ਡੇਂਗੂ ਦਾ ਪੰਜਾਬ ਵਿੱਚ ਤਿੱਖਾ ਹੋ ਰਿਹਾ ਡੰਗ

TeamGlobalPunjab
3 Min Read

ਪੰਜਾਬ ‘ਚ ਪਿਛਲੇ ਤਿੰਨ ਸਾਲਾਂ ਤੋਂ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਖ਼ਤਰਨਾਕ ਸਥਿਤੀ ਵੱਲ ਨੂੰ ਜਾ ਰਿਹਾ ਹੈ। ਤਾਜ਼ਾ ਰਿਪੋਰਟਾਂ ਵੱਲ ਝਾਤ ਮਾਰੀ ਜਾਵੇ ਤਾਂ ਇਸ ਸਾਲ ਡੇਂਗੂ ਦੇ ਮਰੀਜ਼ਾਂ ਦੇ 8,956 ਕੇਸ ਸਾਹਮਣੇ ਆਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਕੇਸਾਂ ਵਿੱਚ ਕੁਝ ਕਮੀ ਵੀ ਆਈ ਹੈ ਪਰ ਅਜੇ ਵੀ ਸਥਿਤੀ ਖ਼ਤਰੇ ਵਾਲੀ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਪੰਜਾਬ ਸਭ ਤੋਂ ਵੱਧ ਡੇਂਗੂ ਪੀੜਤਾਂ ਦਾ ਸੂਬਾ ਬਣਦਾ ਜਾ ਰਿਹਾ ਹੈ ਜਿਥੇ ਡੀ ਈ ਐੱਨ ਵੀ -1 ਤੋਂ ਡੀ ਈ ਐੱਨ ਵੀ -4 ਦੇ ਮਰੀਜ਼ ਸਾਹਮਣੇ ਆ ਰਹੇ ਹਨ। ਸਿਹਤ ਮਾਹਿਰ ਕਹਿੰਦੇ ਹਨ ਕਿ ਜਦੋਂ ਇਹਨਾਂ ਚਾਰ ਕਿਸਮਾਂ ਦੇ ਡੇਂਗੂ ਦਾ ਹਮਲਾ ਹੁੰਦਾ ਤਾਂ ਇਸ ਦੇ ਘਟਣ ਵਿੱਚ ਚਾਰ ਤੋਂ ਪੰਜ ਸਾਲ ਲੱਗਦੇ ਹਨ। ਦੱਸਣਯੋਗ ਹੈ ਕਿ ਪਟਿਆਲਾ ਜਿਥੇ ਡੇਂਗੂ ਦੇ ਸਭ ਤੋਂ ਵੱਧ ਮਰੀਜ਼ ਆਉਂਦੇ ਸਨ ਇਸ ਸਾਲ 92 ਫ਼ੀਸਦ ਘਟ ਕੇ ਰਹਿ ਗਏ।
ਲੁਧਿਆਣਾ ਵਿੱਚ ਪਿਛਲੇ ਸਾਲ ਡੇਂਗੂ ਪੀੜਤਾਂ ਦੇ 411 ਕੇਸ ਸਾਹਮਣੇ ਆਏ ਸਨ, ਪਰ ਇਸ ਸਾਲ ਇਹ ਜ਼ਿਲਾ ਸਭ ਤੋਂ ਖਤਰਨਾਕ ਸਾਬਿਤ ਹੋ ਰਿਹਾ ਜਿਸ ਵਿੱਚ ਇਸ ਸਾਲ 1,286 ਕੇਸ ਸਾਹਮਣੇ ਆਏ ਹਨ। ਗੁਰਦਾਸਪੂਰ ਵਿੱਚ ਇਸ ਸਾਲ ਡੇਂਗੂ ਦੇ 738 ਮਰੀਜ਼ ਮਿਲੇ ਹਨ। ਸਾਲ 2018 ਵਿੱਚ ਇਥੇ ਕੇਵਲ 178 ਕੇਸ ਹੀ ਸਾਹਮਣੇ ਆਏ ਸਨ।
ਉਧਰ ਸਟੇਟ ਡੇਂਗੂ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫਸਰ ਡਾ ਗਗਨਦੀਪ ਗਰੋਵਰ ਦਾ ਕਹਿਣਾ ਹੈ ਕਿ ਡੇਂਗੂ ਉਪਰ ਕਾਬੂ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕੇਸਾਂ ਵਿੱਚ ਕਾਫੀ ਗਿਰਾਵਟ ਆ ਗਈ ਹੈ। ਕੇਸਾਂ ਵਿੱਚ ਗਿਰਾਵਟ ਤਾਂ ਆਈ ਹੈ ਪਰ ਦਿਨ ਦਾ ਤਾਪਮਾਨ ਡੇਂਗੂ ਦੀ ਬਰੀਡਿੰਗ ਵਧਣ ਵਿੱਚ ਕਾਫੀ ਮਦਦ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਮਹਿਕਮੇ ਦੇ ਜਾਗਰੂਕਤਾ ਪ੍ਰੋਗਰਾਮ ਨਾਲ ਕੇਸ ਕਾਫੀ ਘਟ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਤਿੰਨ ਚਾਰ ਜ਼ਿਲਿਆਂ ਵਿੱਚ ਡੇਂਗੂ ਦੇ ਕੇਸ ਕਾਫੀ ਘਟ ਗਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਨਾਲੋਂ ਡੇਂਗੂ ਦੇ ਕੇਸ 30 ਤੋਂ 35 ਪ੍ਰਤੀਸ਼ਤ ਹੇਠਾਂ ਘਟੇ ਹਨ। ਉਹਨਾਂ ਕਿਹਾ ਕਿ ਵਿਭਾਗ ਦੀਆਂ ਲਗਾਤਾਰ ਚਲ ਰਹੀਆਂ ਕੋਸ਼ਿਸ਼ਾਂ ਨਾਲ ਡੇਂਗੂ ਦੇ ਕੇਸ ਘਟੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇ ਸਾਨੂੰ ਲੋਕਾਂ, ਨਗਰ ਨਿਗਮਾਂ ਅਤੇ ਪੇਂਡੂ ਵਿਕਾਸ ਵਿਭਾਗ ਤੋਂ ਲਗਾਤਾਰ ਸਹਿਯੋਗ ਮਿਲੇ ਤਾਂ ਇਸ ਉਪਰ ਤੇਜ਼ੀ ਨਾਲ ਕਾਬੂ ਪਾਇਆ ਜਾ ਸਕਦਾ ਹੈ।

ਅਵਤਾਰ ਸਿੰਘ

 

ਸੀਨੀਅਰ ਪੱਤਰਕਾਰ

- Advertisement -

Share this Article
Leave a comment