧ ਜਾਂਦਾ ਹੈ ਤਾਂ ਫ਼ਸਲਾਂ ਅਤੇ ਪੌਦਿਆਂ ਲਈ ਲਾਭਕਾਰੀ ਕੀੜੇ-ਮਕੌੜਿਆਂ ਵਿੱਚੋਂ ਅੱਧੇ ਜੀਵ ਆਪਣੇ ਨਿਵਾਸ ਸਥਾਨ ਗੁਆ ਬੈਠਣਗੇ ਤੇ ਉਨ੍ਹਾ ਦਾ ਜਿਊਣਾ ਕਠਿਨ ਹੋ ਜਾਵੇਗਾ। ਸੰਨ 2050 ਤੱਕ ਧਰਤੀ ‘ਤੇ ਵੱਸਦੇ ਮਨੁੱਖਾਂ ਦੀ ਸੰਖਿਆ ਨੌ ਸੌ ਕਰੋੜ ਦੇ ਕਰੀਬ ਹੋ ਜਾਵੇਗੀ ਜਿਸ ਲਈ ਸਾਨੂੰ ਵਰਤਮਾਨ ਜ਼ਰੂਰਤ ਨਾਲੋਂ 60 ਫ਼ੀਸਦੀ ਵੱਧ ਅੰਨ ਦੀ ਲੋੜ ਪਏਗੀ। ਸੋ ਬੜੀ ਹੀ ਔਖੀ ਘੜੀ ਵਿੱਚੋਂ ਲੰਘ ਰਹੀ ਸਾਡੀ ਧਰਤੀ ਮਾਂ ਦੀ ਸਿਹਤ ਦੀ ਰਾਖੀ ਦੁਨੀਆਂ ਦੇ ਸਮੂਹ ਬਾਸ਼ਿੰਦਿਆਂ ਨੂੰ ਆਪੋ ਆਪਣੀ ਥਾਂ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਸਰਵਣ ਪੁੱਤਰ ਹੋਣ ਦਾ ਫ਼ਰਜ਼ ਅਦਾ ਕਰਨਾ ਪਏਗਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।

ਮੋਬਾਇਲ: 97816-46008

Share this Article
Leave a comment