ਟਰੂਡੋ ਦੇ ਕਰੀਬੀ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Prabhjot Kaur
1 Min Read

ਟਰਾਂਟੋ: ਕੈਨੇਡਾ ਦੇ ਸਿਆਸੀ ਗਲਿਆਰਿਆਂ ‘ਚ ਇਨ੍ਹੀ ਦਿਨੀ ਉਥਲ ਪੁਥਲ ਹੁੰਦੀ ਜਾਪ ਰਹੀ ਹੈ ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਰੀਬੀਆਂ ‘ਚੋਂ ਮੰਨੇ ਜਾਂਦੇ ਸੀਨੀਅਰ ਸਲਾਹਕਾਰ ਗੇਰਾਲਡ ਬੱਟਸ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਦੇ ਨਾਲ ਹੀ ਬੱਟਸ ਨੇ ਉਨ੍ਹਾਂ ਦੋਸ਼ਾਂ ਦਾ ਖੰਡਨ ਵੀ ਕੀਤਾ ਕਿ ਉਨ੍ਹਾਂ ਨੇ ਇੱਕ ਪ੍ਰਮੁੱਖ ਕੈਨੇਡੀਅਨ ਇੰਜਨੀਅਰਿੰਗ ਕੰਪਨੀ ਵਿਰੁੱਧ ਮੁਕੱਦਮੇ ਨੂੰ ਲੈ ਕੇ ਦੇਸ਼ ਦੇ ਸਾਬਕਾ ਅਟਾਰਨੀ ਜਨਰਲ ਤੇ ਦਬਾਅ ਬਣਾਇਆ ਸੀ।

ਦੱਸਿਆ ਜਾਂਦਾ ਹੈ ਕਿ ਜਨਰਲ ਸਕੱਤਰ ਗੇਰਾਲਡ ਬੱਟਸ ਟਰੂਡੋ ਦੇ ਕਰੀਬੀ ਸਲਾਹਕਾਰ ਰਹਿਣ ਦੇ ਨਾਲ-ਨਾਲ ਉਨ੍ਹਾਂ ਦੇ ਚੰਗੇ ਦੋਸਤ ਰਹਿ ਚੁੱਕੇ ਹਨ। ਉਹ ਇੰਜਨੀਅਰਿੰਗ ਕੰਪਨੀ ਵਿਰੁੱਧ ਮੁਕੱਦਮੇ ਦੇ ਮਾਮਲਾ ਵਿੱਚ ਘਿਰੇ ਹੋਏ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਅਟਾਰਨੀ ਜਨਰਲ ਤੇ ਵੈਨਕੂਵਰ-ਗਰੈਨਵਿਲ ਤੋਂ ਸਾਂਸਦ ਜੋਡੀ ਵਿਲਸਨ ਰੇਬੋਲਡ ਨੇ ਵੀ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਸੀ। ਇਹ ਅਸਤੀਫਾ ਪ੍ਰਧਾਨ ਮੰਤਰੀ ਦਫ਼ਤਰ ਨਾਲ ਚੱਲ ਰਹੇ ਵਿਵਾਦ ਕਰਕੇ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਕਥਿਤ ਤੌਰ ’ਤੇ ਰੇਬੋਲਡ ਨੂੰ ਕਿਊਬੈਕ ਦੀ ਨਾਮੀ ਇੰਜਨੀਅਰਿੰਗ ਕੰਪਨੀ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਲਈ ਦਬਾਅ ਪਾਇਆ ਸੀ।

Share this Article
Leave a comment