ਕੋਰੋਨਾ ਕਾਰਨ ਬੰਦ ਪਈਆਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣ ਦਾ ਪੰਜਾਬ ਸਰਕਾਰ ਨੇ ਕੀਤਾ ਐਲਾਨ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਮੂਹ ਸਰਕਾਰੀ ਅਤੇ ਪ੍ਰਾਇਵੇਟ ਯੂਨੀਵਰਸਿਟੀਆਂ ਸਮੇਤ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਕਾਲਜ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ  21 ਜਨਵਰੀ ਤੋਂ ਮੁੜ ਪੂਰਨ ਰੂਪ ਵਿਚ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।ਇਸ ਸਬੰਧੀ ਉੱਚੇਰੀ ਸਿੱਖਿਆ ਵਿਭਾਗ ਵਲੌਂ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਯੁਨੀਵਰਸਿਟੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਵਿਦਿਅਕ ਸੰਸਥਾਵਾਂ ਵਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਆਫ-ਲਾਈਨ ਅਤੇ ਆਨ-ਲਾਈਨ ਦੋਨੋਂ ਮਾਧਿਅਮ ਰਾਹੀਂ ਪੜ੍ਹਾਈ ਕਰਵਾਈ ਜਾਵੇ ਅਤੇ ਸਮੈਸਟਰ/ਸਲਾਨਾ ਪ੍ਰੀਖਿਆਵਾਂ ਆਫ-ਲਾਈਨ ਮਾਧਿਅਮ ਰਾਹੀਂ ਹੀ ਕੰਡਰਕਟ ਕਰਵਾਈਆਂ ਜਾਣ।ਇਸ ਦੇ ਨਾਲ ਹੀ ਦਿਵਿਆਰਥੀਆਂ ਨੂੰ ਆਪਣੀ ਮਰਜ਼ੀ ਮੁਤਾਬਕ ਕਲਾਸਾਂ ਲਗਾਉਣ ਦੀ ਖੁੱਲ ਹੋਵੇਗੀ ਅਤੇ ਉਹਨਾਂ `ਤੇ ਕਲਾਸਾਂ ਲਗਾਉਣ ਸਬੰਧੀ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਬਣਾਇਆ ਜਾਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ  ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਹਾਸਟਲ ਖੋਲ੍ਹੇ ਜਾਣ। ਹਾਸਟਲ ਦਾ ਕਮਰਾ ਪ੍ਰਤੀ ਵਿਦਿਆਰਥੀ ਜਾਂ ਕਮਰੇ ਦੇ ਸਾਇਜ਼ ਅਨੁਸਾਰ ਲੋੜੀਂਦੀ ਡਿਸਟੈਂਸਿੰਗ/ਵਿਦਿਆਰਥੀਆਂ ਦੀ ਸੇਫਟੀ ਨੂੰ ਧਿਆਨ ਵਿਚ ਰੱਖਦੇ ਹੋਏ ਅਲਾਟ ਕੀਤਾ ਜਾਵੇ ਅਤੇ ਅਲਾਟਮੈਂਟ ਸਮੇਂ ਤਰਜੀਹ ਫਾਇਨਲ ਸਾਲ  ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਵਿਦਿਅਕ ਸੰਸਥਾਵਾਂ ਵਿਚ ਮੈਸ/ਕੰਟੀਨ ਆਦਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੁਕੰਮਲ ਸੁਰੱਖਿਆ ਸਾਵਧਾਨੀਆਂ ਵਰਤਦੇ ਹੋਏ ਲੋੜ ਅਨੁਸਾਰ/ਪੂਰਨ ਰੂਪ ਵਿਚ ਖੋਲ੍ਹੇ ਜਾਣ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸੇਫਟੀ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਅਤੇ ਕਾਲਜਾਂ ਵਲੋਂ ਕੇਂਦਰ ਸਰਕਾਰ/ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ `ਤੇ ਜਾਰੀ ਹਦਾਇਤਾਂ ਤੇ ਉਚੇਰੀ ਸਿੱਖਿਆ ਵਿਭਾਗ ਵਲੋਂ ਕੋਵਿਡ-19 ਦੇ ਚਲਦੇ ਯੂਨੀਵਰਸਿਟੀਆਂ/ਕਾਲਜ਼ ਮੁੜ ਖੋਲ੍ਹਣ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

- Advertisement -

Share this Article
Leave a comment