ਕਿਸਾਨਾਂ ਦਾ ਰੋਹ, ਮੁੱਖ ਮੰਤਰੀ ਦੀ ਕਾਰ, ਕਮਾਂਡੋਜ਼ ਨੂੰ ਪਿਆ ਵਖ਼ਤ !

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਦਿੱਲੀ ਜਾ ਰਹੇ ਕਿਸਾਨਾਂ ਨਾਲ ਹਰਿਆਣਾ ਸਰਕਾਰ ਵਲੋਂ ਕੀਤੀ ਗਈ ਕਥਿਤ ਗੈਰ-ਜਮਹੂਰੀ ਅਤੇ ਗੈਰ ਵਾਜਿਬ ਕਾਰਵਾਈ ਤੋਂ ਦੋਵਾਂ ਸੂਬਿਆਂ ਦੇ ਕਿਸਾਨ ਡਾਢੇ ਨਾਰਾਜ਼ ਹਨ। ਉਨ੍ਹਾਂ ਦੇ ਮਨ ਵਿੱਚ ਹਰਿਆਣਾ ਦੇ ਮੁੱਖ ਮਨੋਹਰ ਲਾਲ ਖਿਲਾਫ ਰੋਸ ਹੈ ਕਿ ਨਾ ਤਾਂ ਉਹ ਉਨ੍ਹਾਂ ਦੀ ਗੱਲ ਕੇਂਦਰ ਸਰਕਾਰ ਕੋਲ ਪਹੁੰਚਾ ਰਹੇ ਨਾ ਹੀ ਆਪ ਕੁਝ ਕਰ ਕਰ ਰਹੇ ਹਨ। ਕਿਸਾਨਾਂ ਦਾ ਇਹ ਗੁੱਸਾ ਮੰਗਲਵਾਰ (22 ਦਸੰਬਰ, 2020) ਨੂੰ ਉਦੋਂ ਪ੍ਰਚੰਡ ਹੋ ਗਿਆ ਜਦੋਂ ਕਿਸਾਨਾਂ ਨੇ ਮੁੱਖ ਦੀ ਕਰ ਘੇਰ ਲਈ।

ਹੋਇਆ ਇੰਜ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੋਣਾਂ ਦੇ ਸਿਲਸਿਲੇ ਵਿੱਚ ਅੰਬਾਲਾ ਸ਼ਹਿਰ ਪਹੁੰਚੇ ਜਦੋਂ ਅਗਰਸੈਨ ਚੌਕ ਵਿੱਚ ਵਲ ਵਧੇ ਤਾਂ ਉਨ੍ਹਾਂ ਦੇ ਕਾਫਲੇ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਕਾਲੇ ਝੰਡੇ ਦਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਦੇ ਕਮਾਂਡੋਜ਼ ਨੇ ਘੇਰਾ ਪਾ ਕੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਵਿਚੋਂ ਦੀ ਮੁੱਖ ਮੰਤਰੀ ਦੀ ਗੱਡੀ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਪੁਲੀਸ ਅਤੇ ਕਿਸਾਨਾਂ ਵਿਚਕਾਰ ਝੜਪ ਵੀ ਹੋਈ।

ਕਾਬਲੇ ਗੌਰ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਤੇ ਪਾਰਟੀ ਦੇ ਸੂਬਾਈ ਬੁਲਾਰੇ ਡਾ. ਸੰਜੈ ਸ਼ਰਮਾ ਦੀ ਪਤਨੀ ਡਾ. ਵੰਦਨਾ ਸ਼ਰਮਾ ਅਤੇ ਹੋਰ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਅੰਬਾਲਾ ਸ਼ਹਿਰ ਆਏ ਸਨ। ਮੁੱਖ ਮੰਤਰੀ ਦਾ ਕਈ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਹੀ ਨਹੀਂ ਵਿਖਾਏ, ਸਗੋਂ ਉਨ੍ਹਾਂ ਦੀ ਗੱਡੀ ’ਤੇ ਡੰਡੇ ਵੀ ਮਾਰੇ। ਕਿਸਾਨ ਪੁਲੀਸ ਨਾਲ ਹੱਥੋਪਾਈ ਵੀ ਹੋ ਗਏ। ਪੁਲੀਸ ਮੁਲਾਜ਼ਮ ਕਿਸਾਨਾਂ ਨੂੰ ਕਲਾਵੇ ’ਚ ਲੈ ਕੇ ਪਾਸੇ ਕਰਦੇ ਰਹੇ।

ਮੁੱਖ ਮੰਤਰੀ ਦੇ ਕਮਾਂਡੋ ਖੁਦ ਗੱਡੀ ਵਿਚੋਂ ਉੱਤਰੇ ਅਤੇ ਮੁੱਖ ਮੰਤਰੀ ਦੀ ਗੱਡੀ ਲਈ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਸਥਿਤੀ ਨੂੰ ਦੇਖਦਿਆਂ ਇਕ ਵਾਰ ਕਾਫ਼ਲੇ ਨੂੰ ਅਮਰ ਪੈਲੇਸ ਹੋਟਲ ਵੱਲ ਮੋੜਿਆ ਗਿਆ ਅਤੇ ਉਸ ਤੋਂ ਬਾਅਦ ਪੁਰਾਣੇ ਹਿਸਾਰ ਰੋਡ ਪੁਲ ਤੋਂ ਮੁੱਖ ਮੰਤਰੀ ਦੀ ਗੱਡੀ ਨੂੰ ਰਵਾਨਾ ਕੀਤਾ ਗਿਆ। ਕਿਸਾਨਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਭਾਜਪਾ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ। ਭਾਜਪਾ ਜਿੱਥੇ ਕਿਤੇ ਵੀ ਚੋਣ ਲੜੇਗੀ ਵਿਰੋਧ ਕੀਤਾ ਜਾਵੇਗਾ।

- Advertisement -

Share this Article
Leave a comment