67 ਸਾਲ ਬਾਅਦ ਭਾਰਤ ਪਹੁੰਚੀਆਂ ਸਨ ਢੀਂਗਰਾ ਦੀਆਂ ਅਸਥੀਆਂ

TeamGlobalPunjab
4 Min Read

-ਅਵਤਾਰ ਸਿੰਘ

ਦੇਸ਼ ਭਗਤ ਮਦਨ ਲਾਲ ਢੀਂਗਰਾ ਪਹਿਲੀ ਜੁਲਾਈ 1909 ਨੂੰ ਭਾਰਤੀ ਵਿਉਪਾਰੀਆਂ ਨੇ ਇੰਪੀਰੀਅਲ ਸਕੂਲ ਵਿੱਚ ਹੋ ਰਹੇ ਸਮਾਗਮ ਵਿੱਚ ਉਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ‘ਤੇ ਬੁਲਾਇਆ ਸੀ। ਸਮਾਰੋਹ ਦੇ ਖਤਮ ਹੋਣ ‘ਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਲੀ ਨੂੰ ਆਪਣੇ ਵੱਲ ਬੁਲਾਇਆ ਜਦ ਉਹ ਨੇੜੇ ਆਇਆ ਤਾਂ ਉਸ ਨੇ ਪਿਸਤੌਲ ਨਾਲ ਗੋਲੀਆਂ ਮਾਰ ਕੇ ਮਾਰ ਦਿੱਤਾ, ਉਸ ਸਮੇਂ ਡਾ. ਕਵਾਸ ਉਸ ਨੂੰ ਫੜਨ ਲੱਗਾ ਤਾਂ ਉਸ ਨੂੰ ਵੀ ਮਾਰ ਦਿੱਤਾ।

ਅਸਲ ਵਿਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸਰਾਏ ਲਾਰਡ ਕਰਜਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਤੇ ਸਰ ਕਰਜਨ ਵਾਇਲੀ ਤਿੰਨਾਂ ਨੂੰ ਇਕਠੇ ਮਾਰਨਾ ਚਾਹੁੰਦਾ ਸੀ ਪਰ ਸਮਾਗਮ ਵਿੱਚ ਕਿਸੇ ਕਾਰਨ ਸਿਰਫ ਸਰ ਕਰਜਨ ਵਾਇਲੀ ਪਹੁੰਚਿਆ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸਨੇ ਦੱਸਿਆ ਕੇ ਕਰਜ਼ਨ ਵਾਇਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਉਪਰ ਕਰੜੀ ਨਜ਼ਰ ਰੱਖਦਾ ਸੀ ਜਿਸ ਕਰਕੇ ਉਹ ਉਸ ਤੋਂ ਔਖੇ ਸਨ।

ਜੇਲ੍ਹ ਵਿੱਚ ਚੱਲੇ ਮੁਕਦਮੇ ਦੌਰਾਨ ਉਸਨੇ ਕੋਈ ਵਕੀਲ ਨਹੀਂ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਸਦਾ ਪਿਤਾ ਡਾ ਸਾਹਿਬ ਦਿੱਤਾ ਮੱਲ ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਸੀ ਜੋ ਵੱਡਾ ਵਪਾਰੀ ਤੇ ਅੰਗਰੇਜ਼ਾਂ ਦਾ ਪਿੱਠੂ ਸੀ।

- Advertisement -

ਜੀ ਟੀ ਰੋਡ ਮਾਡਲ ਟਾਉਨ ਦੇ ਸਾਹਮਣੇ ਛੇ ਕੋਠੀਆਂ ਤੇ ਕਟੜਾ ਸ਼ੇਰ ਸਿੰਘ ਅੰਮ੍ਰਿਤਸਰ ਵਿੱਚ 21 ਮਕਾਨ ਕਿਰਾਏ ‘ਤੇ ਦੇਣ ਲਈ ਬਣਾਏ ਹੋਏ ਸਨ। ਇਨ੍ਹਾਂ ਵਿੱਚੋਂ ਅੱਜ ਵੀ ਕਈ ਮੌਜੂਦ ਹਨ। ਉਨ੍ਹੀ ਦਿਨੀ ਡਾ ਸਾਹਿਬ ਇਕਲੇ ਵਿਅਕਤੀ ਸਨ ਜਿਨ੍ਹਾਂ ਕੋਲ ਕਾਰ ਸੀ। ਮਦਨ ਲਾਲ ਢੀਂਗਰਾ ਨੇ ਅਦਾਲਤ ਵਿੱਚ ਬਿਆਨ ਦਿੱਤਾ ਸੀ, “ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ ਤੇ ਮੈਂ ਆਪਣੇ ਦੇਸ਼ ਵਾਸੀਆਂ ‘ਤੇ ਹੋ ਰਹੇ ਜੁਲਮਾਂ ਦਾ ਬਦਲਾ ਲਿਆ ਹੈ। ਇਸ ਵਿੱਚ ਸਿਰਫ ਆਪਣੀ ਜ਼ਮੀਰ ਦੀ ਸਲਾਹ ਲਈ ਹੈ।”

17 ਅਗਸਤ 1909 ਨੂੰ “ਵੰਦੇ ਮਾਤਰਮ” ਤੇ “ਭਾਰਤ ਮਾਤਾ ਦੀ ਜੈ” ਦੇ ਨਾਹਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿਤ ਪਾ ਗਿਆ। ਮਦਨ ਲਾਲ ਢੀਂਗਰਾ ਦਾ ਜਨਮ 18-2-1883 (ਟ੍ਰਿਬਿਊਨ ਅਨੁਸਾਰ 1887) ਨੂੰ ਕਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ‘ਚ ਹੋਇਆ, ਉਹ ਅੱਠ ਭੈਣ ਭਰਾਵਾਂ ਵਿੱਚ ਸੱਤਵੇਂ ਨੰਬਰ ‘ਤੇ ਛੋਟੇ ਹੋਣ ਕਰਕੇ ਲਾਡਲੇ ਸਨ। ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਨਾਂ ਬੈਂਕ ਵਿੱਚ ਕਲਰਕ, ਮਿਲ ਮਜ਼ਦੂਰ, ਟਾਂਗਾ ਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ।

ਗੌਰਮਿੰਟ ਕਾਲਜ ਲਾਹੌਰ ਤੋਂ ਐਫ ਐਸ ਸੀ ਕਰਕੇ 1906 ਵਿੱਚ ਇੰਜੀਨੀਅਰਿੰਗ ਦੀ ਉੱਚ ਵਿੱਦਿਆ ਕਰਨ ਲਈ ਲੰਡਨ ਚਲਾ ਗਿਆ। ਯੂਨੀਵਰਿਸਟੀ ਵਿੱਚ ਪੜਦਿਆਂ ਉਸ ਦਾ ਸੰਪਰਕ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਨਾਲ ਹੋਇਆ। ਮਾਰਚ 1928 ਦੇ ‘ਕਿਰਤੀ’ ਰਸਾਲੇ ਵਿੱਚ ਸ਼ਹੀਦ ਭਗਤ ਸਿੰਘ ਨੇ ਢੀਂਗਰਾ ਬਾਰੇ ਲਿਖਿਆ ਹੈ, ‘ਇਕ ਰਾਤ ਮਦਨ ਲਾਲ ਢੀਂਗਰਾ ਨੇ ਇਕ ਵਾਰ ਵੀਰ ਸਾਵਰਕਰ ਨੂੰ ਕਿਹਾ ਮੈਂ ਦੇਸ਼ ਲਈ ਜਾਨ ਦੇ ਸਕਦਾ ਹਾਂ। ਉਨ੍ਹਾਂ ਦੀ ਹਿੰਮਤ ਦੀ ਪਰਖ ਵਾਸਤੇ ਸਾਵਰਕਰ ਨੇ ਉਸਨੂੰ ਮੇਜ਼ ‘ਤੇ ਹੱਥ ਰੱਖਣ ਲਈ ਕਿਹਾ। ਜਦ ਉਨ੍ਹਾਂ ਹੱਥ ਮੇਜ਼ ਉਤੇ ਰੱਖਿਆ ਤਾਂ ਸਾਵਰਕਰ ਨੇ ਤਿੱਖਾ ਸੂਆ ਮਾਰ ਕੇ ਅਗਲੇ ਪਾਰ ਕਰ ਦਿੱਤਾ ਪਰ ਉਨਾਂ ਉਫ ਨਾ ਕੀਤੀ। ਸਾਵਰਕਰ ਨੇ ਉਸੇ ਵੇਲੇ ਗਲਵਕੜੀ ਵਿੱਚ ਲੈ ਲਿਆ।’

ਦੇਸ਼ ਵਿੱਚ ਖੁਦੀ ਰਾਮ ਤੇ ਘਨਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਤ ਹੋਏ। 67 ਸਾਲ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਪਹੁੰਚੀਆਂ ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸਸਕਾਰ ਕੀਤਾ ਗਿਆ। ਇਸ ਸਥਾਨ ‘ਤੇ ਤਤਕਾਲੀ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਨੇ ਸਮਾਰਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ। ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਮਦਨ ਲਾਲ ਢੀਂਗਰਾ ਦੇ ਨਾਮ ਉਪਰ ਰੱਖਿਆ ਗਿਆ ਹੈ।

Share this Article
Leave a comment