ਦੋ ਪੈਰਾਂ ਵਾਲਾ 66 ਸਾਲਾ ਘੋੜਾ, ਜਿਸ ਨੇ ਕੀਤਾ ਲੋਕਾ ਨੂੰ ਹੈਰਾਨ!

Prabhjot Kaur
2 Min Read

ਬਟਾਲਾ : ”ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ” ਤੁਸੀਂ ਇਹ ਗੀਤ ਤਾਂ ਆਮ ਹੀ ਸੁਣਿਆ ਹੋਵੇਗਾ । ਚਲੋ ਆਪਾਂ ਅੱਜ ਤੁਹਾਨੂੰ ਇਸ ਗੀਤ ਦੀ ਜਿੰਦਾ ਮਿਸਾਲ ਦਿਖਾਉਂਦੇ ਹਾਂ। ਇਹ ਮਿਸਾਲ ਕਾਇਮ ਕੀਤੀ ਹੈ ਬਟਾਲਾ ਦੇ ਇੱਕ 66 ਸਾਲਾ ਬਜ਼ੁਰਗ ਨੌਜਵਾਨ ਨੇ। ਜੀ ਹਾਂ! ਬਜ਼ੁਰਗ ਨੌਜਵਾਨ, ਕਿਉਂਕਿ ਜਿਸ ਸਖਸ਼ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਤਾਂ 66 ਸਾਲਾ ਬਜ਼ੁਰਗ ਪਰ ਜਜ਼ਬੇ ਅਤੇ ਸਰੀਰਕ ਪੱਖੋ ਕਿਸੇ ਨੌਜਵਾਨ ਤੋਂ ਘੱਟ ਨਹੀਂ ਹੈ ਕਿਉਂਕਿ ਜਿੱਥੇ ਇਸ ਉਮਰੇ ਬਜ਼ੁਰਗਾਂ ਨੂੰ ਤੁਰਨਾ ਵੀ ਔਖਾ ਹੁੰਦਾ ਹੈ ਉੱਥੇ ਇਹ ਤਲਵੰਡੀ ਝਿਉਰਾਂ ਦਾ ਬਜ਼ੁਰਗ ਰੋਜ਼ਾਨਾ 2 ਕਿੱਲੋਮੀਟਰ ਘੋਟੇ ਨਾਲ ਦੌੜ ਲਗਾਉਂਦਾ ਹੈ। ਇੰਨਾਂ ਹੀ ਨਹੀਂ ਇਸ ਬਜ਼ੁਰਗ ਦਾ ਸਰੀਰ ਇੰਨਾਂ ਤੰਦਰੁਸਤ ਹੈ ਕਿ ਪਿੰਡ ਤੋਂ 31 ਕਿੱਲੋਮੀਟਰ ਦੂਰ ਸ਼ਹਿਰ ਗੁਰਦਾਸਪੁਰ ਤੱਕ ਇਹ ਸਿਰਫ ਡੇਢ ਘੰਟੇ ‘ਚ ਦੌੜ ਕੇ ਹੀ ਪਹੁੰਚ ਜਾਂਦਾ ਹੈ।

ਅਸੀਂ ਗੱਲ ਕਰ ਰਹੇ ਹਾਂ ਬਲਵੰਤ ਸਿੰਘ ਨਾਮ ਦੇ ਇੱਕ ਅਜਿਹੇ ਸਖਸ਼ ਦੀ ਜਿਸ ਨੇ ਕਿ ਘੋੜੇ ਤੋਂ ਪਹਿਲਾਂ ਕੁੱਤੇ ਅਤੇ ਖਰਗੋਸ਼ ਨਾਲ ਦੌੜਨਾ ਸ਼ੁਰੂ ਕੀਤਾ ਤੇ ਬਚਪਨ ਦੀ ਇਹ ਖੇਡ ਉਸ ਨੂੰ ਦੌੜ ਵਿੱਚ ਇੰਨਾਂ ਮਾਹਿਰ ਬਣਾ ਗਈ ਕਿ ਅੱਜ ਉਹ ਜਿਨਾਂ ਮਰਜ਼ੀ ਦੌੜ ਲਵੇ ਉਸ ਨੂੰ ਥਕਾਵਟ ਨਹੀਂ ਹੁੰਦੀ। ਦੱਸ ਦਈਏ ਕਿ ਬਲਵੰਤ ਸਿੰਘ ਨਾਲ ਦੌੜਨ ਵਾਲੇ ਕੁੱਤਾ ਅਤੇ ਘੋੜਾ ਵੀ ਇੰਨੇ ਮਾਹਿਰ ਹਨ ਕਿ ਦੌੜਦੇ ਸਮੇਂ ਉਨ੍ਹਾਂ ਦੀ ਰੱਸੀ ਨਹੀਂ ਫੜਨੀ ਪੈਂਦੀ ਬਲਕਿ ਖੁਦ ਹੀ ਨਾਲ-ਨਾਲ ਦੌੜਦੇ ਚਲੇ ਜਾਂਦੇ ਹਨ। ਇਸ ਬਜ਼ੁਰਗ ਬਲਵੰਤ ਸਿੰਘ ਨੇ ਹੁਣ ਤੱਕ 100 ਤੋਂ ਵੱਧ ਮੈਡਲ ਆਪਣੇ ਨਾਮ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ ਦਿਨੀਂ ਅਟਾਰੀ ਸਰਹੱਦ ‘ਤੇ ਹੋਈ ਦੌੜ ‘ਚ ਵੀ ਇਸ ਬਜ਼ੁਰਗ ਨੇ ਹਿੱਸਾ ਲਿਆ ਅਤੇ 5100 ਦਾ ਇਨਾਮ ਹਾਸਿਲ ਕੀਤਾ। ਇਸ ਬਜੁਰਗ ਨੂੰ ਪਿੰਡ ਦੇ ਲੋਕ ਬਲਵੰਤ ਘੋੜੇ ਦੇ ਨਾਮ ਨਾਲ ਬੁਲਾਉਂਦੇ ਹਨ।

Share this Article
Leave a comment