ਨਵੀਂ ਦਿੱਲੀ : ਇਕ ਵਾਰ ਫਿਰ ਰੇਲਵੇ ਵਿਭਾਗ ਸਵਾਲਾਂ ਦੇ ਘੇਰੇ ‘ਚ ਹੈ ਵਿਭਾਗ ‘ਤੇ ਚੋਣ ਜਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਿਆ ਹੈ। ਦਰਅਸਲ ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ‘ਚ ਜਿਨ੍ਹਾਂ ਡਿਸਪੋਜ਼ੇਬਲ ਕੱਪਾਂ ਵਿੱਚ ਚਾਹ ਵਰਤਾਈ ਗਈ, ਉਨ੍ਹਾਂ ‘ਤੇ ‘ਮੈਂ ਵੀ ਚੌਕੀਦਾਰ’ ਲਿਖਿਆ ਹੋਇਆ ਸੀ। ਕਾਠਗੋਦਾਮ ਸ਼ਤਾਬਦੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਹੇ ਇੱਕ ਯਾਤਰੀ ਨੇ ਇਸ ਕੱਪ ਦੀ ਤਸਵੀਰ ਨਾਲ ਟਵੀਟ ਕੀਤਾ ਜੋ ਵਾਇਰਲ ਹੋ ਗਿਆ। ਇਸ ਪਿੱਛੋਂ ਰੇਲਵੇ ਨੇ ਕਿਹਾ ਕਿ ਉਸ ਨੇ ਇਸ ਤਰ੍ਹਾਂ ਦੇ ਕੱਪ ਹਟਾ ਦਿੱਤੇ ਹਨ। ਇਸ ਦੇ ਠੇਕੇਦਾਰ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।
ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਕੱਪਾਂ ਵਿੱਚ ਦੋ ਵਾਰ ਚਾਹ ਦਿੱਤੀ ਗਈ ਹੈ। ਕੱਪ ‘ਤੇ ‘ਸੰਕਲਪ ਫਾਊਂਡੇਸ਼ਨ’ ਨੇ ਇਸ਼ਤਿਹਾਰ ਦਿੱਤਾ ਸੀ। ਕੁਝ ਦਿਨ ਪਹਿਲਾਂ ਵੀ ਰੇਲਵੇ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ ਲੱਗਾ ਸੀ। ਉਸ ਸਮੇਂ ਪੀਐਮ ਮੋਦੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਸੀ। ਬਾਅਦ ਵਿੱਚ ਰੇਲਵੇ ਨੇ ਸਫਾਈ ਦਿੱਤੀ ਸੀ ਕਿ ਇਹ ਗਲਤੀ ਅਣਜਾਣੇ ਵਿੱਚ ਹੋ ਗਈ ਸੀ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਵੀ ਹਰਕਤ ‘ਚ ਆ ਗਿਆI RCTC ਦੇ ਬੁਲਾਰੇ ਨੇ ਦੱਸਿਆ ਕਿ ਕੱਪਾਂ ਨਾਲ ਸਬੰਧਿਤ ਖਬਰਾਂ ਦੀ ਜਾਂਚ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਰੇਲਵੇ ਦੀ ਮਨਜ਼ੂਰੀ ਦੇ ਬਗੈਰ ਕੀਤਾ ਗਿਆ ਹੈ ਵਿਭਾਗ ਨੂੰ ਇਸਦੀ ਜਾਣਕਾਰੀ ਨਹੀਂ ਸੀ ਮਾਮਲਾ ਸਾਹਮਣੇ ਆਉਣ ‘ਤੇ ਪੈਂਟਰੀ ਦੇ ਸੁਪਰਵਾਈਜ਼ਰ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਠੇਕੇਦਾਰ ਨੂੰ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।