ਭਵਾਨੀਗੜ੍ਹ : ਪੰਜਾਬ ਵਿੱਚ ਹਰ ਦਿਨ ਆਤਮ ਹੱਤਿਆ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ। ਹਰ ਦਿਨ ਦੇਸ਼ ਦੇ ਅੱਨ੍ਹ ਦਾਤੇ ਦੀ ਆਤਮ ਹੱਤਿਆ ਦੀ ਖਬਰ ਦੇਖਣ ਜਾਂ ਸੁਨਣ ਨੂੰ ਜ਼ਰੂਰ ਮਿਲਦੀ ਹੈ।
ਇਸੇ ਸਿਲਸਿਲੇ ਦੇ ਚਲਦਿਆਂ ਖਬਰ ਹੈ ਭਵਾਨੀਗੜ੍ਹ ਦੇ ਪਿੰਡ ਸੰਘਰੇੜੀ ਦੀ ਹੈ ਜਿੱਥੇ ਇੱਕ ਗਰੀਬ ਕਿਸਾਨ ਪਰਿਵਾਰ ਦੀਆਂ ਨਵੇਂ ਸਾਲ ਦੀਆਂ ਖੁਸੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਜਗਦੀਪ ਸਿੰਘ ਸਪੁੱਤਰ ਭੋਲਾ ਸਿੰਘ ਨੇ ਬੀਤੀ ਰਾਤ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਦੇ ਵੱਲੋਂ ਦਿੱਤੇ ਬਿਆਨਾਂ ਵਿੱਚ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ 3 ਕਿੱਲੇ ਹੀ ਜ਼ਮੀਨ ਹੈ ਪਰ ਵੱਖ ਵੱਖ ਬੈਂਕਾਂ ਦੇ ਕਰਜ਼ੇ ਦੀ ਰਕਮ ਬਹੁਤ ਜ਼ਿਆਦਾ ਹੈ ਜਿਸ ਕਾਰਨ ਉਨ੍ਹਾਂ ਦਾ ਸਪੁੱਤਰ ਜਗਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਬੜਾ ਹੀ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਮਾਨਸਿਕ ਤਣਾਓ ਦੇ ਚਲਦਿਆਂ ਬੀਤੀ ਦੇਰ ਰਾਤ ਉਸ ਨੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਅਤੇ ਪਰਿਵਾਰ ਦੀਆਂ ਨਵੇਂ ਸਾਲ ਦੀਆਂ ਖੁਸੀਆਂ ਨੂੰ ਸੋਗ ਵਿੱਚ ਬਦਲ ਦਿੱਤਾ।
ਇੱਥੇ ਸਵਾਲ ਇਹ ਉਠਦਾ ਹੈ ਕਿ ਕੈਪਟਨ ਸਰਕਾਰ ਜੋ ਉੱਚੀ ਉੱਚੀ ਰੋਲਾ ਪਾ ਪਾ ਇਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਪੰਜਾਬ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿੱਤਾ ਹੈ ਤਾਂ ਫਿਰ ਇਸ ਗਰੀਬ ਕਰਜ਼ਈ ਪਰਿਵਾਰ ਦੇ ਇਸ ਨੌਜਵਾਨ ਨੂੰ ਕਿਉਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਆਪਣੀ ਜੀਵਨ ਲੀਲਾ ਸਮਾਪਤੀ ਕਰਨੀ ਪਈ ? ਜੇਕਰ ਕੈਪਟਨ ਸਰਕਾਰ ਨੇ ਕਰਜ਼ਾ ਮਾਫ ਕੀਤਾ ਵੀ ਹੈ ਤਾਂ ਉਹ ਕਿਹੜੇ ਕਿਸਾਨਾਂ ਦਾ ਕੀਤਾ ਹੈ ?