ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਭਾਵੇਂ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਪਰ ਇੰਝ ਜਾਪਦਾ ਹੈ ਜਿਵੇਂ ਖਹਿਰਾ ‘ਆਪ’ਨਾਲੋਂ ਮੋਹ ਪਿਆਰ ਅਜੇ ਵੀ ਛੱਡ ਨਹੀਂ ਪਾ ਰਹੇ, ਸ਼ਾਇਦ ਇਹੋ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਜਦੋਂ ਹੁਣ ਭਗਵੰਤ ਮਾਨ ਨੂੰ ਮੁੜ ਪੰਜਾਬ ਪ੍ਰਧਾਨ ਥਾਪ ਦਿੱਤਾ ਹੈ ਤਾਂ ਖਹਿਰਾ ਦੇ ਅੰਦਰਲੇ ਬਲਬਲੇ ਨਿੱਕਲ ਕੇ ਬਾਹਰ ਆ ਗਏ ਹਨ। ਹਾਲਾਤ ਇਹ ਹਨ ਇਸ ਸਬੰਧੀ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦਿੰਦਿਆਂ ਖਹਿਰਾ ਮਾਨ ਦੇ ਖ਼ਿਲਾਫ ਇੱਥੋਂ ਤੱਕ ਕਹਿ ਗਏ ਕਿ ਇਸ ਨੂੰ ਥੁੱਕ ਕੇ ਚੱਟਣਾ ਆਖਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਕੇ ਬੜਾ ਗਲਤ ਕੀਤਾ ਹੈ ਪਰ ਹੁਣ ਉਹ ਮਾਨ ਲੋਕਾਂ ਨੂੰ ਬੁੱਧੂ ਬਣਾ ਕੇ ਇੱਕ ਵਾਰ ਫਿਰ ‘ਆਪ’ ਪੰਜਾਬ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਟੀਚਾ ਸਿਰਫ ਕੁਰਸੀ ਹਾਸਲ ਕਰਨਾ ਹੈ ਹੋਰ ਉਨ੍ਹਾਂ ਨੇ ਕੋਈ ਲੈਣਾ-ਦੇਣਾ ਨਹੀਂ ਹੈ।
ਇਸ ਮੌਕੇ ਸੁਖਪਾਲ ਖਹਿਰਾ ਨੂੰ ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਨੂੰ ਸਵਾਰਥੀ ਕਹਿਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਫੈਸਲਾ ਹੁਣ ਲੋਕ ਕਰਨਗੇ ਕਿ ਕੌਣ ਸਵਾਰਥੀ ਹੈ ਤੇ ਕੌਣ ਨਹੀਂ?ਕਿਉਂਕਿ ਇਹ ਜਨਤਾ ਜਨਾਰਦਨ ਨੇ ਦੱਸਣਾ ਹੈ ਕਿ ਉਨ੍ਹਾਂ ਨੂੰ ਕਦੀ ਪਾਰਟੀ ਵਿਰੋਧੀ ਕੰਮ ਕੀਤਾ ਹੈ ਜਾਂ ਨਹੀਂ । ਉਨ੍ਹਾਂ ਕਿਹਾ ਕਿ ਹਾਂ ਇਨ੍ਹਾਂ ਜਰੂਰ ਹੈ ਕਿ ਲੋਕ ਭਗਵੰਤ ਮਾਨ ਵਰਗੇ ਲੋਕਾਂ ਨੂੰ ਆਹੁਦੇ ਤੇ ਪ੍ਰਧਾਨਗੀ ਦੇ ਲਾਲਚੀ ਜਰੂਰ ਗਰਦਾਨ ਰਹੇ ਹਨ।
ਡਾ. ਧਰਮਵੀਰ ਗਾਂਧੀ ਵੱਲੋਂ ਚੋਣ ਲੜਨ ਸਬੰਧੀ ਉੱਠੇ ਸਵਾਲਾਂ ਦੇ ਜਵਾਬ ਦਿੰਦਿਆਂ ਖਹਿਰਾ ਨੇ ਕਿਹਾ ਕਿ ਡਾ. ਗਾਂਧੀ ਨੇ ਸਿਰਫ ਇੰਨਾਂ ਕਿਹਾ ਹੈ ਕਿ ਉਹ ਪਟਿਆਲਾ ਤੋਂ ਚੋਣ ਲੜਨਗੇ। ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਉਹ ਕਿਸੇ ਪਾਰਟੀ ਵਿਸ਼ੇਸ ਨਾਲ ਗਠਜੋੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵੀ ਜਲਦ ਸੁਲਝਾ ਲਿਆ ਜਾਵੇਗਾ।