Home / ਓਪੀਨੀਅਨ / ਜਿਨਾਹ ਗੁਜਰਾਤੀ ਕਿ ਪਾਕਿਸਤਾਨੀ

ਜਿਨਾਹ ਗੁਜਰਾਤੀ ਕਿ ਪਾਕਿਸਤਾਨੀ

ਪ੍ਰੋ . ਪਰਮਜੀਤ ਢੀਂਗਰਾ ਭਾਰਤੀ ਇਤਿਹਾਸ ਅਜੀਬ ਤਰ੍ਹਾਂ ਦੇ ਵਿਰੋਧਾਭਾਸਾਂ ਨਾਲ ਭਰਿਆ ਪਿਆ ਹੈ| ਇਸ ਦਾ ਵੱਡਾ ਕਾਰਨ ਇਹ ਹੈ ਕਿ ਭਾਰਤੀ ਇਤਿਹਾਸ ਵਧੇਰੇ ਕਰਕੇ ਯੂਰਪੀ ਵਿਦਵਾਨਾਂ  ਨੇ ਸਾਂਭਿਆ| ਉਨ੍ਹਾਂ ਦੀ ਭਾਰਤੀ ਇਤਿਹਾਸ ਵੱਲ ਦ੍ਰਿ੍ਸ਼ਟੀ ਬਸਤੀਵਾਦੀ ਸੋਚ ਦਾ ਸਿੱਟਾ ਸੀ| ਜਿਨ੍ਹਾਂ ਭਾਰਤੀ ਵਿਦਵਾਨਾਂ ਨੇ ਇਤਿਹਾਸ ਇਕੱਠਾ ਕਰਕੇ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਉਹ ਸੰਪਰਦਾਇਕ ਦ੍ਰਿਸ਼ਟੀ ਦੇ ਸ਼ਿਕਾਰ ਹੋ ਗਏ| ਨਤੀਜਾ ਇਹ ਨਿਕਲਿਆ ਕਿ ਭਾਰਤੀ ਇਤਿਹਾਸ ਤੇ ਉਸ ਨਾਲ ਜੁੜੀਆਂ ਪਰੰਪਰਾਵਾਂ ਤੇ ਸ਼ਖਸੀਅਤਾਂ ਬਾਰੇ ਕਦੇ ਵੀ ਇਕ ਮੱਤ ਪੈਦਾ ਨਹੀਂ ਹੋ ਸਕਿਆ| ਇਹੀ ਕਾਰਨ ਹੈ ਕਿ ਅੱਜ ਕੱਲ੍ਹ ਮੁੜ ਇਤਿਹਾਸਕ ਸ਼ਖ਼ਸੀਅਤ ਬਾਰੇ ਅੰਧ ਰਾਸ਼ਟਰਵਾਦੀ ਸੋਚ ਨੇ ਜਿਥੇ ਨਵੇਂ ਬਖੇੜੇ ਖੜ੍ਹੇ ਕੀਤੇ ਹਨ ਓਥੇ ਲੋਕਾਂ ਵਿਚ ਪਾੜ ਪਾ ਕੇ ਇਤਿਹਾਸ ਨੂੰ ਤੋੜਨ ਮਰੋੜਨ ਦੇ ਯਤਨ ਵੀ ਕੀਤੇ ਜਾ ਰਹੇ ਹਨ| ਇਸ ਪ੍ਰਸੰਗ ਵਿਚ ਜਿਨਾਹ ਦੀ ਸ਼ਖ਼ਸੀਅਤ ਦਾ ਲੇਖਾ ਜੋਖਾ-ਕੀਤਾ ਜਾ ਸਕਦਾ ਹੈ| ਮੁਹੰਮਦ ਅਲੀ ਜਿਨਾਹ ਦੇ ਵੱਡੇ ਵਡੇਰੇ ਸਤਾਰਵੀਂ ਸਦੀ ਦੇ ਅੰਤ ਅਤੇ ਅਠਾਰਵੀਂ ਸਦੀ ਦੇ ਮੁਢਲੇ ਦੌਰ ਵਿਚ ਗੁਜਰਾਤ ਦੇ ਕਾਠੀਆਵਾੜ ਇਲਾਕੇ ਵਿਚ ਰਾਜਕੋਟ ਜ਼ਿਲੇ ਦੇ ਪਿੰਡ ਪਨੇਲੀ ਵਿਚ ਬਾਹਰੋਂ ਆ ਕੇ ਵਸ ਗਏ| ਇਹ ਪਿੰਡ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਜਨਮ ਭੂਮੀ ਪੋਰਬੰਦਰ ਤੋਂ ਲਗਪਗ ਤੀਹ ਕਿਲੋਮੀਟਰ ਦੂਰ ਉਤਰ ਵਲ ਹੈ| ਜ਼ਿਲਾ ਵੀ ਇਹਦਾ ਰਾਜਕੋਟ ਹੀ ਹੈ| ਜਿਨਾਹ ਦੇ ਵਡੇਰਿਆਂ ਦੀ ਮਾਤ ਭੂਮੀ ਨੂੰ ਲੈ ਕੇ ਕਈ ਮੱਤਭੇਦ ਹਨ| ਉਹਦੀ ਜੀਵਨੀ ਲਿਖਣ ਵਾਲਾ ਪ੍ਰਸਿਧ ਲੇਖਕ ਸਟੈਨਲੀ ਵਾਲਪੋਰਟ ਲਿਖਦਾ ਹੈ ਕਿ ‘ਜਿਨਾਹ ਦੇ ਵੱਡੇ ਵਡੇਰੇ ਮੂਲ ਰੂਪ ਵਿਚ ਇਸਮਾਈਲੀ ਸੰਪਰਾਏ ਦੇ ਧਾਰਮਿਕ ਆਗੂ ਆਗਾ ਖਾਨ ਦੇ ਪੈਰੋਕਾਰ ਸਨ ਜੋ ਖੋਜਿਆਂ ਵਿਚੋਂ ਸਨ ਜਿਹੜੇ ਦਸਵੀਂ ਤੋਂ ਸੋਲ੍ਹਵੀਂ ਸਦੀ ਦੌਰਾਨ ਫਾਰਸ ਦੇ ਪੱਛਮੀ ਹਿੱਸੇ ਵਿਚ ਵਸੇ ਹੋਏ ਸਨ| ਅਕਬਰ ਐਸ. ਅਹਿਮਦ ਜਿਨਾਹ ਦੀ ਛੋਟੀ ਭੈਣ ਫਾਤਿਮਾ ਦੇ ਹਵਾਲੇ ਨਾਲ ਲਿਖਦਾ ਹੈ ਕਿ ਜਿਨਾਹ ਦੇ ਵੱਡੇ ਵਡੇਰੇ ਇਰਾਨ ਨਿਵਾਸੀ ਸਨ ਪਰ ਜਿਨਾਹ ਦੇ ਪਾਕਿਸਤਾਨੀ ਜੀਵਨੀਕਾਰ ਅਜੀਜ਼ ਬੇਗ ਅਨੁਸਾਰ ਉਨਾਂ ਦੇ ਵੱਡੇ ਵਡੇਰੇ ਸਾਹੀਵਾਲ (ਪੰਜਾਬ) ਦੇ ਰਾਜਪੂਤ ਸਨ ਜਿਨ੍ਹਾਂ ਨੇ ਇਸਮਾਈਲੀ ਖੋਜਾ ਪਰਿਵਾਰ ਦੀ ਇਕ ਲੜਕੀ ਨਾਲ ਵਿਆਹ ਕਰ ਲਿਆ ਤੇ ਓਥੋਂ ਜਾ ਕੇ ਕਾਠੀਆਵਾੜ ਵਸ ਗਏ| ਪਰ ਉਹਦੇ ਇਕ ਹੋਰ ਜੀਵਨੀਕਾਰ ਹੈਕਟਰ ਬੋਲਿਥੋ ਨੇ ਜਿਨਾਹ ਦੀ ਚਚੇਰੀ ਭਾਬੀ ਫਾਤਿਮਾ ਬਾਈ, ਜੋ ਕਿ ਇਸ ਸਾਂਝੇ ਪਰਿਵਾਰ ਵਿਚ 1884 ਵਿਚ ਵਿਆਹ ਕੇ ਆਈ ਸੀ, ਦੇ ਹਵਾਲੇ ਨਾਲ ਉਹਦੇ ਬੇਟੇ ਮੁਹੰਮਦ ਅਲੀ ਗੰਜ ਤੋਂ ਮਿਲੀ ਜਾਣਕਾਰੀ ਅਨੁਸਾਰ ਤੇ ਪਰਿਵਾਰ ਦੇ ਦਸਤਾਵੇਜੀ ਸਬੂਤਾਂ ਦੇ ਹਵਾਲੇ ਨਾਲ ਲਿਖਦਾ ਹੈ ਕਿ ਜਿਨਾਹ ਦੇ ਵੱਡੇ ਵਡੇਰੇ ਮੂਲ ਰੂਪ ਵਿਚ ਪੰਜਾਬ ਦੇ ਮੁਲਤਾਨ ਜ਼ਿਲੇ ਦੇ ਹਿੰਦੂ ਸਨ| ਇਸ ਦੀ ਪੁਸ਼ਟੀ ਮਹਾਤਮਾ ਗਾਂਧੀ ਦੇ ਪੋਤੇ ਤੇ ਪ੍ਰਸਿਧ ਲੇਖਕ ਰਾਜਮੋਹਨ ਗਾਂਧੀ ਨੇ ਵੀ ਕੀਤੀ ਹੈ| ਉਨ੍ਹਾਂ ਦੇ ਵੱਡੇ ਵਡੇਰੇ ਲੋਹਾਨਾ ਜਾਤੀ ਦੇ ਸਨ ਜਿਨ੍ਹਾਂ ਦਾ ਮੁੱਖ ਕਾਰੋਬਾਰ ਸ਼ਾਹੂਕਾਰਾ ਸੀ| ਸਤਾਰਵੀਂ ਅਠਾਰਵੀਂ ਸਦੀ ਵਿਚ ਲੋਹਾਨਿਆਂ ਦਾ ਇਕ ਵੱਡਾ ਸਮੂਹ ਮੁਲਤਾਨ ਤੋਂ ਹਿਜਰਤ ਕਰਕੇ ਕਾਠੀਆਵਾੜ ਵਿਚ ਵਸ ਗਿਆ| ਲੰਬੇ ਅਰਸੇ ਤੱਕ ਉਹ ਕਾਠੀਆਵਾੜ ਦੇ ਵਪਾਰੀਆਂ ਵਿਚ ਮੁਲਤਾਨੀਆਂ ਵਜੋਂ ਹੀ ਜਾਣੇ ਜਾਂਦੇ ਸਨ| ਮੁਲਤਾਨ ਦੇ ਸ਼ਾਹੂਕਾਰਾਂ ਦੀ ਸਾਖ ਦੂਰ ਦੂਰ ਤੱਕ ਸੀ| ਸ਼ਾਹੂਕਾਰੇ ਤੋਂ ਇਲਾਵਾ ਲੁਹਾਨੇ ਕਰਿਆਨੇ ਦੇ ਵਪਾਰ ਨਾਲ ਵੀ ਜੁੜੇ ਹੋਏ ਸਨ| ਕਾਠੀਆਵਾੜ ਵਿਚ ਉਨੀਵੀਂ ਸਦੀ ਦੇ ਪਹਿਲੇ ਦੂਜੇ ਦਹਾਕੇ ਵਿਚ ਕਈ ਲੁਹਾਨਿਆਂ ਨੇ ਹਿੰਦੂ ਧਰਮ ਦਾ ਤਿਆਗ ਕਰਕੇ ਇਸਲਾਮ ਧਾਰਨ ਕਰ ਲਿਆ| ਜਿਨਾਹ ਦੇ ਵਡੇਰੇ ਪੁੰਜਾਭਾਈ ਦਾ ਪਰਿਵਾਰ ਉਨ੍ਹਾਂ ਵਿਚੋਂ ਇਕ ਸੀ| ਕੰਪਿਊਟਰ ਉਦਯੋਗ ਨਾਲ ਜੁੜੇ ਅਜ਼ੀਮ ਪ੍ਰੇਮ ਜੀ ਦੇ ਵਡੇਰੇ ਵੀ ਕਾਠੀਆਵਾੜ ਦੇ ਲੋਹਾਨਾ ਜਾਤੀ ਦੇ ਹਿੰਦੂ ਸਨ| ਉਨ੍ਹਾਂ ਨੇ ਵੀ ਲਗਪਗ ਏਸੇ ਸਮੇਂ ਇਸਲਾਮ ਧਾਰਨ ਕੀਤਾ| ਜਿਨਾਹ ਦੇ ਹਿੰਦੂ ਹੋਣ ਦਾ ਪਤਾ ਉਨ੍ਹਾਂ ਦੇ ਪਰਿਵਾਰਕ ਨਾਵਾਂ ਵਿਚੋਂ ਵੀ ਝਲਕਦਾ ਹੈ ਜਿਵੇਂ ਉਨ੍ਹਾਂ ਦੀ ਮਾਂ ਦਾ ਨਾਂ ਸੀ ਮਿਠਨਬਾਈ, ਭੂਆ ਦਾ ਨਾਂ ਸੀ ਮਾਨਬਾਈ, ਭਾਬੀ ਦਾ ਨਾਂ ਸੀ ਫਾਤਿਮਾ ਬਾਈ, ਪੁੱਤਰਾਂ ਦੇ ਨਾਂ ਸਨ ਵਾਲਜੀ, ਨੱਥੂਭਾਈ ਆਦਿ| ਭਾਵੇਂ ਉਨ੍ਹਾਂ ਨੇ ਹਿੰਦੂ ਧਰਮ ਛੱਡ ਦਿਤਾ ਸੀ ਪਰ ਕਈ ਚਿਰ ਤੱਕ ਉਨ੍ਹਾਂ ਦੇ ਪਰਿਵਾਰਾਂ ਵਿਚ ਹਿੰਦੂ ਰੀਤੀ ਰਿਵਾਜਾਂ ਦਾ ਪਾਲਣ ਹੁੰਦਾ ਰਿਹਾ| ਇਥੋਂ ਤੱਕ ਕਿ ਵਿਆਹ ਸ਼ਾਦੀ ਸਮੇਂ ਵੀ ਕਈ ਹਿੰਦੂ ਰੀਤੀ ਰਿਵਾਜ ਕੀਤੇ ਜਾਂਦੇ ਸਨ। ਏਥੇ ਇਹ ਗੱਲ ਵੀ ਬੜੀ ਦਿਲਚਸਪ ਹੈ ਕਿ ਪਾਕਿਸਤਾਨ ਦੇ ਜਨਮ ਪਿਛੇ ਵਿਚਾਰਕ ਵਜੋਂ ਜਿਸਦੀ ਸੋਚ ਕੰਮ ਕਰ ਰਹੀ ਸੀ ਉਹ ਸੀ ਅਲਾਮਾ ਇਕਬਾਲ| ਉਹਦੇ ਵੱਡੇ ਵਡੇਰੇ ਵੀ ਕਸ਼ਮੀਰ ਦੇ ਸਪਰੂ ਬ੍ਰਾਹਮਣ ਸਨ ਜਿਨ੍ਹਾਂ ਨੇ ਹਿੰਦੂ ਧਰਮ ਦਾ ਤਿਆਗ ਕਰਕੇ ਮੁਸਲਮਾਨੀ ਅੰਗੀਕਾਰ ਕਰ ਲਈ ਸੀ| ਇਕਬਾਲ ਨੇ ਆਪਣੇ ਹਿੰਦੂ ਮੂਲ ਨੂੰ ਸਵੀਕਾਰ ਕਰਨ ਵਿਚ ਕਦੇ ਝਿਜਕ ਮਹਿਸੂਸ ਨਹੀਂ ਕੀਤੀ| ਉਹਨੂੰ ਸਗੋਂ ਆਪਣੇ ਬ੍ਰਾਹਮਣੀ ਖੂਨ ‘ਤੇ ਮਾਣ ਸੀ, ਉਹ ਲਿਖਦਾ ਹੈ ‘ਮੈਂ ਅਸਲ ਕਾ ਖਾਸ ਸੋਮਨਾਤੀ’ ਆਬਾ ਮੇਰੇ ਲਾਤੀਓ ਮਨਾਤੀ ਹੈ ਫਲਸਫਾ ਮੇਰੀ ਆਬੋ ਗਿਲ ਮੇਂ ਪੇਸ਼ੀਦਾ ਹੈ ਮੇਰੇ ਰੇਸ਼ਹਾਏ ਦਿਲ ਮੇਂ (ਅਰਥਾਤ ਮੈਂ ਸੋਮਨਾਥ ਦਾ ਅਸਲੀ ਤੇ ਵਿਸ਼ੇਸ਼ ਪੈਰੋਕਾਰ ਹਾਂ| ਮੇਰੇ ਵੱਡੇ ਵਡੇਰੇ ਮੂਰਤੀ ਪੂਜਕ ਰਹੇ ਹਨ| ਦਰਸ਼ਨ ਅਥਵਾ ਫਲਸਫਾ ਤਾਂ ਮੇਰੇ ਜਿਸਮ ਦੇ ਮਿੱਟੀ ਪਾਣੀ ਵਿਚ ਰਚਿਆ ਮਿਚਿਆ ਹੈ| ਉਹ ਤਾਂ ਮੇਰੀ ਨਸ ਨਸ ਵਿਚ ਮੌਜੂਦ ਹੈ) ਇਕਬਾਲ ਦੇ ਉਲਟ ਜਿਨਾਹ ਨੇ ਕਦੇ ਇਹ ਸਵੀਕਾਰ ਨਹੀਂ ਕੀਤਾ ਕਿ ਉਹਦੇ ਵਡੇਰੇ ਹਿੰਦੂ ਸਨ ਪਾਨੇਲੀ ਵਿਚ ਹੀ ਜਿਨਾਹ ਦੇ ਪਿਤਾ ਜਿੰਨਾਬਾਈ ਪੁੰਜਾਬਾਈ ਦਾ ਜਨਮ ਉਨੀਵੀਂ ਸਦੀ ਦੇ ਅੱਧ ਵਿਚ ਹੋਇਆ| ਜਿੰਨਾ ਦਾ ਗੁਜਰਾਤੀ ਵਿਚ ਅਰਥ ਹੈ ਛੋਟਾ ਜਾਂ ਨਿਕੜਾ| ਉਨ੍ਹਾਂ ਦੇ ਪਿਤਾ ਪਹਿਲਾਂ ਏਥੇ ਹੀ ਕਾਰੋਬਾਰ ਕਰਦੇ ਸਨ ਫਿਰ ਉਹ ਕਰਾਚੀ ਜਾ ਕੇ ਵਸ ਗਏ| ਓਥੇ ਉਨ੍ਹਾਂ ਨੇ ਕਪਾਹ, ਉਨ, ਚਮੜੇ, ਅਨਾਜ ਆਦਿ ਕੱਚੇ ਮਾਲ ਦਾ ਕਾਰੋਬਾਰ ਕੀਤਾ ਜੋ ਇੰਗਲੈਂਡ ਜਾਂਦਾ ਸੀ ਅਤੇ ਉਥੋਂ ਬਦਲੇ ਵਿਚ ਖੰਡ, ਕੱਪੜਾ, ਧਾਤਾਂ ਤੇ ਚਮੜੇ ਦਾ ਬਣਿਆ ਸਮਾਨ ਆਂਦਾ ਸੀ| ਗਾਂਧੀ ਤੇ ਜਿਨਾਹ ਦੋ ਉਲਟ ਦਿਸ਼ਾਵੀ ਧਰੁਵ ਮੰਨੇ ਜਾਂਦੇ ਹਨ ਪਰ ਇਹ ਵੀ ਇਤਿਹਾਸ ਦਾ ਵਿਰੋਧਾਭਾਸ ਹੈ ਕਿ ਦੋਵੇਂ ਗੁਜਰਾਤੀ ਸਨ, ਦੋਵੇਂ ਵਪਾਰੀ ਪਰਿਵਾਰਾਂ ਵਿਚੋਂ ਸਨ| ਦੋਵੇਂ ਇਕ ਦੂਜੇ ਦੇ ਗੁਆਂਢੀ ਖਿਤਿਆਂ ਦੇ ਵਸਨੀਕ ਸਨ| ਦੋਹਾਂ ਦੀ ਮਾਤ ਭਾਸ਼ਾ ਗੁਜਰਾਤੀ ਸੀ| ਕਰਾਚੀ ਵਸਣ ਦੇ ਬਾਵਜੂਦ ਜਿਨਾਹ ਦੇ ਘਰ ਵਿਚ ਗੁਜਰਾਤੀ ਸਭਿਆਚਾਰ ਤੇ ਰੀਤੀ ਰਿਵਾਜਾਂ ਦਾ ਪਾਲਨ ਹੁੰਦਾ ਸੀ| ਘਰ ਵਿਚ ਉਹ ਗੁਜਰਾਤੀ ਬੋਲਦੇ ਸਨ| ਲੰਡਨ ਵਿਚ ਪੜ੍ਹਾਈ ਕਰਨ ਉਪਰੰਤ ਉਨ੍ਹਾਂ ਦਾ ਤੌਰ ਤਰੀਕਾ ਪੱਛਮੀ ਹੋ ਗਿਆ ਪਰ ਉਹ ਥੋੜ੍ਹੀ ਬਹੁਤ ਉਰਦੂ ਤੇ ਮਰਾਠੀ ਵੀ ਬੋਲ ਲੈਂਦੇ ਸਨ| ਗਾਂਧੀ ਜੀ ਨੇ ਇਕ ਵਾਰ 17 ਜੁਲਾਈ 1944 ਵਿਚ ਸ੍ਰੀ ਨਗਰ ਛੁਟੀਆਂ ਬਿਤਾ ਰਹੇ ਜਿਨਾਹ ਨੂੰ ਗੁਜਰਾਤੀ ਵਿਚ ਖਤ ਲਿਖਿਆ ਸੀ – ਭਾਈ ਜਿਨਾਹ, ਕਦੇ ਉਹ ਦਿਨ ਵੀ ਸਨ ਜਦੋਂ ਮੈਂ ਤੁਹਾਨੂੰ ਤੁਹਾਡੀ ਮਾਤ ਭਾਸ਼ਾ ਗੁਜਰਾਤੀ ਵਿਚ ਬੋਲਣ ਲਈ ਪ੍ਰੇਰਤ ਕਰਦਾ ਸਾਂ, ਅੱਜ ਮੈਂ ਹੌਸਲਾ ਕਰਕੇ ਓਸੇ ਮਾਤ ਭਾਸ਼ਾ ਵਿਚ ਤੁਹਾਨੂੰ ਇਹ ਖਤ ਲਿਖ ਰਿਹਾ ਹਾਂ| ਜਦੋਂ ਮੈਂ ਜੇਲ੍ਹ ਵਿਚ ਸਾਂ ਤਾਂ ਮੈਂ ਤੁਹਾਨੂੰ ਮਿਲਣ ਲਈ ਕਿਹਾ ਸੀ ਪਰ ਜੇਲ੍ਹ ਵਿਚ ਰਿਹਾਈ ਤੋਂ ਬਾਅਦ ਮੈਂ ਤੁਹਾਨੂੰ ਲਿਖ ਹੀ ਨਹੀਂ ਸਕਿਆ| ਪਰ ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਨੂੰ ਲਿਖਾਂ| ਤੁਸੀਂ ਜਿਥੇ ਚਾਹੋ ਆਪਾਂ ਓਥੇ ਹੀ ਮਿਲ ਸਕਦੇ ਹਾਂ| ਕਿਰਪਾ ਕਰਕੇ ਮੈਨੂੰ ਇਸਲਾਮ ਅਤੇ ਇਸ ਦੇਸ਼ ਦੇ ਮੁਸਲਮਾਨਾਂ ਦਾ ਦੁਸ਼ਮਣ ਨਾ ਸਮਝੋ| ਮੈਂ ਨਾ ਕੇਵਲ ਤੁਹਾਡਾ ਬਲਕਿ ਪੂਰੀ ਦੁਨੀਆ ਦਾ ਦੋਸਤ ਅਤੇ ਸੇਵਕ ਹਾਂ| ਕਿਰਪਾ ਕਰਕੇ ਮੈਨੂੰ ਨਿਰਾਸ਼ ਨਾ ਕਰਨਾ| ਤੁਹਾਡਾ ਗਾਂਧੀ ਦੋਹਾਂ ਦਾ ਬਾਲ ਵਿਆਹ ਹੋਇਆ ਸੀ| ਦੋਹਾਂ ਨੇ ਆਪਣੇ ਦੇਸ਼ ਦੇ ਬਸਤੀਵਾਦੀ ਹਾਕਮਾਂ ਦੇ ਦੇਸ਼ ਦੀ ਰਾਜਧਾਨੀ ਲੰਡਨ ਵਿਚੋਂ ਕਾਨੂੰਨੀ ਸਿਖਿਆ ਪ੍ਰਾਪਤ ਕੀਤੀ| ਦੋਹਾਂ ਨੇ ਭਰ ਜੁਆਨੀ ਵਿਚ ਸਿਖਿਆ ਪ੍ਰਾਪਤੀ ਲਈ ਘਰ ਛਡਿਆ| ਦੋਹਾਂ ਨੇ ਪੱਛਮ ਨੂੰ ਆਪਣੇ ਆਪਣੇ ਤਰੀਕੇ ਨਾਲ ਆਤਮਸਾਤ ਕੀਤਾ| ਦੇਸ਼ ਵਿਚ ਦੋਹਾਂ ਦਾ ਰਾਜਨੀਤਕ ਜੀਵਨ ਕਾਂਗਰਸ ਪਾਰਟੀ ਵਿਚ ਪ੍ਰਵਾਨ ਚੜ੍ਹਿਆ| ਕਾਂਗਰਸ ਦੇ ਉਦਾਰਵਾਦੀ ਨੇਤਾ ਗੋਪਾਲ ਕ੍ਰਿ੍ਸ਼ਨ ਗੋਖਲੇ ਨੇ ਦੋਹਾਂ ਨੂੰ ਚੁੰਬਕ ਵਾਂਗ ਆਪਣੇ ਵਲ ਖਿਚਿਆ| ਦੋਹਾਂ ਦੀ ਰਾਜਨੀਤਕ ਦਿਖ ਸੰਵਾਰਨ ਅਤੇ ਘੜਨ ਵਿਚ ਗੋਖਲੇ ਦਾ ਵੱਡਾ ਯੋਗਦਾਨ ਸੀ| ਦੋਹਾਂ ਦੇ ਸੁਭਾਅ ਮੁਢਲੇ ਰੂਪ ਵਿਚ ਕੱਟੜਤਾ ਤੋਂ ਮੁਕਤ ਸਨ| ਵੀਹਵੀਂ ਸਦੀ ਦੇ ਮੁਢਲੇ ਦੋ ਦਹਾਕਿਆਂ ਵਿਚ ਕਾਂਗਰਸ ਅਤੇ ਹੋਮਰੂਲ ਲੀਗ ਵਲੋਂ ਆਜ਼ਾਦੀ ਦੀ ਪ੍ਰਾਪਤੀ ਲਈ ਦੋਹਾਂ ਨੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕੀਤਾ| ਜਿਸ ਤਰ੍ਹਾਂ ਗਾਂਧੀ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਕਾਂਗਰਸ ਨਾਲ ਅਨਪੜ੍ਹ ਤੇ ਗਰੀਬ ਅਵਾਮ ਨੂੰ ਜੋੜ ਕੇ ਉਸਨੂੰ ਇਕ ਵਿਸ਼ਾਲ ਜਨ-ਅੰਦੋਲਨ ਵਿਚ ਬਦਲ ਦਿੱਤਾ ਉਵੇਂ ਹੀ ਅੱਗੇ ਜਾ ਕੇ ਜਿਨਾਹ ਨੇ ਮੁਸਲਿਮ ਲੀਗ ਨੂੰ ਆਪਣੇ ਵਿਅਕਤਿਤਵ ਅਤੇ ਜੁਝਾਰੂਪੁਣੇ ਵਿਚ ਢਾਲ ਕੇ ਮੁਸਲਮਾਨਾਂ ਦੇ ਇਕ ਵੱਡੇ ਹਿੱਸੇ ਦੀਆਂ ਇਛਾਵਾਂ ਤੇ ਆਸਾਂ ਨੂੰ ਬੂਰ ਲਾ ਕੇ, ਇਕ ਤਿਖੇ ਹਥਿਆਰ ਵਿਚ ਬਦਲ ਕੇ ਕਾਮਯਾਬੀ ਹਾਸਲ ਕੀਤੀ| ਪਰ ਦੋਵੇਂ ਜ਼ਿਦ ਦੇ ਪੱਕੇ ਸਨ| ਦੋਹਾਂ ਨੂੰ ਅੱਗੇ ਜਾ ਕੇ ਇਕ ਨੂੰ ਰਾਸ਼ਟਰ ਪਿਤਾ ਤੇ ਦੂਜੇ ਨੂੰ ਬਾਬਾ-ਏ-ਕੌਮ ਦੀ ਉਪਾਧੀ ਨਾਲ ਨਿਵਾਜਿਆ ਗਿਆ| ਪਰ ਇਹ ਵੀ ਇਕ ਵਿਰੋਧਾਭਾਸ ਹੀ ਹੈ ਕਿ ਦੋਹਾਂ ਵੱਖ ਹੋਏ ਮੁਲਕਾਂ ਦੇ ਅਚੇਤ ਵਿਚ ਇਕ ਜਾਣਿਆ ਪਛਾਣਿਆ ਸਮਝੌਤਾ ਹੋਇਆ ਜਿਸਦੇ ਤਹਿਤ ਕੱਟੇ ਵੱਢੇ ਆਜ਼ਾਦ ਹੋਏ ਦੋਹਾਂ ਮੁਲਕਾਂ ਦੇ ਸ਼ਾਸਕਾਂ ਨੇ ਉਨ੍ਹਾਂ ਦੇ ਅਸੂਲਾਂ ਤੇ ਮੁਲਾਂ ਨੂੰ ਕੂੜੇਦਾਨ ਵਿਚ ਸੁਟ ਕੇ ਉਨ੍ਹਾਂ ਨੂੰ ਮੁਰਦਾ ਇਤਿਹਾਸ ਦੀਆਂ ਯਾਦਾਂ ਦਾ ਹਿੱਸਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ| ਅੰਧ ਰਾਸ਼ਟਰੀ ਤਾਕਤਾਂ ਨੇ ਜਿਥੇ ਰਾਸ਼ਟਰ ਪਿਤਾ ਦਾ ਕੁਝ ਸਮੇਂ ਬਾਅਦ ਕਤਲ ਕਰ ਦਿੱਤਾ ਓਥੇ ਬਾਬਾ-ਏ-ਕੌਮ ਸ਼ਾਇਦ ਵੱਖਰੇ ਮੁਲਕ ਦੀ ਗਲਤੀ ਦੀ ਤ੍ਰਾਸਦੀ ਭੋਗਦਾ ਹੋਇਆ ਅੱਲ੍ਹਾ ਨੂੰ ਪਿਆਰਾ ਹੋ ਗਿਆ| ਕਾਂਗਰਸ ਪਾਰਟੀ ਦੇ ਮੋਢੀਆਂ ਵਿਚ ਪ੍ਰਸਿਧ ਗੁਜਰਾਤੀ ਦਾਦਾ ਭਾਈ ਨਾਰੋਜੀ ਨੇ 1893 ਵਿਚ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਦੀ ਚੋਣ ਲੜੀ ਤਾਂ ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਹੋਰਨਾਂ ਭਾਰਤੀ ਨੌਜਵਾਨਾਂ ਵਾਂਗ ਜਿਨਾਹ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ| ਦਾਦਾ ਭਾਈ ਨਾਰੋਜੀ ਤਿੰਨ ਵੋਟਾਂ ਦੇ ਫਰਕ ਨਾਲ ਜਿੱਤਕੇ ਹਾਊਸ ਆਫ ਕਾਮਨਜ਼ ਦੇ ਪਹਿਲੇ ਭਾਰਤੀ ਸੰਸਦ ਮੈਂਬਰ ਬਣੇ| ਟੋਰੀ ਪਾਰਟੀ ਦੇ ਮੈਂਬਰ ਉਨ੍ਹਾਂ ਨੂੰ ਕਾਲਾ ਆਦਮੀ ਕਹਿੰਦੇ ਸਨ| ਇਸ ਬਾਰੇ ਜਿਨਾਹ ਨੇ ਆਪਣੀ ਭੈਣ ਫਾਤਿਮਾ ਨੂੰ ਲਿਖਿਆ ਸੀ ਕਿ ਜੇ ਦਾਦਾ ਭਾਈ ਕਾਲੇ ਹਨ ਤਾਂ ਮੈਂ ਉਨ੍ਹਾਂ ਤੋਂ ਵੀ ਵੱਧ ਕਾਲਾ ਹਾਂ| ਇਸ ਤਰ੍ਹਾਂ ਦੀ ਗਲੀਜ਼ ਮਾਨਸਿਕਤਾ ਵਾਲੇ ਅੰਗਰੇਜ਼ਾਂ ਕੋਲੋਂ ਹਿੰਦੋਸਤਾਨ ਕਿਹੜੇ ਇਨਸਾਫ ਦੀ ਉਮੀਦ ਕਰ ਸਕਦਾ ਹੈ| ਗੋਖਲੇ ਨਾਲ ਜਿਨਾਹ ਦੀ ਪਹਿਲੀ ਮੁਲਾਕਾਤ 1904 ਵਿਚ ਬੰਬਈ ਵਿਖੇ ਹੋਏ ਕਾਂਗਰਸ ਸੰਮੇਲਨ ਵਿਚ ਹੋਈ ਸੀ| 1913 ਵਿਚ ਰਾਜਨੀਤਕ ਲਾਬੀ ਬਣਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਲੰਡਨ ਭੇਜਿਆ ਸੀ ਉਥੋਂ ਪਰਤਨ ਤੋਂ ਬਾਅਦ ਸਰੋਜਨੀ ਨਾਇਡੂ ਨੇ ਗੋਖਲੇ ਨੂੰ ਇਹ ਪ੍ਰਸਿਧ ਵਾਕ ਕਿਹਾ ਸੀ ਉਹ ਹਿੰਦੂ ਮੁਸਲਿਮ ਏਕਤਾ ਦਾ ਰਾਜਦੂਤ ਹੈ| ਜਿਨਾਹ ‘ਤੇ ਲੋਕਮਾਨਯ ਤਿਲਕ ਦਾ ਵੀ ਡੂੰਘਾ ਪ੍ਰਭਾਵ ਪਿਆ| ਤਿਲਕ ਦੇ ਵਕੀਲ ਦੇ ਰੂਪ ਵਿਚ ਜਿਨਾਹ ਨੇ ਉਹਦੀ ਰਿਹਾਈ ਲਈ ਸਿਰਤੋੜ ਜਤਨ ਕੀਤੇ| ਗੋਖਲੇ ਦਾ ਵਿਅਕਤਿਤਵ ਜਿਨਾਹ ਦੇ ਮਨ ਵਿਚ ਬਣ ਰਹੇ ਮੁੱਲਾਂ ਅਤੇ ਆਦਰਸ਼ਾਂ ਵਰਗਾ ਸੀ| ਜਿਨਾਹ ਨੇ ਖੁਦ ਇਹ ਮੰਨਿਆ ਸੀ ਕਿ ਉਹ ਮੁਸਲਿਮ ਗੋਖਲੇ ਬਣਨਾ ਚਾਹੁੰਦਾ ਹੈ| ਗੋਖਲੇ ਨੂੰ ਜਿਨਾਹ ਨੇ ਇਕ ਮਹਾਨ ਰਾਜਨੀਤਕ ਰਿਸ਼ੀ ਕਿਹਾ ਸੀ| ਗੋਖਲੇ ਹਿੰਦੁਸਤਾਨ ਵਿਚ ਗਾਂਧੀ ਅਤੇ ਜਿਨਾਹ ਦੇ ਰਾਜਨੀਤਕ ਜੀਵਨ ਦੀ ਧੁਰੀ ਸੀ| ਪਰ ਇਹ ਕਿਹੋ ਜਿਹਾ ਵਿਰੋਧਾਭਾਸ ਹੈ ਕਿ ਸਮਾਨ ਧੁਰੀ ਤੋਂ ਵਿਕਸਤ ਦੋਹਾਂ ਦੇ ਰਾਜਨੀਤਕ ਮੁਹਾਵਰਿਆਂ ਦੀਆਂ ਸਮਾਂਨੰਤਰ ਰੇਖਾਵਾਂ ਕਦੇ ਵੀ ਕਿਸੇ ਬਿੰਦੂ ‘ਤੇ ਜਾ ਕੇ ਨਹੀਂ ਮਿਲੀਆਂ| ਉਨ੍ਹਾਂ ਦੀ ਦੂਰੀ ਨੇ ਭਾਰਤੀ ਉਪਮਹਾਂਦੀਪ ਦੀ ਤ੍ਰਾਸਦਕ ਵੰਡ ਦੀ ਭੂਮਿਕਾ ਲਿਖ ਦਿੱਤੀ| ਜਿਨਾਹ ਦੀ ਦ੍ਰਿਸ਼ਟੀ ਭਾਰਤ ਦੀ ਆਜ਼ਾਦੀ ਲਈ ਬੜੀ ਮੁੱਲਵਾਨ ਸੀ| ਮੁਢਲੇ ਰੂਪ ਵਿਚ ਉਹ ਨਾ ਤਾਂ ਕੱਟੜ ਮੁਸਲਮਾਨ ਸੀ ਤੇ ਨਾ ਹੀ ਉਹ ਉਨ੍ਹਾਂ ਚੀਜਾਂ ਤੋਂ ਪਰਹੇਜ਼ ਕਰਦਾ ਸੀ ਜਿਨ੍ਹਾਂ ਦੀ ਇਸਲਾਮ ਵਿਚ ਮਨਾਹੀ ਹੈ| ਏਸੇ ਦੌਰਾਨ ਇਕ ਵੱਡਾ ਹਾਦਸਾ ਵਾਪਰ ਗਿਆ| ਗਾਂਧੀ ਤੇ ਜਿਨਾਹ ਦੇ ਸਿਰ ‘ਤੇ ਰਾਜਨੀਤਕ ਹੱਥ ਰੱਖਣ ਵਾਲਾ ਉਨ੍ਹਾਂ ਦਾ ਗੁਰੂ ਮਿੱਤਰ ਗੋਪਾਲ ਕ੍ਰਿਸ਼ਨ ਗੋਖਲੇ 19 ਫਰਵਰੀ 1915 ਨੂੰ 49 ਸਾਲ ਦੀ ਅਲਪ ਆਯੂ ਵਿਚ ਕਾਲਵਾਸ ਹੋ ਗਿਆ| ਦੋਹਾਂ ਲਈ ਇਹ ਨਿੱਜੀ ਤੌਰ ‘ਤੇ ਬੜੇ ਦੁਖ ਦੀ ਘੜੀ ਸੀ ਕਿਉਂਕਿ ਦੋਹਾਂ ‘ਤੇ ਗੋਖਲੇ ਦੀ ਗੂੜ੍ਹੀ ਛਾਪ ਸੀ| ਦਸੰਬਰ 1915 ਵਿਚ ਜਦੋਂ ਕਾਂਗਰਸ ਦਾ ਸੰਮੇਲਨ ਬੰਬਈ ਵਿਚ ਹੋ ਰਿਹਾ ਸੀ ਤਦੋਂ ਹੀ 11 ਨਵੰਬਰ ਨੂੰ ਜਿਨਾਹ ਨੇ ਮੁਸਲਿਮ ਲੀਗ ਨੂੰ ਇਕ ਅਪੀਲ ਜਾਰੀ ਕੀਤੀ ਸੀ ਕਿ ‘ਕੀ ਅਸੀਂ ਆਪਣੇ ਮੱਤਭੇਦ ਭੁਲਾ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਇਕ ਸੰਯੁਕਤ ਮੋਰਚਾ ਨਹੀਂ ਬਣਾ ਸਕਦੇ? ਇਹਦੇ ਨਾਲ ਸਾਡੀ ਕੀਮਤ ਸਾਡੇ ਹਿੰਦੂ ਦੋਸਤਾਂ ਦੀ ਨਿਗਾਹ ਵਿਚ ਬਹੁਤ ਵਧ ਜਾਏਗੀ ਤੇ ਪਹਿਲੇ ਨਾਲੋਂ ਕਿਤੇ ਜ਼ਿਆਦਾ ਉਹ ਇਹ ਮਹਿਸੂਸ ਕਰਨਗੇ ਕਿ ਅਸੀਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਲਾਇਕ ਹੋ ਗਏ ਹਾਂ|’ ਅਜਿਹੀਆਂ ਦੋਸਤਾਨਾਂ ਸਥਿਤੀਆਂ ਵਿਚ ਪਾੜ ਪਾਉਣ ਲਈ ਜਿਥੇ ਦੇਸੀ ਲੀਡਰਾਂ ਨੇ ਅੱਗ ‘ਤੇ ਘਿਓ ਪਾਇਆ ਓਥੇ ਬਸਤੀਵਾਦੀ ਹਾਕਮ ਦੋ ਕੌਮਾਂ ਦੇ ਸਿਧਾਂਤ ਨੂੰ ਬਲ ਦੇਣ ਲੱਗੇ| ਨਤੀਜਾ ਜਿਥੇ ਦੋਹਾਂ ਸਮੁਦਾਇਆਂ ਵਿਚ ਜ਼ਹਿਰ ਘੁਲਣ ਲੱਗਾ ਓਥੇ ਨਫਰਤ ਤੇ ਕੱਟੜਤਾ ਦੇ ਸਿਰ ‘ਤੇ ਸਿੰਗ ਉਗ ਆਏ ਤੇ ਮੁਲਕ ਦੀ ਵੰਡ ਦਾ ਰਾਹ ਮੋਕਲਾ ਹੋਣ ਲੱਗਾ| ਦੋਹਾਂ ਮੁਲਕਾਂ ਦੀ ਤ੍ਰਾਸਦਕ ਵੰਡ ਦੇ ਜ਼ਖਮ ਏਨੇ ਗਹਿਰੇ ਹਨ ਕਿ ਇਨ੍ਹਾਂ ਨੂੰ ਭਰਦਿਆਂ ਸ਼ਾਇਦ ਸਦੀਆਂ ਲਗ ਜਾਣਗੀਆਂ| ਉਸ ਸਾਰੇ ਇਤਿਹਾਸ ਨੂੰ ਭੁਲਾ ਕੇ ਅੰਧ ਰਾਸ਼ਟਰੀ ਤਾਕਤਾਂ ਜਿਨਾਹ ਦੀ ਅਲੀਗੜ੍ਹ ਯੂਨੀਵਰਸਿਟੀ ਵਿਚ ਲੱਗੀ ਫੋਟੋ ‘ਤੇ ਵਿਵਾਦ ਖੜ੍ਹਾ ਕਰਕੇ ਜਿਥੇ ਰਾਜਨੀਤੀ ਕੀਤੀ ਓਥੇ ਮੁਲਕ ਵਿਚਲੀ ਬਹੁਬਿਧਤਾ ਤੇ ਵੰਨਸੁਵੰਨਤਾ ਨੂੰ ਵੀ ਢਾਹ ਲਾ ਰਹੀਆਂ ਹਨ| ਕੀ ਇਤਿਹਾਸ ਵਿਚੋਂ ਜਿਨਾਹ ਦਾ ਨਾਂ ਉਹ ਮੇਟ ਦੇਣਗੇ? ਕੀ ਵੰਡ ‘ਤੇ ਬਣੇ ਅਜਾਇਬ ਘਰਾਂ ਵਿਚੋਂ ਜਿਨਾਹ ਦੀ ਫੋਟੋ ਭਾਰਤੀ ਨੇਤਾਵਾਂ ਨਾਲੋਂ ਕੱਟ ਕੇ ਵੱਖ ਕਰ ਦੇਣਗੇ? ਕੀ ਆਂਧਰਾ ‘ਚ ਬਣੀ ਜਿਨਾਹ ਦੀ ਯਾਦਗਾਰ ਢਾਹ ਦੇਣਗੇ? ਕੀ ਇਕ ਸੰਸਦ ਮੈਂਬਰ ਦੀ ਇਹੀ ਜਿੰਮੇਵਾਰੀ ਹੈ ਕਿ ਉਹ ਥਾਂ ਥਾਂ ‘ਤੇ ਜਾ ਕੇ ਇਹ ਵੇਖਦਾ ਫਿਰੇ ਕਿ ਕੀਹਦੀ ਫੋਟੋ ਕਿਥੇ ਲੱਗੀ ਹੈ ਤੇ ਕੀਹਦੀ ਨਹੀਂ ਲੱਗੀ| ਅੰਧ ਰਾਸ਼ਟਰੀ ਤਾਕਤਾਂ ਬਾਹਰੀ ਚਿੰਨ੍ਹਾਂ, ਵਸਤਾਂ ਤੇ ਵਰਤਾਰਿਆਂ ਦੇ ਨਾਂ ‘ਤੇ ਨਫਰਤ ਤੇ ਰਾਜਨੀਤੀ ਦੀ ਖਤਰਨਾਕ ਖੇਡ ਖੇਡ ਰਹੀਆਂ ਹਨ| ਲੋੜ ਹੈ ਅੱਜ ਦੀ ਪੀੜ੍ਹੀ ਨੂੰ ਉਸ ਇਤਿਹਾਸ ਤੋਂ ਜਾਣੂੰ ਕਰਾਉਣ ਦੀ ਜਿਸ ਵਿਚ ਸਾਰਿਆਂ ਨੇ ਇਕੱਠਿਆਂ ਹੋ ਕੇ ਆਜ਼ਾਦੀ ਦੀ ਮਸ਼ਾਲ ਬਾਲੀ ਸੀ ਤੇ ਨਾਲ ਹੀ ਉਨ੍ਹਾਂ ਫਿਰਕੂ ਤਾਕਤਾਂ ‘ਤੇ ਇਤਿਹਾਸ ਵਿਚ ਉਂਗਲ ਰਖਣ ਦੀ ਲੋੜ ਹੈ ਜਿਨ੍ਹਾਂ ਨੇ ਬਸਤੀਵਾਦੀ ਚਾਲਾਂ ਵਿਚ ਆ ਕੇ ਉਨ੍ਹਾਂ ਦੀ ਹੀ ਲਾਈ ਅੱਗ ਨਾਲ ਆਪਣਾ ਆਸ਼ਿਆਨਾ ਤਬਾਹ ਕਰ ਲਿਆ ਸੀ| ਜੇ ਅਸੀਂ ਬੀਤੇ ਕੱਲ੍ਹ ਦੇ ਇਤਿਹਾਸ ਤੋਂ ਅੱਜ ਸਬਕ ਨਹੀਂ ਸਿਖਾਂਗੇ ਤਾਂ ਨਿਸਚੇ ਹੀ ਕਈ ਹੋਰ ਵੰਡਾਂ ਦਾ ਰਾਹ ਪੱਧਰਾ ਕਰ ਰਹੇ ਹੋਵਾਂਗੇ|

Check Also

ਮਲਾਲਾ ਯੂਸਫਜੇਈ – ਸਭ ਤੋਂ ਛੋਟੀ ਉਮਰ ਦੀ ਨੋਬਲ ਇਨਾਮ ਜੇਤੂ

-ਅਵਤਾਰ ਸਿੰਘ ਸਕੂਲੀ ਕੁੜੀਆਂ ਨੂੰ ਸਿੱਖਿਆ ਲਈ ਮੁਹਿੰਮ ਚਲਾਉਣ ਵਾਲੀ ਮਲਾਲਾ ਯੂਸਫਜੇਈ ਸ਼ੋਸਲ ਵੈਬਸਾਇਟ ਟਵਿੱਟਰ …

Leave a Reply

Your email address will not be published. Required fields are marked *